ਉੱਘੇ ਸਾਹਿਤਕਾਰ, ਵਿਦਵਾਨ ਤੇ ਕਵੀ ਹੋਣਗੇ ਸ਼ਾਮਲ
ਸ੍ਰੀ ਮੁਕਤਸਰ ਸਾਹਿਬ 16ਅਪ੍ਰੈਲ : ਸਿੱਖਿਆ ਦੇ ਖ਼ੇਤਰ ਵਿੱਚ ਨਾਮਣਾ ਖੱਟਣ ਵਾਲੇ ਉੱਘੇ ਮਰਹੂਮ ਵਿਅੰਗ ਲੇਖ਼ਕ ਪ੍ਰਿੰਸੀਪਲ ਬਲਦੇਵ ਸਿੰਘ ਆਜ਼ਾਦ ਦੀ ਪੰਜਵੀਂ ਬਰਸੀ ਤੇ ਉਨ੍ਹਾਂ ਦੀ ਯਾਦ ਵਿੱਚ ਸਾਹਿਤਕ ਸਮਾਰੋਹ ਸਲਾਮ ਜ਼ਿੰਦਗੀ 20 ਅਪ੍ਰੈਲ (ਐਤਵਾਰ) ਨੂੰ ਕਰਵਾਇਆ ਜਾ ਰਿਹਾ ਹੈ।ਬਾਵਾ ਨਿਹਾਲ ਸਿੰਘ ਕਾਲਿਜ ਆਫ ਐਜੂਕੇਸ਼ਨ ਵਿੱਚ ਸਵੇਰੇ 10.30 ਵਜੇ ਹੋਣ ਵਾਲੇ ਇਸ ਸਮਾਰੋਹ ਵਿੱਚ ਪੰਜਾਬੀ ਸਾਹਿਤ ਦੇ ਨਾਮਵਰ ਲੇਖਕ, ਵਿਦਵਾਨ ਤੇ ਕਵੀ ਸ਼ਿਰਕਤ ਕਰਨਗੇ।ਇਹ ਜਾਣਕਾਰੀ ਦਿੰਦਿਆਂ ਸਥਾਨਕ ਲੋਕ ਸਾਹਿਤ ਸਭਾ ਦੇ ਪ੍ਰਧਾਨ ਰਾਮ ਸਵਰਨ ਲੱਖੇਵਾਲੀ ਤੇ ਸਕੱਤਰ ਬੂਟਾ ਸਿੰਘ ਵਾਕਫ਼ ਨੇ ਦੱਸਿਆ ਕਿ ਪੰਜਾਬੀ ਦੇ ਨਾਮਵਰ ਭਾਸ਼ਾ ਵਿਗਿਆਨੀ ਤੇ ਲੇਖ਼ਕ ਡਾ. ਪਰਮਜੀਤ ਸਿੰਘ ਢੀਂਗਰਾ ਪ੍ਰਿੰ. ਆਜ਼ਾਦ ਦੀ ਸਾਹਿਤਕ ਦੇਣ ਤੇ ਚਰਚਾ ਕਰਨਗੇ।ਜਦਕਿ ਪ੍ਰਸਿੱਧ ਨਾਵਲਕਾਰ ਬਲਦੇਵ ਸੜਕਨਾਮਾ ਸਾਹਿਤ ਤੇ ਕਲਾ ਦੇ ਮਹੱਤਵ ਬਾਰੇ ਆਪਣੇ ਕੁੰਜੀਵਤ ਵਿਚਾਰ ਪੇਸ਼ ਕਰਨਗੇ। ਸਮਾਰੋਹ ਦੌਰਾਨ ਉੱਘੇ ਆਲੋਚਕ ਡਾ. ਸੁਰਜੀਤ ਬਰਾੜ ਘੋਲੀਆ ਵੀ ਸਰੋਤਿਆਂ ਦੇ ਰੂ ਬ ਰੂ ਹੋਣਗੇ। ਸਮਾਰੋਹ ਵਿੱਚ ਬੁਲਾਏ ਗਏ ਜਗਸੀਰ ਜੀਦਾ, ਹਰਪਿੰਦਰ ਰਾਣਾ, ਅਮਰ ਘੋਲੀਆ, ਚਰਨਜੀਤ ਸਮਾਲਸਰ, ਕੁਲਦੀਪ ਬੰਗੀ, ਰਣਬੀਰ ਰਾਣਾ ਆਦਿ ਮਹਿਮਾਨ ਕਵੀ ਆਪਣੀਆਂ ਰਚਨਾਵਾਂ ਨਾਲ ਕਵੀ ਦਰਬਾਰ ਦਾ ਹਿੱਸਾ ਬਣਨਗੇ।ਸੋਥਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਤਜਿੰਦਰ ਸਿੰਘ ਦੀ ਨਿਰਦੇਸ਼ਨਾ ਹੇਠ ਤਿਆਰ ਕੀਤੀ ਕੋਰਿਓਗ੍ਰਾਫੀ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਪੇਸ਼ ਕੀਤੀ ਜਾਵੇਗੀ।ਸਮਾਰੋਹ ਵਿੱਚ ਪੋਸਟਰ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।