ਸ਼੍ਰੀ ਮੁਕਤਸਰ ਸਾਹਿਬ, 4 ਅਪਰੈਲ 2025: ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਵੱਖ-ਵੱਖ ਪੁਲਿਸ ਥਾਣਿਆਂ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ ਨਵੇਂ ਵਹੀਕਲਾਂ ਕੱਲ ਮੁਹਈਆ ਕਰਵਾਏ ਗਏ ਸਨ। ਇਸੇ ਲਗਾਤਾਰਤਾ ਵਿੱਚ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ 04 ਨਵੇਂ ਵਹੀਕਲ ਭੇਜੇ ਗਏ ਹਨ, ਜੋ ਅੱਜ ਜ਼ਿਲ੍ਹਾ ਪੁਲਿਸ ਮੁੱਖੀ ਡਾ.ਅਖਿਲ ਚੌਧਰੀ ਆਈ.ਪੀ.ਐਸ. ਵੱਲੋਂ ਥਾਣਿਆਂ ਵੱਲ ਰਵਾਨਾ ਕੀਤੇ ਗਏ।
ਡਾ. ਚੌਧਰੀ ਨੇ ਦੱਸਿਆ ਕਿ ਇਹ ਵਹੀਕਲ ਥਾਣਾ ਬਰੀਵਾਲਾ, ਕਬਰਵਾਲਾ, ਲੱਖੇਵਾਲੀ ਅਤੇ ਥਾਣਾ ਸਾਈਬਰ ਨੂੰ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਪੁਰਾਣੇ ਵਹੀਕਲ ਕੰਡਮ ਹੋ ਚੁੱਕੇ ਸਨ ਅਤੇ ਆਧੁਨਿਕ ਸਮੇਂ ਵਿੱਚ ਇਨ੍ਹਾਂ ਨਾਲ ਡਿਊਟੀ ਨਿਭਾਉਣ ਵਿੱਚ ਰੁਕਾਵਟ ਆ ਰਹੀ ਸੀ।
ਨਵੇਂ ਵਹੀਕਲਾਂ ਦੇ ਨਾਲ ਨਿਰੰਤਰ ਗਸ਼ਤ, ਜੁਰਮਾਂ ਦੀ ਰੋਕਥਾਮ, ਜਨਤਾ ਦੀ ਫ਼ੌਰੀ ਸਹਾਇਤਾ ਅਤੇ ਐਮਰਜੈਂਸੀ ਸਥਿਤੀਆਂ ਵਿੱਚ ਰਿਸਪਾਂਸ ਟਾਈਮ ਨੂੰ ਬੇਹੱਦ ਸੁਧਾਰਿਆ ਜਾ ਸਕੇਗਾ। ਸਾਈਬਰ ਥਾਣੇ ਲਈ ਦਿੱਤਾ ਗਿਆ ਵਹੀਕਲ ਵਿਸ਼ੇਸ਼ ਤੌਰ 'ਤੇ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਮੌਕੇ 'ਤੇ ਜਾਂਚ ਕਰਨ ਲਈ ਲਾਭਦਾਇਕ ਸਾਬਤ ਹੋਵੇਗਾ।
ਇਸ ਮੌਕੇ ਐਸ.ਐਸ.ਪੀ. ਡਾ. ਅਖਿਲ ਚੌਧਰੀ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ. ਪੰਜਾਬ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਇਸ ਮੌਕੇ ਸਾਡੇ ਪੁਲਿਸ ਵਿਭਾਗ ਦੀ ਕਾਰਗੁਜ਼ਾਰੀ ਨੂੰ ਹੋਰ ਮਜਬੂਤ ਕਰਨਗੇ ਅਤੇ ਲੋਕਾਂ ਵਿੱਚ ਵਿਸ਼ਵਾਸ ਵਧਾਉਣਗੇ। ਉਨ੍ਹਾਂ ਕਿਹਾ ਕਿ ਪੁਲਿਸ ਦੀ ਡਿਊਟੀ ਹੁਣ ਹੋਰ ਪ੍ਰਭਾਵਸ਼ਾਲੀ, ਤੇਜ਼ ਅਤੇ ਆਧੁਨਿਕ ਹੋਵੇਗੀ।
ਇਸ ਮੌਕੇ ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਨਵੇਂ ਵਹੀਕਲਾਂ ਦੀ ਸੰਭਾਲ ਅਤੇ ਉਚਿਤ ਵਰਤੋਂ ਯਕੀਨੀ ਬਣਾਉਣ ਦੀ ਹਦਾਇਤ ਵੀ ਦਿੱਤੀ, ਤਾਂ ਜੋ ਇਹ ਜਨਤਾ ਦੀ ਭਲਾਈ ਲਈ ਲੰਬੇ ਸਮੇਂ ਤੱਕ ਕਾਰਗਰ ਰਹੇ।
ਇਸ ਮੌਕੇ ਸ੍ਰੀ ਕਵਲਪ੍ਰੀਤ ਸਿੰਘ ਚਾਹਲ ਐਸ.ਪੀ. (ਐਚ), ਇੰਸਪੈਕਟਰ ਦਵਿੰਦਰ ਸਿੰਘ (ਮੁੱਖ ਅਫਸਰ ਥਾਣਾ ਕਬਰਵਾਲਾ), ਐਸ.ਆਈ. ਜਗਸੀਰ ਸਿੰਘ (ਮੁੱਖ ਅਫਸਰ ਥਾਣਾ ਬਰੀਵਾਲਾ), ਐਸ.ਆਈ. ਦਰਸ਼ਨ ਸਿੰਘ (ਮੁੱਖ ਅਫਸਰ ਥਾਣਾ ਲੱਖੇਵਾਲਾ) ਅਤੇ ਇੰਸਪੈਕਟਰ ਮੁਖਤਿਆਰ ਸਿੰਘ (ਮੁੱਖ ਅਫਸਰ ਥਾਣਾ ਸਾਈਬਰ ਸੈਲ) ਵੀ ਮੌਜੂਦ ਸਨ।

Post a Comment