ਕਿਹਾ ਪੰਜਾਬ ਸਰਕਾਰ ਨੂੰ ਦਿੱਤਾ ਜਾਵੇਗਾ ਕਰਾਰਾ ਜਵਾਬ16 ਮਈ ਨੂੰ ਪੰਜਾਬ ਭਰ ਵਿੱਚ ਪੰਜਾਬ ਸਰਕਾਰ ਦੇ ਫੂਕੇ ਜਾਣਗੇ ਪੁੱਤਲੇ
ਸ੍ਰੀ ਮੁਕਤਸਰ ਸਾਹਿਬ , 12 ਮਈ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੂੰ ਜਾਣ ਬੁੱਝ ਕੇ ਬਿਨਾ ਕਿਸੇ ਗੱਲੋ ਤੰਗ ਪ੍ਰੇਸ਼ਾਨ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਜਥੇਬੰਦੀ ਪੰਜਾਬ ਸਰਕਾਰ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਕਰਾਰਾ ਅਤੇ ਮੂੰਹ ਤੋੜਵਾਂ ਜਵਾਬ ਦੇਵੇਗੀ ।
ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ,
ਬਲਾਕ ਗਿੱਦੜਬਾਹਾ ਦੀ ਪ੍ਰਧਾਨ ਜਸਵਿੰਦਰ ਕੌਰ ਬੱਬੂ ਦੋਦਾ , ਬਲਾਕ ਮਲੋਟ ਦੀ ਪ੍ਰਧਾਨ ਕਿਰਨਜੀਤ ਕੌਰ ਭੰਗਚੜੀ ਅਤੇ ਬਲਾਕ ਲੰਬੀ ਦੀ ਪ੍ਰਧਾਨ ਵੀਰਪਾਲ ਕੌਰ ਬੀਦੋਵਾਲੀ ਨੇ ਕਿਹਾ ਹੈ ਕਿ ਹਰਗੋਬਿੰਦ ਕੌਰ ਪਿਛਲੇਂ 31 ਸਾਲਾਂ ਤੋਂ ਸਾਡੀ ਅਗਵਾਈ ਕਰ ਰਹੀ ਹੈ ਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਹੱਕਾਂ ਲਈ ਸਰਕਾਰਾਂ ਨਾਲ ਤਕੜੇ ਸੰਘਰਸ਼ ਲੜੇ ਹਨ ਅਤੇ ਜੇਲਾਂ ਕੱਟੀਆਂ ਹਨ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਣ ਸਨਮਾਨ ਦੀ ਜ਼ਿੰਦਗੀ ਦਿਵਾਉਣ ਵਾਸਤੇ ਉਹਨਾਂ ਨੇ ਆਪਣੀ ਜ਼ਿੰਦਗੀ ਦਾਅ ਤੇ ਲਗਾਈ । ਸਮੇਂ ਦੀਆਂ ਸਰਕਾਰਾਂ ਕੋਲੋਂ ਬਹੁਤ ਸਾਰੀਆਂ ਮੰਗਾਂ ਪੂਰੀਆਂ ਕਰਵਾਈਆਂ । ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਤਾਨਾਸ਼ਾਹੀ ਰਵਈਆ ਅਪਣਾਉਂਦੇ ਹੋਏ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ ਕਿਉਂਕਿ ਸਰਕਾਰ ਵੱਲੋਂ ਵਰਕਰਾਂ ਤੇ ਹੈਲਪਰਾਂ ਨੂੰ ਲੰਮਾ ਸਮਾਂ ਮਾਣ ਭੱਤਾ ਨਹੀਂ ਦਿੱਤਾ ਜਾਂਦਾ । ਅੱਜ ਵੀ ਬਾਲ ਭਲਾਈ ਕੌਂਸਲ ਦੀਆਂ ਵਰਕਰਾਂ ਤੇ ਹੈਲਪਰਾਂ ਪਿਛਲੇਂ 8 ਮਹੀਨਿਆਂ ਤੋਂ ਮਾਣ ਭੱਤੇ ਨੂੰ ਤਰਸ ਰਹੀਆਂ ਹਨ । ਉਹਨਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ਵਿੱਚ ਭੇਜਿਆ ਜਾ ਰਿਹਾ ਰਾਸ਼ਨ ਵੀ ਘਟੀਆ ਕੁਆਲਿਟੀ ਦਾ ਹੈ । ਨਾਲ ਹੀ ਹੈਲਪਰ ਤੋਂ ਵਰਕਰ ਬਣੀਆ , ਮਿੰਨੀ ਵਰਕਰ ਤੋਂ ਫੁੱਲ ਵਰਕਰ ਬਣੀਆ ਅਤੇ ਨਵਨਿਯੁਕਤ ਵਰਕਰ ਤੇ ਹੈਲਪਰ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਮਾਣ ਭੱਤਾ ਨਹੀਂ ਦਿੱਤਾ ਜਾ ਰਿਹਾ ਅਤੇ ਉਸ ਤੇ ਕੱਟ ਲਗਾਇਆ ਜਾ ਰਿਹਾ ਹੈ । ਇਸ ਲਈ ਯੂਨੀਅਨ ਨੂੰ ਆਪਣੀਆਂ ਇਹਨਾਂ ਮੰਗਾਂ ਲਈ ਸੰਘਰਸ਼ ਕਰਨਾ ਪੈਂਦਾ ਹੈ । ਸਰਕਾਰ ਨਹੀਂ ਚਾਹੁੰਦੀ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਆਪਣੇ ਹੱਕਾਂ ਦੀ ਗੱਲ ਕਰਨ । ਇਸੇ ਕਰਕੇ ਪ੍ਰਧਾਨ ਨੂੰ ਦਬਾਉਣਾ ਚਾਹੁੰਦੀ ਹੈ ਅਤੇ ਮਹਿਕਮੇ ਵੱਲੋਂ ਵਾਰ ਵਾਰ ਉਹਨਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ ।
ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪੰਜਾਬ ਸਰਕਾਰ ਦੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲੀਆਂ ਨਹੀਂ ਹਨ । ਉਹਨਾਂ ਕਿਹਾ ਕਿ 16 ਮਈ ਦਿਨ ਵੀਰਵਾਰ ਨੂੰ ਪੰਜਾਬ ਭਰ ਵਿੱਚ ਪੰਜਾਬ ਸਰਕਾਰ ਦੇ ਪੁੱਤਲੇ ਫੂਕੇ ਜਾਣਗੇ ਅਤੇ ਲੋਕ ਸਭਾ ਦੀਆਂ ਚੋਣਾਂ ਦੌਰਾਨ ਸਰਕਾਰ ਨੂੰ ਸਬਕ ਸਿਖਾਇਆ ਜਾਵੇਗਾ ।