ਵਡ਼ਿੰਗ ਟੋਲ ਪਲਾਜਾ ਬੰਦ ਕਰਾਉਣ ਦੀ ਮੰਗ, ਕਿਹਾ-ਨਿਯਮਾਂ ਤੇ ਖਰਾ ਨਹੀਂ ਉਤਰਦਾ ਇਹ ਟੋਲ ਪਲਾਜ਼ਾ
ਸ੍ਰੀ ਮੁਕਤਸਰ ਸਾਹਿਬ, 15 ਜੁਲਾਈ - ਭਾਜਪਾ ਦੇ ਸਪੋਕਸਪਰਸਨ ਮਿੰਕਲ ਬਜ਼ਾਜ ਦੀ ਅਗਵਾਈ ਹੇਠ ਸ਼ਹਿਰ ਦੀਆਂ ਵੱਖ-ਵੱਖ ਜੱਥੇਬੰਦੀਆਂ ਵੱਲੋਂ ਮੰਗਲਵਾਰ ਨੂੰ ਮਿੰਨੀ ਸਕੱਤਰੇਤ ਵਿਖੇ ਪਹੁੰਚ ਕੇ ਏਡੀਸੀ ਗੁਰਪ੍ਰੀਤ ਸਿੰਘ ਥਿੰਦ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਇਸ ਟੋਲ ਪਲਾਜੇ ਨੂੰ ਗੈਰ ਕਾਨੂੰਨੀ ਦੱਸਦਿਆਂ ਪ੍ਰਸ਼ਾਸਨ ਤੋਂ ਇਸਦੇ ਲੀਗਲ ਹੋਣ ਦੇ ਸਬੂਤ ਮੰਗੇ ਗਏ। ਨਾਲ ਹੀ ਚਿਤਾਵਨੀ ਦਿੱਤੀ ਗਈ ਕਿ ਜੇਕਰ ਇਹ ਟੋਲ ਪਲਾਜਾ ਨਿਯਮਾਂ ਤੇ ਖਰਾ ਉਤਰਦਾ ਹੈ ਤਾਂ ਠੀਕ, ਨਹੀਂ ਤਾਂ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ।
ਮਿੰਕਲ ਬਜ਼ਾਜ ਨੇ ਕਿਹਾ ਕਿ ਕਈ ਸਾਲਾਂ ਮਗਰੋਂ ਇਹ ਟੋਲ ਪਲਾਜਾ ਮੁਡ਼ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਜਦਕਿ ਇਹ ਟੋਲ ਪਲਾਜਾ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਜਾਰੀ ਸ਼ਰਤਾਂ ਪੂਰੀਆਂ ਨਹੀਂ ਕਰਦਾ। ਪਿੰਡ ਵਡ਼ਿੰਗ, ਸਰਾਏਨਾਗਾ, ਖਾਰਾ ਦੇ ਬਸ ਸਟੈਂਡ ਕੋਲ ਥੋਡ਼ੀ ਜਿਹੀ ਬਰਸਾਤ ਨਾਲ ਸਡ਼ਕਾਂ ਤੇ ਬਹੁਤ ਜਿਆਦਾ ਪਾਣੀ ਹੋ ਜਾਂਦਾ ਹੈ ਅਤੇ ਨਾ ਹੀ ਕੋਈ ਨਿਕਾਸੀ ਦਾ ਪ੍ਰਬੰਧ ਹੈ। ਜਿਸ ਕਾਰਣ ਰਾਹਗੀਰਾਂ ਨੂੰ ਟੋਲ ਦੇਣ ਦੇ ਉਪਰੰਤ ਵੀ ਕੋਈ ਟੋਲ ਰੋਡ ਸਹੂਲਤ ਨਹੀਂ ਦਿੱਤੀ ਜਾ ਰਹੀ ਅਤੇ ਨਾ ਹੀ ਪੁਲ ਦੀ ਉਸਾਰੀ ਕੀਤੀ ਜਾ ਰਹੀ ਹੈ। ਟੋਲ ਪਰਚੀ ਕੱਟਣ ਵੇਲੇ ਵੀ ਰਾਹਗੀਰਾਂ ਨਾਲ ਬਹੁਤ ਜਿਆਦਾ ਬਦਸਲੂਕੀ ਕੀਤੀ ਜਾਂਦੀ ਹੈ। ਇਸ ਲਈ ਇਹ ਟੋਲ ਪਲਾਜਾ ਬੰਦ ਕਰਵਾਇਆ ਜਾਵੇ। ਉਨਾਂ ਕਿਹਾ ਕਿ 9-10 ਸਾਲ ਇਨਾਂ ਇਸ ਟੋਲ ਪਲਾਜੇ ਨੂੰ ਗੈਰ ਕਾਨੂੰਨੀ ਢੰਗ ਨਾਲ ਚਲਾ ਕੇ ਸੌ ਤੋਂ ਸਵਾ ਸੌ ਕਰੋਡ਼ ਰੁਪਏ ਖਾਦਾ ਹੈ। ਉਹ ਇਸ ਮਸਲੇ ਚ ਛੇਤੀ ਹੀ ਹਾਈਕੋਰਟ ਜਾਣਗੇ ਤੇ ਇਸਨੂੰ ਬੰਦ ਕਰਾਉਣ ਲਈ ਪਹਿਲਕਦਮੀ ਕਰਨਗੇ। ਨਾਲ ਹੀ ਇਸ ਟੋਲ ਪਲਾਜਾ ਸੰਚਾਲਕਾਂ ਵੱਲੋਂ ਪਹਿਲਾ ਜੋ ਪੈਸਾ ਇੱਕਠਾ ਕੀਤਾ ਹੈ ਉਸਦੀ ਪੁਖਤਾ ਇੰਕਵਾਅਰੀ ਦੀ ਮੰਗ ਵਾਸਤੇ ਪਟੀਸ਼ਨ ਦਾਇਰ ਕੀਤੀ ਜਾਵੇਗੀ।
ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ, ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ, ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ, ਠੇਕੇਦਾਰ ਪ੍ਰਦੀਪ ਧੂਡ਼ੀਆ, ਅਸ਼ੋਕ ਭਾਰਤੀ, ਸੰਜੀਵ ਖੇਡ਼ਾ, ਭਾਜਪਾ ਮੰਡਲ 1 ਦੀ ਪ੍ਰਧਾਨ ਪੂਜਾ ਕੱਕਡ਼, ਭਾਜਪਾ ਮੰਡਲ 2 ਦੇ ਪ੍ਰਧਾਨ ਹਰੀਸ਼ ਵਾਟਸ, ਮੰਡਲ 3 ਦੇ ਪ੍ਰਧਾਨ ਰਾਜਿੰਦਰ ਭੁਜੀਆ ਵਾਲੇ, ਭੰਵਰ ਲਾਲ, ਕਪਿਲ ਧੂਡ਼ੀਆ, ਕੌਂਸਲਰ ਜਿੰਮੀ ਫੱਤਣਵਾਲਾ, ਵਿਕ੍ਰਾਂਤ ਤੇਰੀਆ, ਰਵੀ ਗਰਗ, ਐਡਵੋਕੇਟ ਰਣਜੀਤ ਸਿੰਘ ਥਾਂਦੇਵਾਲਾ, ਬਲਵਿੰਦਰ ਸਿੰਘ ਬਰਾਡ਼, ਰਾਜੇਸ਼ ਮਹੇਸ਼ਵਰੀ, ਬਰਨੇਕ ਸਿੰਘ ਦਿਓਲ, ਬਲਜੀਤ ਕੌਰ, ਸੁਖਦੀਪ ਕੌਰ, ਮਮਤਾ ਸ਼ੁਕਲਾ, ਹਨੀ ਕਾਉਣੀ, ਵਿਸ਼ੂ ਕੁਮਾਰ, ਚਰਨਜੀਤ ਸਿੰਘ ਮਾੰਗਟਕੇਰ, ਕੇਵਲ ਕ੍ਰਿਸ਼ਨ ਗਿਰਧਰ, ਰਘੂਬੀਰ ਗਿੱਲ, ਟੈਕਸੀ ਯੂਨੀਅਨ ਦੇ ਪ੍ਰਧਾਨ ਪੱਪੀ ਕੁਮਾਰ, ਕਾਰ ਯੂਨੀਅਨ ਤੇ ਕੈਂਟਰ ਯੂਨੀਅਨ ਦੇ ਪ੍ਰਧਾਨ ਸਮੇਤ ਹੋਰ ਲੋਕ ਮੌਜੂਦ ਸਨ।