ਸ਼ਹਿਰ ਦਾ ਪਿਛੋਕੜ 'ਤੇ ਅੱਜ ਦੀ ਸਥਿਤੀ ਅਤੇ ਲੋੜਾਂ
ਇਸ ਸ਼ਹਿਰ ਦਾ ਪਹਿਲਾਂ ਨਾਮ ਖਿਦਰਾਣਾ ਸੀ। ਇੱਥੇ ਇੱਕ ਵੱਡੀ ਢਾਬ ਮੀਂਹ ਦੇ ਪਾਣੀ ਦੇ ਜਮਾਂ ਹੋਣ ਦਾ ਸਰੋਤ ਸੀ। ਚਾਰੇ ਪਾਸੇ ਬਰਾਨ ਅਤੇ ਟਿੱਬੇ ਸਨ। ਦਸਵੇਂ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਦੇ ਯੁੱਧ ਤੋਂ ਬਾਅਦ ਮੁਗਲ ਫੌਜਾਂ ਨਾਲ ਫਿਰ ਯੁੱਧ ਲੜਣ ਲਈ ਤਿਆਰ ਸਨ ਅਤੇ ਯੁੱਧ ਲਈ ਢੁਕਵੇਂ ਸਥਾਨ ਦੀ ਭਾਲ ਵਿਚ ਚਮਕੌਰ ਸਾਹਿਬ ਤੋਂ ਚੱਲ ਕੇ ਮਾਛੀਵਾੜਾ -ਰਾਏਕੋਟ-ਦੀਨਾ ਕਾਂਗੜ-ਜੈਤੋ-ਕੋਟਕਪੂਰਾ ਹੁੰਦੇ ਇੱਥੇ ਪੁੱਜੇ ਜਿਵੇਂ ਇੱਕ ਸਿੱਖ ਸੇਵਕ ਕਪੂਰ ਸਿੰਘ ਬਰਾੜ ਨੇ ਇਸ ਜਗ੍ਹਾ ਤੇ ਪਾਣੀ ਦਾ ਪ੍ਰਬੰਧ ਹੋਣ ਕਰਕੇ ਤੇ ਜੰਗ ਲਈ ਉਚੀ ਟਿੱਬੀ ਦੀ ਰਾਏ ਦਿੱਤੀ ਸੀ। ਇਥੇ ਯੁੱਧ ਵਿਚ ਸ਼ਾਮਲ ਹੋਣ ਲਈ ਸੈਂਕੜੇ ਸਿੱਖ ਸ਼ਰਧਾਲੂ ਯੋਧੇ ਮਾਲਵਾ ਖੇਤਰ ਅਤੇ ਆਸ ਪਾਸ ਦੇ ਇਲਾਕੇ ਤੋਂ ਨਾਲ ਆਏ। ਜਿੰਨ੍ਹਾਂ ਵਿਚ ਭਾਈ ਦਾਨ ਸਿੰਘ ਬਰਾੜ ਦਾ ਜਿਕਰ ਆਉਂਦਾ ਹੈ।
ਗੁਰੂ ਸਾਹਿਬ ਇੱਕ ਤੰਬੂ ਲਗਾ ਕੇ ਠਹਿਰੇ ਜਿਥੇ ਹੁਣ ਪਰਿਕਰਮਾ ਵਿਚ ਤੰਬੂ ਸਾਹਿਬ ਗੁਰੂ ਘਰ ਹੈ। ਜੰਗ ਦਾ ਸਥਾਨ ਤੰਬੂ ਸਾਹਿਬ ਤੋਂ ਕੁਝ ਦੂਰ ਟਿੱਬੀ ਸਾਹਿਬ ਉਚੀ ਜਗ੍ਹਾ ਸੀ। ਇਹ ਜੰਗ ਵਿਚ ਗੁਰੂ ਸਾਹਿਬ ਨੇ ਆਪਣੀਆਂ ਸਾਰੀਆਂ ਪਹਿਲਾਂ ਜੰਗਾਂ ਵਾਂਗ ਜਿੱਤ ਹਾਸਲ ਕੀਤੀ। ਜੰਗ ਦੀ ਸਥਾਨ ਤੇ ਗੁਰੂ ਘਰ ਟਿੱਬੀ ਸਾਹਿਬ ਹੈ। ਇਸ ਦੇ ਸਾਹਮਣੇ ਹੀ ਗੁਰੂ ਘਰ ਰਕਾਬਗੰਜ ਸਾਹਿਬ ਹੈ, ਜਿਥੇ ਗੁਰੂ ਸਾਹਿਬ ਘੋੜ ਸਵਾਰੀ ਲਈ ਜਾਂਦੇ ਸੀ। ਇਹ ਜੰਗ ਅਪੈ੍ਰਲ 1705 ਵਿਚ ਲੜੀ ਗਈ।
ਇਸ ਜੰਗ ਵਿਚ ਉਹ ਚਾਲੀ ਸਿੰਘ ਜੋ ਸ੍ਰੀ ਅਨੰਦਪੁਰ ਸਾਹਿਬ ਦੇ ਜੰਗ ਸਮੇਂ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਘਰ ਨੂੰ ਚਲੇ ਗਏ ਸੀ, ਮਾਈ ਭਾਗੋ ਦੀ ਅਗਵਾਈ ਵਿਚ ਸ਼ਾਮਲ ਹੋ ਗਏ ਸਨ। ਜੰਗ ਦੀ ਫਤਹਿ ਤੋਂ ਬਾਅਦ ਜਦੋਂ ਗੁਰੂ ਸਾਹਿਬ ਸ਼ਹੀਦ ਸਿੰਘਾਂ ਦੇ ਸਸਕਾਰ ਲਈ ਖੁਦ ਸੇਵਾ ਵਿਚ ਸਨ ਅਤੇ ਜ਼ਖਮੀ ਜੀਵਤ ਭਾਈ ਮਹਾਂ ਸਿੰਘ ਨੂੰ ਗੁਰੂ ਸਾਹਿਬ ਨੇ ਸੰਭਾਲਣ ਲਈ ਗੋਦ ਵਿਚ ਲਿਆ ਤਾਂ ਉਸਨੇ ਬੇਨਤੀ ਕੀਤੀ ਗਰੂ ਸਾਹਿਬ ਸਾਡੇ ਵੱਲੋਂ ਲਿਖਿਆ ਬੇਦਾਵਾ ਪਾੜ ਦਿਓ ਤੇ ਸਾਡੀ ਗਲਤੀ ਦੀ ਖਿਮਾ ਕਰੋ। ਗੁਰੂ ਸਾਹਿਬ ਨੇ ਆਪਣੇ ਕਮਰਕੱਸੇ ਵਿਚੋਂ ਉਹ ਬੇਦਾਵੇ ਦੀ ਲਿਖਤ ਨੂੰ ਕੱਢ ਕੇ ਪਾੜ ਦਿੱਤਾ ਅਤੇ ਸਾਰੇ ਚਾਲੀ ਸਿੰਘਾਂ ਦੀ ਮੁਕਤੀ ਕੀਤੀ ਅਤੇ ਆਪਣੇ ਸਿੱਖਾਂ ਨਾਲ ਟੁੱਟੀ ਗੰਢੀ। ਇਸ ਤਰ੍ਹਾਂ ਇਸ਼ ਸ਼ਹਿਰ ਦਾ ਨਾਮ ਮੁਕਤੀਸਰ ਪੈ ਗਿਆ। ਜਿਸ ਨੂੰ ਮੁਕਤਸਰ ਲਿਖਿਆ ਜਾਂਦਾ ਰਿਹਾ। ਸਰ ਸ਼ਬਦ ਦਾ ਭਾਵ ਪਾਣੀ ਹੈ। ਇਸ ਸਥਾਨ ਤੇ ਮੁੱਖ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਹੈ। (ਟੁੱਟੀ ਗੰਢੀ ਗੰਢਣਹਾਰ ਗੋਪਾਲ)
ਇਸ ਉਪਰੰਤ ਗੁਰੂ ਸਾਹਿਬ ਨੇ ਸਾਰੇ ਸ਼ਹੀਦ ਸਿੰਘ ਦੇ ਸਸਕਾਰ ਆਪ ਕੀਤੇ। ਇਸ ਸਥਾਨ ਤੇ ਗੁਰੂ ਘਰ ਸ਼ਹੀਦ ਗੰਜ ਸਾਹਿਬ ਹੈ। ਜੰਗ ਉਪਰੰਤ ਗਰੂ ਸਾਹਿਬ ਦਾਤਣ ਕਰਦੇ ਇੱਕ ਦਿਨ ਟਹਿਲ ਰਹੇ ਸਨ (ਜਿਥੇ ਹੁਣ ਗੁਰਦੁਆਰਾ ਦਾਤਣਸਰ ਸਾਹਿਬ ਸਥਿਤ ਹੈ) ਤਾਂ ਭੇਸ ਬਦਲ ਕੇ ਨੂਰਦੀਨ ਨਾਮ ਦਾ ਇੱਕ ਮੁਸਲਮਾਨ ਆਇਆ ਜਿਸਨੇ ਗਰੂ ਸਾਹਿਬ ਤੇ ਪਿਛਲੇ ਪਾਸੇ ਤੋਂ ਹਮਲਾ ਕੀਤਾ ਪ੍ਰੰਤੂ ਗੁਰੂ ਸਾਹਿਬ ਦੇ ਪਹਿਲੇ ਵਾਰ ਨਾਲ ਹੀ ਮੌਤ ਦੇ ਮੂੰਹ ਵਿਚ ਚਲਾ ਗਿਆ। ਜਿਥੇ ਹੁਣ ਇੱਕ ਥੜਾ ਹੈ ਜਿਸ ਦੀ ਹਰ ਸਿੱਖ ਹਰ ਸਾਲ ਮਾਘੀ ਮੇਲੇ ਤੇ ਕੁੱਟਮਾਰ ਕਰਕੇ ਗੁਰੂ ਸਾਹਿਬ ਦੀ ਬਹਾਦਰੀ ਨੂੰ ਨਮਸਕਾਰ ਕਰਦਾ ਹੈ।
ਉਪਰੋਕਤ ਲਿਖਤ ਵਿਚ ਦਰਜ਼ ਛੇ ਗੁਰੂ ਘਰ ਇਤਿਹਾਸਕ ਹਨ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀ ਸੇਵਾ ਵਿਚ ਧਰਮ ਪ੍ਰਚਾਰ ਕਰਦੇ ਹਨ। ਇੱਕ ਹੋਰ ਗੁਰੂ ਘਰ ਬਠਿੰਡਾ ਰੋਡ ਤੇ ਗੁਰਦੁਆਰਾ ਤਰਨਤਾਰਨ ਬਾਅਦ ਵਿਚ ਸੰਗਤਾਂ ਦੀ ਸੇਵਾ ਨਾਲ ਤਿਆਰ ਹੋ ਕੇ ਹੁਣ ਸ੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਪ੍ਰਬੰਧ ਵਿਚ ਹੈ।
ਗੁਰਦੁਆਰਾ ਸਾਹਿਬ ਦੀ ਸੇਵਾ
ਸ਼ੁਰੂ ਵਿਚ ਇਲਾਕੇ ਅਤੇ ਦੂਰ ਤੋਂ ਸਿਰੜੀ ਸਿੰਘ 40 ਮੁਕਤਿਆਂ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਸੂਬੇਦਾਰ ਤੋਂ ਲੁਕ ਛਿਪ ਕੇ ਆਉਂਦੇ ਤੇ ਆਪਣੇ ਧਰਮ ਤੇ ਪੂਰੇ ਉਤਰਦੇ। ਜੋ ਹੌਲੀ ਹੌਲੀ ਇੱਥੇ ਅਬਾਦ ਹੋਏ। ਗੁਰਦੁਆਰਾ ਸਾਹਿਬ ਦੇ ਨੇੜੇ ਅਬਾਦ 12 ਪੱਤੀਆਂ ਜੱਟ ਸਿੱਖਾਂ ਦੀਆਂ ਵੱਸਦੀਆਂ ਹਨ। ਜਿੰਨ੍ਹਾਂ ਦੇ ਪੁਰਖਿਆਂ ਨੇ ਕਠਿਨ ਕਠਿਨਾਈ ਝੱਲ ਕੇ ਸਿਰਾਂ ਤੇ ਸਮਾਨ ਢੋਅ ਕੇ ਹੱਥੀ ਚੂਨਾ ਪੀਸ ਕੇ ਇਸ ਗੁਰੂ ਘਰ ਦੀ ਉਸਾਰੀ ਦੀ ਸੇਵਾ ਨਿਭਾਈ।
ਉਸ ਸਮੇਂ ਦੇ ਸਿੱਖ ਰਾਜਿਆਂ ਨੇ ਗੁਰਦੁਆਰਾ ਸਾਹਿਬ ਅਤੇ ਪਰਿਕਰਮਾ ਦੀ ਉਸਾਰੀ ਵਿਚ ਆਪਣਾ ਕਾਫ਼ੀ ਯੋਗਦਾਨ ਪਾ ਕੇ ਸੇਵਾ ਕੀਤੀ ਹੈ। ਅੱਜ ਮੌਜੂਦਾ ਨਿਸ਼ਾਨ ਸਾਹਿਬ ਮਹਾਰਾਜਾ ਨਾਭਾ ਵੱਲੋਂ ਭੇਂਟ ਕੀਤਾ ਗਿਆ ਝੂਲ ਰਿਹਾ ਹੈ। ਇਹ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਇਤਿਹਾਸਕ ਵਣ ਦੇ ਦਰੱਖਤ ਦੇ ਨੇੜੇ ਹੈ। ਕਿੰਗਡਮ ਆਫ਼ ਲਾਹੌਰ ਦੇ ਸਿੱਖ ਰਾਜੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਵੀ ਬਹੁਤ ਸੇਵਾ ਆਈ ਸੀ। ਸਿੱਖ ਜਰਨੈਲ ਦੀ ਸੇਵਾ ਤੇ ਸ਼ਰਧਾਂ ਲਾ ਮਿਸਾਲ ਰਹੀ ਹੈ। ਸਮੇਂ ਸਮੇਂ ਰਵਾਇਤ ਅਨੁਸਾਰ ਗੁਰੂ ਘਰਾਂ ਦੀ ਸਾਂਭ ਸੰਭਾਲ ਲਈ ਕਾਰ ਸੇਵਾ , ਸੰਤਾਂ ਅਤੇ ਮਹਾਂਪੁਰਸ਼ਾਂ ਵੱਲੋਂ ਕੀਤੀਆਂ ਜਾਂਦੀਆਂ ਰਹੀਆਂ ਹਨ। ਜਿੰਨ੍ਹਾਂ ਨੂੰ ਸ਼ਹਿਰ ਵਾਸੀਆਂ ਵੱਲੋਂ ਗੁਰੂ ਘਰ ਲਈ ਲੋੜੀਂਦੀ ਜਗ੍ਹਾ ਵੀ ਦਿੱਤੀ ਜਾਂਦੀ ਰਹੀ ਹੈ। ਕਾਰ ਸੇਵਾ ਸੰਤ ਬਾਬਾ ਨਾਹਰ ਸਿੰਘ, ਬਾਬਾ ਗੁਰਮੁੱਖ ਸਿੰਘ ਵੱਲੋਂ ਕੀਤੀਆਂ ਗਈਆਂ। ਮੌਜੂਦਾ ਕਾਰ ਸੇਵਾ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਹੈ। ਸਾਰੇ ਗੁਰੂ ਘਰਾਂ ਦੀ ਨਵ ਉਸਾਰੀ, ਪਰਿਕਰਮਾ ਵਿਚ ਵਾਧਾ ਤੇ ਬਰਾਂਡਿਆਂ ਦੀ ਉਸਾਰੀ ਕਰਕੇ ਨਵੀਂ ਦਿੱਖ ਦੀ ਝਲਕ ਮਿਲਦੀ ਹੈ।
ਕਾਰ ਸੇਵਾ ਵੱਲੋਂ ਭਾਈ ਮਹਾਂ ਸਿੰਘ ਦੀਵਾਨ ਹਾਲ ਉਸਾਰਿਆ ਗਿਆ ਜੋ ਇਲਾਕੇ ਲਈ ਕਾਫ਼ੀ ਸਾਲਾਂ ਤੋਂ ਵਰਦਾਨ ਹੈ। ਇਸ ਸਾਲ ਦੀ ਇੱਕ ਨਵੀਂ ਵਿਸ਼ਾਲ ਸਰਾਂ ਦੀ ਉਸਾਰੀ ਹੋਈ ਹੈ ਜੋ ਕਿ ਆਧੁਨਿਕ ਸਹੂਲਤਾਂ ਵਾਲੀ ਥਾਂ ਹੈ। ਇਸ ਸਰਾਂ ਲਈ ਲੋੜੀਂਦੀ ਸਕੂਲ ਦੀ ਜਗ੍ਹਾ ਪ੍ਰਾਪਤ ਕਰਨ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਨੇ ਆਪਣੀ ਕਾਫ਼ੀ ਜਗ੍ਹਾ ਤਬਾਦਲੇ ਵਿਚ ਸਕੂਲ ਲਈ ਬਠਿੰਡਾ ਰੋਡ ਤੇ ਦਿੱਤੀ ਜਿਥੇ ਕਾਰ ਸੇਵਾ ਵੱਲੋਂ ਇੱਕ ਅਤਿ ਵਿਸ਼ਾਲ ਸੁੰਦਰ ਇਮਾਰਤ ਤਿਆਰ ਕਰਕੇ ਸਰਕਾਰੀ ਗਰਲਜ਼ ਸਕੁਲ ਨੂੰ ਸੇਵਾ ਵਿਚ ਦਿੱਤੀ ਅਤੇ ਸਕੂਲ ਚੱਲ ਰਿਹਾ ਹੈ। ਸਾਰੇ ਗੁਰੂ ਘਰਾਂ ਤੇ ਕਾਰ ਸੇਵਾ ਸਥਾਨ ਤੇ ਹਰ ਵਕਤ ਲੰਗਰ ਚੱਲਦੇ ਹਨ ਸਿੱਖ ਸੰਗਤ ਵੱਖ ਵੱਖ ਇਕਾੲਂੀਆਂ ਵਿਚ ਪਰਿਕਰਮਾ ਦੀ ਸੇਵਾ, ਪ੍ਰਭਾਤ ਫੇਰੀਆਂ, ਨਗਰ ਕੀਰਤਨ ਵਿਚ ਵਧ ਚੜ ਕੇ ਜਸ ਗਾਉਂਦੀ ਹੈ ਅਤੇ ਸੇਵਾ ਵਿਚ ਲੀਨ ਰਹਿੰਦੀ ਹੈ।
ਇਥੇ ਨਿਹੰਗ ਸਿੰਘਾਂ ਦੀ ਛਾਉਣੀ ਅਤੇ ਗੁਰੂ ਘਰ ਮੌਜੂਦ ਹਨ। ਸ਼ਹਿਰ ਵਿਚ ਹੋਰ ਵੀ ਗੁਰੂ ਘਰ ਹਨ।
ਮਾਘੀ ਮੇਲਾ
ਹਰ ਸਾਲ 1 ਮਾਘ (14 ਜਨਵਰੀ) ਨੂੰ ਇੱਥੇ 40 ਮੁਕਤਿਆਂ ਦੀ ਯਾਦ ਵਿਚ ਭਾਰੀ ਜੋੜ ਮੇਲਾ ਮਨਾਉਣ ਲਈ ਲੱਗਭਗ 5 ਲੱਖ ਸ਼ਰਧਾਲੂ ਆਉਂਦੇ ਹਨ। ਭਾਂਵੇ ਕਿ ਇਹ ਸ਼ਹੀਦੀ ਦਿਹਾੜੇ ਅਪ੍ਰੈਲ ਦੇ ਸਨ ਪ੍ਰੰਤੂ ਹਾਲਾਤ ਅਨੁਸਾਰ ਇਹ ਦਿਹਾੜੇ 14 ਜਨਵਰੀ ਨੂੰ ਮਨਾਉਣ ਦੀ ਪੁਰਾਣੀ ਰਵਾਇਤ ਚੱਲੀ ਆ ਰਹੀ ਹੈ।
ਹੋਲਾ ਮੁਹੱਲਾ
15 ਜਨਵਰੀ ਨੂੰ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਟਿੱਬੀ ਸਾਹਿਬ ਤੱਕ ਪੂਰੇ ਜਾਹੋ ਜਲਾਲ ਨਾਲ ਜਾਂਦੇ ਹਨ, ਜੋ ਮੁਗਲ ਰਾਜ ਤੇ ਜਿੱਤ ਦਾ ਪ੍ਰਤੀਕ ਹੁੰਦਾ ਹੈ। ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤ ਹੁੰਦੀ ਹੈ। ਇਹ ਹੋਲਾ ਮੁਹੱਲਾ ਨਿਹੰਗਾ ਵੱਲੋਂ ਕੱਢਿਆ ਜਾਂਦਾ ਹੈ ਅਤੇ ਰਸਤੇ ਵਿਚ ਥਾਂ ਥਾਂ ਤੇ ਖਾਲਸਮਈ ਜੌਹਰ ਵਿਖਾਏ ਜਾਂਦੇ ਹਨ।
ਸਰਕਾਰਾਂ ਵੱਲੋਂ ਯੋਗਦਾਨ
1973 ਵਿਚ ਗਿਆਨੀ ਜੈਲ ਸਿੰਘ ਦੀ ਪੰਜਾਬ ਸਰਕਾਰ ਵੱਲੋਂ ਗੁਰੂ ਗੋਬਿੰਦ ਸਿੰਘ ਮਾਰਗ ਮੁਕੰਮਲ ਕਰਨ ਨਾਲ ਇਹ ਸ਼ਹਿਰ ਇਸ ਮਾਰਗ ਤੇ ਇੱਕ ਮੁੱਖ ਸਥਾਨ ਵਜੋਂ ਉਭਰਿਆ ਹੈ। ਇੱਕ ਥੜਾ ਉਸਾਰ ਕੇ ਦਸਮੇਸ਼ ਲਾਟ ਉਸਾਰੀ ਗਈ ਹੈ। ਜੋ ਕਿ ਰੈਡ ਕਰਾਸ ਭਵਨ ਦੇ ਗੇਟ ਕੋਲ ਹੈ ਅਤੇ ਨਵੀਂ ਦਿੱਖ ਦੀ ਲੋੜ ਹੈ। ਇਸ ਸ਼ਹਿਰ ਨੂੰ ਸ ਹਰਚਰਨ ਸਿੰਘ ਬਰਾੜ ਪੰਜਾਬ ਸਰਕਾਰ ਵੱਲੋਂ 7 ਨਵੰਬਰ 1995 ਗੁਰਪੁਰਬ ਤੇ ਜ਼ਿਲਾ ਬਣਾਇਆ ਗਿਆ। ਅਪ੍ਰੈਲ 2005 ਵਿਚ ਖਿਦਰਾਣੇ ਦੀ ਜੰਗ ਦਾ 300 ਸਾਲਾ ਦਿਨ ਮਨਾਉਣ ਦੀ ਸੇਵਾ ਕੈਪਟਨ ਅਮਰਿੰਦਰ ਸਿੰਘ ਪੰਜਾਬ ਸਰਕਾਰ ਦੇ ਹਿੱਸੇ ਆਈ। ਉਸ ਸਮੇਂ ਇਹ ਦਿਨ ਅਪ੍ਰੈਲ 2005 ਵਿਚ ਪੂਰੇ ਮੇਲੇ ਦਾ ਆਯੋਜਨ ਕਰਕੇ ਮਨਾਇਆ ਗਿਆ। 40 ਸ਼ਹੀਦਾਂ ਦੀ ਯਾਦ ਨੂੰ ਸਿਜਦਾ ਕਰਨ ਲਈ ਇੱਕ ਪਾਰਕ (ਡੀਸੀ ਦਫ਼ਤਰ ਦੇ ਨਾਲ) ਤਿਆਰ ਕਰਵਾ ਕੇ ਇੱਕ ਸਟੀਲ ਦਾ ਖੰਡਾ ਜਿਸ ਉਪਰ 40 ਚੱਕਰਹਨ ਲਗਵਾਇਆ ਗਿਆ। ਇਸਦੇ ਨਾਲ ਹੀ ਸ਼ਰਧਾ ਸਹਿਤ ਸ਼ਹਿਰ ਦੇ ਵਿਚਕਾਰ ਮਾਈ ਭਾਗੋ ਪਾਰਕ ਦੀ ਉਸਾਰੀ ਹੋਈ। ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਦੀ ਰਚਨਾ ਹੋਈ ਹੈ। ਜਿਥੇ ਲੰਬੇ ਸਮੇਂ ਤੋਂ ਖੇਡ ਉਦਮੀ ਬਾਬਾ ਦਾਨਸਿੰਘ ਫੁੱਟਬਾਲ ਟੂਰਨਾਮੈਂਟ ਕਰਵਾਉਂਦੇ ਹਨ। ਸਿੱਖ ਯੋਧਿਆਂ ਅਤੇ ਮਹਾਨ ਸ਼ਰਧਾਲੂਆਂ ਦ ਨਾਵਾਂ ਤੇ ਹਰ ਸੜਕ ਤੇ ਗੇਟ ਉਸਾਰੇ ਗਏ ਹਨ। ਸ਼ਹਿਰ ਦਾ ਨਾਮ ਮੁਕਤਸਰ ਤੋਂ ਸਤਿਕਾਰ ਸਮੇਤ ਸ੍ਰੀ ਮੁਕਤਸਰ ਸਾਹਿਬ ਕੀਤਾ ਗਿਆ। 2020 ਵਿਚ ਸਰੋਵਰ ਲਈ ਨਹਿਰ ਤੋਂ ਸਿੱਧੀ ਪਾਣੀ ਦੀ ਪਾਈਪ ਦੀ ਸੇਵਾ ਵੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਸਰਕਾਰ ਵੱਲੋਂ ਕੀਤੀ ਗਈ। ਸਮੇਂ ਸਮੇਂ ਦੀ ਹਰ ਸਰਕਾਰ ਨੇ ਗੁਰੂ ਘਰ ਲਈ ਸੇਵਾ ਦਾ ਉਪਰਾਲਾ ਕੀਤਾ ਹੈ।
ਸੰਗਤ ਦੀ ਸੇਵਾ
ਸਮੁੱਚਾ ਇਲਾਕਾ ਹਰ ਸੜਕ ਤੇ ਦੂਰ ਤੱਕ ਲੰਗਰਾਂ ਦੀ ਸੇਵਾ ਕਰਦਾ ਹੈ। ਸ਼ਹਿਰ ਵਿਚ ਸ਼ਹਿਰ ਵਾਸੀਆਂ ਵੱਲੋਂ ਹਰ ਤਰ੍ਹਾਂ ਦੇ ਪਕਵਾਨ ਪਰੋਸ ਕੇ ਸ਼ਰਧਾਲੂਆਂ ਦੀ ਥਾਂ ਥਾਂ ਸੇਵਾ ਕੀਤੀ ਜਾਂਦੀ ਹੈ। ਲੰਗਰਾਂ ਦੀ ਸੇਵਾ ਬਾਬੇ ਨਾਨਕ ਦੀ ਲੰਗਰ ਪ੍ਰਥਾ ਦੀ ਪਾਈ ਪੱਕੀ ਲੀਹ ਨੂੰ ਹੋਰ ਮਜਬੂਤ ਕਰਦੀ ਹੈ। ਪੰਜ ਲੱਖ ਸ਼ਰਧਾਲੂਆਂ ਲਈ ਗੁਰੂ ਘਰਾਂ ਦੇ ਬੇਮਸਾਲ ਪ੍ਰਬੰਧ ਸੰਗਤਾਂ ਦੇ ਸਹਿਯੋਗ ਅਤੇ ਸ਼ਰਧਾ ਵਜੋਂ ਲਗਾਏ ਲੰਗਰ ਦੀ ਸੇਵਾ ਕਰਦੇ ਹਨ। ਸ਼ਹਿਰ ਵਿਚ ਹਰ ਮੱਸਿਆ ਅਤੇ ਗੁਰਪੁਰਬ ਤੇ ਲੰਗਰ ਦੀ ਸੇਵਾ ਦੀ ਪੱਕੀ ਪ੍ਰਥਾ ਹੈ।
ਇਹ ਸ਼ਹਿਰ ਦੀਆਂ ਮੁੱਖ ਲੋੜਾਂ ਹਨ-
1 ਟੈ੍ਰਫਿਕ ਦੀ ਸਮੱਸਿਆ ਸਭ ਤੋਂ ਵੱਡੀ ਹੈ ਜਿਵੇਂ ਕਿ ਸੜਕਾਂ ਭੀੜੀਆਂ ਹਨ ਇਸਦੇ ਵਨਵੇ ਕੀਤੇ ਜਾਣ ਦੀ ਮੰਗ ਹੈ।
2 ਸੀਵਰੇਜ ਕਦੇ ਵੀ ਪੂਰੀ ਸਮਰੱਥਾ ਨਾਲ ਨਹੀਂ ਚੱਲਿਆ। ਟਰੀਟਮੈਂਟ ਪਲਾਟ ਬੰਦ ਹਨ । ਵਾਟਰ ਸਪਲਾਈ ਪੂਰੇ ਸਮੇਂ ਲਈ ਪੂਰੀ ਨਹੀਂ ਹੈ।
3 ਸ਼ਹਿਰ ਦੀ ਸਫ਼ਾਈ ਦੀ ਹਾਲਤ ਕਾਫ਼ੀ ਸੁਧਾਰਨ ਦੀ ਲੋੜ ਹੈ। ਕੂੜੇ ਦੇ ਢੇਰ ਤਾਂ ਕਮੇਟੀ ਦੇ ਸਾਹਮਣੇ ਲੱਗਦੇ ਹਨ। ਨਵੇਂ ਰੇਲਵੇ ਪੁਲ ਕੋਲ ਵੀ ਢੇਰ ਪਏ ਰਹਿੰਦੇ ਹਨ।
4. ਲੋਕਲ ਬੱਸ ਸਰਵਿਸ ਸਮੇਂ ਦੀ ਮੁੱਖ ਲੋੜ ਹੈ। ਸ਼ਹਿਰ ਦਾ ਘੇਰਾ 5 ਕਿਲੋਮੀਟਰ ਤੱਕ ਦੋਵੇੇਂ ਪਾਸੇ ਹੈ।
5. ਕਿਸੇ ਵੀ ਸਰਕਾਰੀ ਸਕੂਲ ਕੋਲ ਖੇਡ ਮੈਦਾਨ ਨਹੀਂ ਹੈ। ਨਗਰ ਕੌਂਸਲ ਦਾ ਵੀ ਕੋਈ ਖੇਡ ਮੈਦਾਨ ਨਹੀਂ ਹੈ। ਪੁਰਾਣੀ ਜੇਲ ਦੀ ਥਾਂ ਢੁਕਵੀਂ ਹੈ।
6. ਕੋਈ ਵੀ ਜਨਤਕ ਲਾਇਬ੍ਰੇਰੀ ਨਹੀਂ ਹੈ ਨਾ ਹੀ ਮੇਲਾ ਗਰਾਉਂਡ ਹੈ। ਫਾਟਕ ਤੋਂ ਪਾਰ ਕੋਈ ਪਾਰਕ ਵੀ ਨਹੀਂ ਹੈ। ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।
7. ਮਿੰਨੀ ਸੈਕਟਰੀਏਟ ਵਿਚ ਦਫਤਰਾਂ ਦੀ ਘਾਟ ਹੈ। ਬਹੁਤ ਦਫ਼ਤਰ ਬਾਹਰ ਚੱਲਦੇ ਹਨ, ਲਿਫ਼ਟ ਦੀ ਵੀ ਘਾਟ ਹੈ। ਸਰਕਾਰੀ ਕਰਮਚਾਰੀਆਂ ਲਈ ਕੋਈ ਰਿਹਾਇਸ਼ੀ ਕਲੋਨੀ ਨਹੀਂਹੈ।ਸ਼ਹਿਰੀ ਸੜਕਾਂ ਦੀ ਹਾਲਤ ਕਾਫ਼ੀ ਧਿਆਨ ਮੰਗਦੀ ਹੈ।
8. ਦਾਣਾ ਮੰਡੀ ਦਾ ਨਵੀਨੀਕਰਨ ਲੋੜੀਂਦੀ ਹੈ। ਸਬਜੀ ਮੰਡੀ ਨੂੰ ਖੁੱਲੀ ਥਾਂ ਲਿਜਾਣਾ ਚਾਹੀਦਾ ਹੈ। ਮਾਰਕਿਟ ਕਮੇਟੀ ਦਾ ਆਪਣਾ ਦਫ਼ਤਰ ਨਹੀਂ ਹੈ।
9. ਕਿਸਾਨ ਅਰਾਮ ਘਰ ਕਿਸਾਨਾਂ ਕੋਲ ਨਹੀਂ ਹੈ। ਇਸ ਵਿਚ ਮੰਡੀ ਬੋਰਡ, ਉਦਯੋਗ ਵਿਭਾਗ ਤੇ ਮਾਰਕਿਟ ਕਮੇਟੀ ਦੇ ਦਫ਼ਤਰ ਚੱਲਦੇ ਹਨ। ਕਿਸਾਨਘਰ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਮਿਲਣਾ ਚਾਹੀਦਾ ਹੈ।
10. ਪਸ਼ੂ ਮੰਡੀ ਲਈ ਪੱਕੀ ਥਾਂ ਤੇ ਪ੍ਰਬੰਧ ਕਰਨ ਦੀ ਲੋੜ ਹੈ। ਉਤਰੀ ਭਾਰਤ ਤੱਕ ਪ੍ਰਸਿੱਧ ਘੋੜਾ ਮੰਡੀ ਨੂੰ ਹਰ ਸਹੂਲਤ ਮਿਲਣੀ ਚਾਹੀਦੀ ਹੈ।
11.ਬੱਸ ਸਟੈਂਡ ਦੇ ਸਾਹਮਣੇ ਪਾਣੀ ਦਾ ਹੋਣਾ ਬਹੁਤ ਹੀ ਬੁਰਾ ਹੈ। ਹੱਲ ਨਿਕਲਣਾ ਚਾਹੀਦਾ ਹੈ।
12. ਰੇਲਵੇ ਓਵਰ ਬ੍ਰਿਜ ਦੇ ਹੇਠਾਂ ਫਰਸ਼ ਅਧੂਰੀ ਹੈ। ਬੂੜਾ ਗੁੱਜਰ ਰੋਡ ਦਾ ਫਾਟਕ ਬੰਦ ਰਹਿਣ ਕਾਰਨ ਸਕੂਲੀ ਵਿਦਿਆਰਥੀ ਤੇ ਲੋਕਾਂ ਦੀ ਪ੍ਰੇਸ਼ਾਨੀ ਦੂਰ ਕਰਨ ਲਈ ਅੰਡਰ ਬ੍ਰਿਜ ਦੀ ਉਸਾਰੀ ਕੀਤੀ ਜਾਵੇ।
13. ਰੇਲਵੇ ਦੇ ਬਿਜਲੀਕਰਨ ਤੇ ਨਵੇਂ ਸਟੇਸ਼ਨ ਦਾ ਸੁੱਖ ਪੂਰਾ ਮਿਲਣਯੋਗ ਫਿਰ ਹੀ ਹੋ ਸਕੇਗਾ ਜੇਕਰ ਲੰਬੀ ਦੂਰੀ ਦੀਆਂ ਨਵੀਂਆਂ ਗੱਡੀਆਂ ਚੱਲਣੀਆਂ। ਮਾਲ ਗੋਦਾਮ ਵੀ ਅਨਾਜ ਮੰਡੀ ਵੱਲ ਜਾਣ ਦੀ ਸਕੀਮ ਮਨਜ਼ੂਰ ਹੋਵੇ।
14. ਸ਼ਹਿਰ ਵਿਚ ਸਰਕਾਰ ਦੇ ਅਰਾਮ ਘਰਾਂ ਦੀ ਲੋੜ ਅਤਿ ਜ਼ਰੂਰੀ ਹੈ। ਰੈਡ ਕਰਾਸ ਨੂੰ ਧਰਮਸ਼ਾਲਾ ਤੇ ਯੂਥ ਹੋਸਟਲ ਉਸਾਰਨੇ ਚਾਹੀਦੇ ਹਨ।
15. ਸੜਕਾਂ ਤੇ ਵਿਚਕਾਰ ਤੱਕ ਖੜੇ ਖੰਭੇ ਦੁਰਘਟਨਾਵਾਂ ਦੇ ਕਾਰਨ ਬਣਦੇ ਹਨ। ਹਟਾਏ ਜਾਣ ਦੀ ਲੋੜ ਹੈ।
16. ਸ਼ਹਿਰ ਦੀਆਂ ਪੁਰਾਣੀਆਂ ਸਰਾਵਾਂ ਮੇਘਰਾਜ ਭਵਨ ਤੇ ਟਿੱਬੀ ਸਾਹਿਬ ਰੋਡ ਤੇ ਸਥਿਤ ਨੱਥੂ ਰਾਮ ਭਵਨ ਨਵੀਂ ਉਸਾਰੀ ਦੀ ਉਡੀਕ ਵਿਚ ਹੈ।
17. ਆਟੋ ਰਿਕਸ਼ਾ ਤੇ ਨਿਯਮ ਬਣਾਏ ਜਾਣ ਤੇ ਰੂਟ ਅਤੇ ਅੱਡੇ ਨਿਸ਼ਚਿਤ ਕੀਤੇ ਜਾਣ।
18. ਸ਼ਹਿਰ ਦੀ ਦਿੱਖ ਨੂੰ ਇਤਿਹਾਸਕ ਪੱਖ ਤੋਂ ਲੋੜੀਂਦੀਆਂ ਕਲਾ ਕਿਰਤਾਂ ਡਿਸਪਲੇਅ ਕਰਕੇ ਨਿਖਾਰਣ ਦੀ ਲੋੜ ਹੈ।
ਸ਼ਾਮ ਲਾਲ ਗੋਇਲ
ਸਮਾਜ ਸੇਵੀ ਅਤੇ ਜ਼ਿਲਾ ਪ੍ਰਧਾਨ
ਨੈਸ਼ਨਲ ਕੰਜਿਊਮਰ ਅਵੇਰਨੈਸ ਗਰੁੱਪ
ਸ੍ਰੀ ਮੁਕਤਸਰ ਸਾਹਿਬ
98141-62726
----------------------------
ਜਸਵੰਤ ਸਿੰਘ ਬਰਾੜ
ਸੇਵਾ ਮੁਕਤ ਪ੍ਰਿੰਸੀਪਲ
98884-00725