-ਮਾਘੀ ਦੇ ਮੇਲੇ 'ਤੇ ਹੋਣ ਵਾਲੀਆਂ ਕਾਨਫਰੰਸਾਂ ਵਿੱਚ ਰਿਕਾਰਡ ਤੋੜ ਇਕੱਠ ਹੋਵੇਗਾ
- ਆਉਣ ਵਾਲੀ ਸਰਕਾਰ ਅਕਾਲੀ ਦਲ ਦੀ ਹੋਵੇਗੀ - ਹਰਗੋਬਿੰਦ ਕੌਰ
ਫਾਜ਼ਿਲਕਾ , 9 ਜਨਵਰੀ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਅਤੇ ਇਸਤਰੀ ਅਕਾਲੀ ਦਲ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੇ ਮੇਲੇ ਦੌਰਾਨ ਕੀਤੀਆਂ ਜਾਣ ਵਾਲੀਆਂ ਸਿਆਸੀ ਕਾਨਫਰੰਸਾਂ ਵਿੱਚ ਰਿਕਾਰਡ ਤੋੜ ਇਕੱਠ ਹੋਵੇਗਾ ਤੇ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ ।
ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਰਾਜਪੂਤ ਧਰਮਸ਼ਾਲਾ ਫਾਜਿਲਕਾ ਵਿਖੇ ਹਲਕਾ ਫਾਜ਼ਿਲਕਾ ਅਤੇ ਬੱਲੂਆਣਾ ਦੇ ਅਕਾਲੀ ਆਗੂਆਂ ਅਤੇ ਇਸਤਰੀ ਵਿੰਗ ਦੀਆਂ ਆਗੂਆਂ ਨਾਲ ਮੀਟਿੰਗ ਕਰਨ ਸਮੇਂ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਕੀਤਾ । ਉਹ ਇਥੇ ਮਾਘੀ ਮੇਲੇ ਦੌਰਾਨ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣ ਵਾਲੀਆਂ ਕਾਨਫਰੰਸਾਂ ਵਿੱਚ ਪੁੱਜਣ ਲਈ ਅਕਾਲੀ ਵਰਕਰਾਂ , ਆਗੂਆਂ ਅਤੇ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਨੂੰ ਅਪੀਲ ਕਰਨ ਲਈ ਆਏ ਸਨ ।
ਇਸ ਮੌਕੇ ਉਹਨਾਂ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਲ 2022 ਦੀਆਂ ਚੋਣਾਂ ਦੌਰਾਨ ਪੰਜਾਬ ਦੇ ਲੋਕ ਭਰਮ ਭੁਲੇਖਿਆਂ ਵਿੱਚ ਆ ਕੇ ਲੁੱਟੇ ਗਏ ਸਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਬੈਠੇ । ਪਰ ਹੁਣ ਪਛਤਾ ਰਹੇ ਹਨ । ਉਹਨਾਂ ਕਿਹਾ ਕਿ ਨਾ ਆਮ ਆਦਮੀ ਪਾਰਟੀ ਨੇ ਪੰਜਾਬ ਲਈ ਕੁਝ ਕੀਤਾ ਤੇ ਨਾ ਹੀ ਕਾਂਗਰਸ ਨੇ । ਪੰਜਾਬ ਵਿੱਚ ਜੋ ਵਿਕਾਸ ਕਾਰਜ ਹੋਏ ਜਾ ਲੋਕ ਭਲਾਈ ਸਕੀਮਾਂ ਚਲਾਈਆਂ ਗਈਆਂ ਉਹ ਸਭ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਭਾਗ ਸਮੇਂ ਚਲਾਈਆਂ ਗਈਆਂ ਸਨ ।
ਇਸ ਮੀਟਿੰਗ ਨੂੰ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ , ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜਗਸੀਰ ਸਿੰਘ ਬੱਬੂ ਜੈਮਲ ਵਾਲਾ , ਹਲਕਾ ਇੰਚਾਰਜ ਸੰਪੂਰਨ ਸਿੰਘ , ਕੌਰ ਸਿੰਘ ਬਹਾਵ ਵਾਲਾ , ਇਸਤਰੀ ਆਗੂ ਕਰਮਦੀਪ ਕੌਰ , ਸੰਤੋਸ਼ ਰਾਣੀ ਆਦਿ ਨੇ ਸੰਬੋਧਨ ਕੀਤਾ ।