ਸ੍ਰੀ ਮੁਕਤਸਰ ਸਾਹਿਬ, 23 ਜੁਲਾਈ:
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲੇ ਦੇ ਮਲੋਟ ਬਲਾਕ ਅਧੀਨ ਪੈਂਦੇ ਔਲਖ ਪਿੰਡ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕੇਂਦਰ ਦੇ ਐਸੋਸੀਏਟ ਡਾਇਰੈਕਟਰ ਡਾ. ਕਰਮਜੀਤ ਸ਼ਰਮਾ ਨੇ ਕੀਤੀ। ਉਨ੍ਹਾਂ ਕਿਸਾਨਾਂ ਨੂੰ ਤੰਦਰੁਸਤ ਵਾਤਾਵਰਨ ਸਬੰਧੀ ਜਾਗਰੂਕ ਕੀਤਾ। ਮਨੁੱਖੀ ਜੀਵਨ ਵਿੱਚ ਰੁੱਖਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ।
ਇਸ ਸਮਾਰੋਹ ਦੌਰਾਨ ਫ਼ਸਲ ਵਿਗਿਆਨੀ ਡਾ. ਵਿਵੇਕ ਕੁਮਾਰ ਨੇ ਝੋਨੇ ਅਤੇ ਨਰਮੇ ਦੀਆਂ ਉਤਪਾਦਨ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਝੋਨੇ ਦੇ ਮਧਰੇ ਬੂਟਿਆਂ ਸੰਬੰਧੀ ਸਮੱਸਿਆ ਦੇ ਨਿਰੀਖਣ ਅਤੇ ਪ੍ਰਬੰਧਣ ਸੰਬੰਧੀ ਵਿਸਥਾਰ ਵਿੱਚ ਚਰਚਾ ਕੀਤੀ।
ਬਾਗਬਾਨੀ ਮਾਹਿਰ ਡਾ. ਸੁਖਜਿੰਦਰ ਸਿੰਘ ਨੇ ਫ਼ਲਦਾਰ ਬੂਟਿਆਂ ਦੀ ਮਹੱਤਤਾ, ਖੇਤਰ ਅਨੁਸਾਰ ਫਲਦਾਰ ਰੁੱਖਾਂ ਦੀ ਚੋਣ ਅਤੇ ਬੂਟਿਆਂ ਨੂੰ ਲਾਉਣ ਦੀਆਂ ਤਕਨੀਕਾਂ ਬਾਰੇ ਦੱਸਿਆ।
ਮੰਚ ਦੀ ਕਾਰਵਾਈ ਚਲਾਉਂਦਿਆਂ ਪਸਾਰ ਮਾਹਿਰ ਡਾ. ਗੁਰਵਿੰਦਰ ਸਿੰਘ ਨੇ ਚੰਗੇ ਵਾਤਾਵਰਨ ਅਤੇ ਵਧੇਰੇ ਖੇਤੀ ਉਤਪਾਦਨ ਵਿਚਕਾਰ ਦੇ ਸਬੰਧ ਬਾਰੇ ਗੱਲ ਕੀਤੀ। ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਕੁੱਲ ਧਰਤੀ ਦਾ ਸਭ ਤੋਂ ਵੱਡਾ ਹਿੱਸਾ ਖੇਤੀ ਅਧੀਨ ਹੈ ਅਤੇ ਖੇਤੀ ਕਿੱਤੇ ਨੂੰ ਮੌਸਮੀ ਤਬਦੀਲੀ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ ਇਸ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਦਰਖ਼ਤ ਲਾਉਣੇ ਚਾਹੀਦੇ ਹਨ।
ਇਸ ਵਣ-ਮਹਾਂਉਤਸਵ ਵਿੱਚ 70 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਸਮਾਗਮ ਵਿੱਚ ਸ਼ਿਰਕਤ ਕਰਨ ਆਏ ਸਾਰੇ ਕਿਸਾਨਾਂ ਨੂੰ ਤੂਤ, ਟਾਹਲੀ, ਨਿੰਮ, ਜਾਮੁਨ, ਡੇਕ, ਬੋਤਲ ਬੁਰਸ਼ ਆਦਿ ਦੇ ਬੂਟੇ ਵੰਡੇ ਗਏ।
ਇਹ ਸਮਾਗਮ ਕਿਸਾਨਾਂ ਨੂੰ ਵਾਤਾਵਰਨ ਸੁਰੱਖਿਆ, ਵਾਤਾਵਰਨ ਪੱਖੀ ਖੇਤੀ ਤਕਨੀਕਾਂ ਸੰਬੰਧੀ ਜਾਗਰੂਕਤਾ ਅਤੇ ਖੇਤੀ ਵਿੱਚ ਸੁਧਾਰ ਲਈ ਉਤਸ਼ਾਹਿਤ ਕਰਨ ਵਾਲਾ ਰਿਹਾ।