-ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਦਾਸਤਾਨ - ਨਹੀਂ ਮਿਲ ਰਹੀਆਂ ਤਨਖਾਹਾਂ
-ਸਮਾਜ ਭਲਾਈ ਬੋਰਡ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ 8 ਮਹੀਨਿਆਂ ਤੋਂ ਉਡੀਕ ਰਹੀਆਂ ਹਨ ਤਨਖਾਹਾਂ
ਚੰਡੀਗੜ੍ਹ/ਸ੍ਰੀ ਮੁਕਤਸਰ ਸਾਹਿਬ , 30 ਅਪ੍ਰੈਲ (ਸੁਖਪਾਲ ਸਿੰਘ ਢਿੱਲੋਂ)- ਪੰਜਾਬ ਸਰਕਾਰ ਦੇ ਰੰਗ ਵੀ ਨਿਰਾਲੇ ਹੀ ਹਨ । ਇਕ ਪਾਸੇ ਗੱਲਾਂ ਤਾਂ ਬਦਲਾਅ ਲਿਆਉਣ ਦੀਆਂ ਕੀਤੀਆਂ ਜਾ ਰਹੀਆਂ ਹਨ । ਪਰ ਦੂਜੇ ਪਾਸੇ ਜੋ ਕੁੱਝ ਪਹਿਲਾਂ ਮਿਲਦਾ ਸੀ ਉਸ ਤੋਂ ਵੀ ਵਾਂਝੇ ਰੱਖਿਆ ਜਾ ਰਿਹਾ ਹੈ ਤੇ ਮੁਲਾਜ਼ਮ ਵਰਗ ਤਨਖਾਹਾਂ ਨੂੰ ਵੀ ਤਰਸ ਰਿਹਾ ਹੈ ।
ਇਸ ਦੀ ਮਿਸਾਲ ਆਈ ਸੀ ਡੀ ਐਸ ਸਕੀਮ ਤਹਿਤ ਕੰਮ ਕਰ ਰਹੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਤੋਂ ਮਿਲਦੀ ਹੈ ਜਿੰਨਾਂ ਨੂੰ ਤਨਖਾਹਾਂ ਲੈਣ ਲਈ ਵੀ ਨਿੱਤ ਰੋਜ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ । ਪਰ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ ।
ਵਰਨਣਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਜੇਕਰ ਉਹਨਾਂ ਦੀ ਸਰਕਾਰ ਬਣੀ ਤਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕਰ ਦਿੱਤਾ ਜਾਵੇਗਾ । ਪਰ ਮਾਣ ਭੱਤਾ ਦੁੱਗਣਾ ਕਰਨ ਦੀ ਗੱਲ ਤਾਂ ਬਹੁਤ ਦੂਰ ਹੈ । ਉਲਟਾ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪਹਿਲਾਂ ਮਿਲਦਾ ਮਾਣ ਭੱਤਾ ਵੀ ਸਮੇਂ ਸਿਰ ਨਹੀਂ ਦਿੱਤਾ ਜਾ ਰਿਹਾ ।
ਹੈਰਾਨੀ ਭਰੀ ਗੱਲ ਹੈ ਕਿ ਬਾਲ ਭਲਾਈ ਕੌਂਸਲ ਅਧੀਨ ਕੰਮ ਕਰਦੀਆਂ ਪੰਜਾਬ ਦੇ ਤਿੰਨ ਬਲਾਕਾਂ ਬਠਿੰਡਾ , ਸਿੱਧਵਾਂ ਬੇਟ ਅਤੇ ਤਰਸਿੱਕਾ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪਿਛਲੇਂ ਸਵਾ ਸਾਲ ਤੋਂ ਤਨਖਾਹਾਂ ਨੂੰ ਤਰਸ ਰਹੀਆਂ ਹਨ । ਸਬੰਧਿਤ ਵਿਭਾਗ ਦੇ ਸਾਰੇ ਮੁਲਾਜ਼ਮਾਂ ਨੂੰ ਤਨਖਾਹਾਂ ਮਿਲ ਰਹੀਆਂ ਹਨ ਪਰ ਇਹਨਾਂ ਵਰਕਰਾਂ ਤੇ ਹੈਲਪਰਾਂ ਨੂੰ 14 ਮਹੀਨਿਆਂ ਤੋਂ ਉੱਪਰ ਦਾ ਸਮਾਂ ਲੰਘ ਗਿਆ ਹੈ ਤੇ ਤਨਖਾਹਾਂ ਨਹੀਂ ਮਿਲੀਆਂ ।
ਇਸੇ ਤਰ੍ਹਾਂ ਸਮਾਜ ਭਲਾਈ ਬੋਰਡ ਦੇ ਅਧੀਨ ਕੰਮ ਕਰਦੀਆਂ ਪੰਜਾਬ ਦੇ 5 ਬਲਾਕਾਂ ਖੂਈਆਂ ਸਰਵਰ , ਮਖੂ , ਡੇਰਾ ਬਾਬਾ ਨਾਨਕ , ਭਿੱਖੀਵਿੰਡ ਅਤੇ ਹਰਸ਼ਾ ਸ਼ੀਨਾ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇਂ 8 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ।
- ਦੋ ਹਜ਼ਾਰ ਦੇ ਕਰੀਬ ਹਨ ਵਰਕਰਾਂ ਤੇ ਹੈਲਪਰਾਂ -
ਐਨ ਜੀ ਓ ਅਧੀਨ ਚੱਲ ਰਹੇ ਇਹਨਾਂ ਅੱਠਾਂ ਬਲਾਕਾਂ ਵਿੱਚ ਲਗਭਗ ਦੋ ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਬਿਨਾਂ ਤਨਖ਼ਾਹ ਤੋਂ ਆਂਗਣਵਾੜੀ ਸੈਂਟਰਾਂ ਵਿੱਚ ਆਪਣੀ ਡਿਊਟੀ ਨਿਭਾ ਰਹੀਆਂ ਹਨ ।
- ਤਨਖਾਹਾਂ ਲੈਣ ਲਈ ਲਾਉਣੇ ਪੈ ਰਹੇ ਹਨ ਧਰਨੇ -
ਭਾਵੇਂ ਵਿਭਾਗ ਦਾ ਕੰਮ ਕਰਕੇ ਤਨਖਾਹਾਂ ਲੈਣ ਦਾ ਸਾਰੇ ਮੁਲਾਜ਼ਮਾਂ ਦਾ ਹੱਕ ਹੁੰਦਾ ਹੈ । ਪਰ ਇਕ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਹੀ ਹਨ ਜਿੰਨਾਂ ਨੂੰ ਤਨਖਾਹਾਂ ਲੈਣ ਲਈ ਵੀ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ ਤੇ ਉਹ ਸੜਕਾਂ ਤੇ ਰੁਲਣ ਲਈ ਮਜ਼ਬੂਰ ਹਨ । ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਵਿਧਾਨ ਸਭਾ ਹਲਕੇ ਮਲੋਟ ਅਤੇ ਉਹਨਾਂ ਦੇ ਸ਼ਹਿਰ ਫਰੀਦਕੋਟ ਵਿਖੇ ਵਰਕਰਾਂ ਤੇ ਹੈਲਪਰਾਂ ਨੇ ਧਰਨੇ ਪ੍ਰਦਰਸ਼ਨ ਕੀਤੇ ਹਨ । ਇਸ ਤੋਂ ਇਲਾਵਾ ਜਥੇਬੰਦੀ ਦਾ ਵਫ਼ਦ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਡਾਇਰੈਕਟਰ ਅਤੇ ਸਕੱਤਰ ਨਾਲ ਅਨੇਕਾਂ ਵਾਰ ਮੀਟਿੰਗਾਂ ਕਰ ਚੁੱਕਾ ਹੈ । ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਨਾਲ ਮੀਟਿੰਗ ਹੋਈ ਹੈ । ਪਰ ਮਸਲਾ ਅਜੇ ਤੱਕ ਹੱਲ ਨਹੀਂ ਹੋਇਆ ਤੇ ਕਿਸੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ ।
- ਸਰਕਾਰ ਉਲਟਾ ਘੁਰਕੀਆਂ ਦੇ ਰਹੀ ਆ -
ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਨੇ ਤਨਖਾਹਾਂ ਤਾਂ ਕੀ ਦੇਣੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਉਲਟਾ ਘੁਰਕੀਆਂ ਦੇ ਰਹੀ ਆ ਤੇ ਨੌਟਿਸ ਕੱਢ ਰਹੀ ਹੈ ਕਿ ਤੁਸੀਂ ਧਰਨੇ ਮੁਜ਼ਾਹਰੇ ਕਰਕੇ ਮਹੌਲ ਨੂੰ ਖਰਾਬ ਕਰ ਰਹੇ ਹੋ ਜਿਸ ਕਰਕੇ ਸਰਕਾਰ ਦਾ ਅਕਸ ਖਰਾਬ ਹੋ ਰਿਹਾ ।
- ਗੱਲ ਚੁੱਲ੍ਹੇ ਠੰਡੇ ਹੋਣ ਤੱਕ ਪੁੱਜੀ -
ਐਨਾ ਲੰਮਾ ਸਮਾਂ ਤਨਖਾਹਾਂ ਨਾ ਮਿਲਣ ਕਰਕੇ ਅੰਤਾਂ ਦੀ ਮਹਿੰਗਾਈ ਵਿੱਚ ਇਹਨਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਘਰਾਂ ਦਾ ਗੁਜ਼ਾਰਾ ਹੋਣਾ ਬੇਹੱਦ ਮੁਸ਼ਕਲ ਅਤੇ ਔਖਾ ਹੋਇਆ ਪਿਆ ਹੈ ਤੇ ਗੱਲ ਚੁੱਲ੍ਹੇ ਠੰਡੇ ਹੋਣ ਤੱਕ ਜਾ ਪੁੱਜੀ ਹੈ । ਹੁਣ ਤਾਂ ਘਰਾਂ ਦਾ ਰਾਸ਼ਨ ਉਧਾਰ ਦੇਣ ਤੋਂ ਵੀ ਦੁਕਾਨਾਂ ਵਾਲੇ ਨਾ ਨੁੱਕਰ ਕਰ ਰਹੇ ਹਨ । ਸਕੂਲਾਂ , ਕਾਲਜਾਂ ਵਾਲੇ ਬੱਚਿਆਂ ਦੀਆਂ ਫੀਸਾਂ ਮੰਗ ਰਹੇ ਹਨ । ਹੋਰ ਬਥੇਰੇ ਖਰਚੇ ਹਨ ਤੇ ਪੈਸਿਆਂ ਦੀ ਲੋੜ ਹੈ ।
- ਕੀ ਕਹਿਣਾ ਹੈ ਯੂਨੀਅਨ ਦੀਆਂ ਆਗੂਆਂ ਦਾ -
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ , ਸੂਬਾ ਦਫ਼ਤਰ ਸਕੱਤਰ ਸ਼ਿੰਦਰਪਾਲ ਕੌਰ ਥਾਂਦੇਵਾਲਾ , ਸੂਬਾ ਜਨਰਲ ਸਕੱਤਰ ਗੁਰਮੀਤ ਕੌਰ ਗੋਨੇਆਣਾ , ਬਲਾਕ ਪ੍ਰਧਾਨ ਜਸਵੀਰ ਕੌਰ ਬਠਿੰਡਾ , ਬਲਾਕ ਪ੍ਰਧਾਨ ਅੰਮ੍ਰਿਤਪਾਲ ਕੌਰ ਬੱਲੂਆਣਾ , ਰੇਖਾ ਰਾਣੀ ਅਤੇ ਸੋਮਾ ਰਾਣੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਐਨ ਜੀ ਓ ਅਧੀਨ ਚੱਲ ਰਹੇ ਬਲਾਕਾਂ ਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਤੁਰੰਤ ਤਨਖਾਹਾਂ ਦੇਵੇ । ਕਿਉਂਕਿ ਇਹ ਵਰਕਰਾਂ ਬੇਹੱਦ ਨਿਰਾਸ਼ਾ ਵਿੱਚ ਹਨ । ਉਹਨਾਂ ਕਿਹਾ ਕਿ ਕਈ ਵਰਕਰਾਂ ਤੇ ਹੈਲਪਰਾਂ ਮਾਨਸਿਕ ਪਰੇਸ਼ਾਨੀ ਵਿੱਚੋ ਗੁਜਰ ਰਹੀਆਂ ਹਨ । ਉਹਨਾਂ ਇਹ ਵੀ ਕਿਹਾ ਕਿ ਮੁੱਖ ਵਿਭਾਗ ਵਿੱਚ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਵੀ ਸਮੇਂ ਸਿਰ ਤਨਖਾਹਾਂ ਨਹੀਂ ਮਿਲ ਰਹੀਆਂ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ । ਜਿਸ ਕਰਕੇ ਉਹ ਧਰਨੇ ਮੁਜ਼ਾਹਰੇ ਕਰਨ ਲਈ ਮਜ਼ਬੂਰ ਹਨ ।
- ਮੁੱਖ ਵਿਭਾਗ ਵਿੱਚ ਨਹੀਂ ਕੀਤੇ ਜਾ ਰਹੇ ਮਰਜ -
ਵਰਨਣਯੋਗ ਹੈ ਕਿ ਬਾਲ ਭਲਾਈ ਕੌਂਸਲ ਅਤੇ ਸਮਾਜ ਭਲਾਈ ਬੋਰਡ ਅਧੀਨ ਚੱਲ ਰਹੇ 8 ਬਲਾਕਾਂ ਨੂੰ ਮੁੱਖ ਵਿਭਾਗ ਵਿੱਚ ਮਰਜ ਕਰਨ ਲਈ ਨੋਟੀਫਿਕੇਸ਼ਨ ਵੀ ਜਾਰੀ ਹੋਏ ਹਨ। ਪਰ ਇਸ ਦੇ ਬਾਵਜੂਦ ਵੀ ਇਹਨਾਂ ਬਲਾਕਾਂ ਨੂੰ ਮੁੱਖ ਵਿਭਾਗ ਵਿੱਚ ਮਰਜ ਨਹੀਂ ਕੀਤਾ ਜਾ ਰਿਹਾ । ਜਿਸ ਕਰਕੇ ਵਰਕਰਾਂ ਤੇ ਹੈਲਪਰਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ ।