ਮੁਕਤਸਰ ਨਿਵਾਸੀ ਇੱਕੋ ਪਰਿਵਾਰ ਦੇ 4 ਜੀਆਂ ਦੀ ਸੜਕ ਹਾਦਸੇ ਵਿੱਚ ਮੌਤ

bttnews
0

ਰੇਤਾ ਨਾਲ ਭਰੀ ਟਰੈਕਟਰ-ਟਰਾਲੀ ਦੇ ਪਿੱਛੇ ਜਾ ਧੱਸੀ ਕਾਰ 
ਮ੍ਰਿਤਕਾਂ ਵਿੱਚ ਪਤੀ,ਪਤਨੀ ਤੇ ਨਵ-ਵਿਆਹੁਤਾ ਨੂੰਹ ਵੀ ਸ਼ਾਮਲ-ਪੁੱਤਰ ਗੰਭੀਰ ਜ਼ਖ਼ਮੀ

ਚੋਹਲਾ ਸਾਹਿਬ/ਤਰਨਤਾਰਨ,3 ਜਨਵਰੀ (ਰਾਕੇਸ਼ ਨਈਅਰ) : ਅੰਮ੍ਰਿਤਸਰ-ਫਿਰੋਜਪੁਰ ਨੈਸ਼ਨਲ ਹਾਈਵੇ 'ਤੇ ਕਸਬਾ ਨੌਸ਼ਹਿਰਾ ਪੰਨੂੰਆਂ ਦੇ ਨਜ਼ਦੀਕ ਸੋਮਵਾਰ ਸਵੇਰੇ ਹੋਏ ਭਿਆਨਕ ਸੜਕ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।ਇੱਕ ਗੰਭੀਰ ਜ਼ਖ਼ਮੀ ਨੇ ਹਸਪਤਾਲ ਵਿੱਚ ਜਾ ਕੇ ਦਮ ਤੋਡ਼ ਦਿੱਤਾ,ਜਦਕਿ ਇੱਕ ਹੋਰ  ਗੰਭੀਰ ਜ਼ਖ਼ਮੀ ਹਸਪਤਾਲ ਵਿੱਚ ਜੇਰੇ ਇਲਾਜ ਹੈ।ਮ੍ਰਿਤਕਾਂ ਵਿੱਚ ਪਤੀ,ਪਤਨੀ ਅਤੇ ਨਵ-ਵਿਆਹੁਤਾ ਨੂੰਹ ਵੀ ਸ਼ਾਮਲ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਮੁਕਤਸਰ ਦੇ ਪਿੰਡ ਕਟੋਰੇਵਾਲਾ ਦੇ ਰਹਿਣ ਵਾਲੇ ਚੰਨਣ ਸਿੰਘ ਆਪਣੀ ਪਤਨੀ,ਪੁੱਤਰ,ਨੂੰਹ ਅਤੇ ਭਤੀਜੇ ਨਾਲ ਆਪਣੀ ਕਾਰ ਨੰਬਰ ਪੀ.ਬੀ 30 ਐਸ 3705 'ਤੇ ਸਵਾਰ ਹੋਕੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਨਤਮਸਤਕ ਹੋਣ ਲਈ ਘਰੋਂ ਚੱਲੇ ਸਨ।ਇੰਨਾ ਦੀ ਕਾਰ ਜਦ ਕਸਬਾ ਨੌਸ਼ਹਿਰਾ ਪੰਨੂੰਆਂ ਦੇ ਨਜ਼ਦੀਕ ਨੈਸ਼ਨਲ ਪਬਲਿਕ ਸਕੂਲ ਦੇ ਕੋਲ ਪੁੱਜੀ ਤਾਂ ਸਾਹਮਣੇ ਜਾ ਰਹੀ ਰੇਤਾ ਨਾਲ ਭਰੀ ਟਰੈਕਟਰ-ਟਰਾਲੀ ਦੇ ਪਿੱਛੇ ਧੱਸ ਗਈ।ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਵਿੱਚ ਸਵਾਰ ਚੰਨਣ ਸਿੰਘ,ਉਸਦੀ ਪਤਨੀ ਦਵਿੰਦਰ ਕੌਰ ਅਤੇ ਭਤੀਜੇ ਅਜੈਪਾਲ ਸਿੰਘ ਗੋਲ੍ਹਾ ਦੀ ਮੌਕੇ 'ਤੇ ਹੀ ਮੌਤ ਹੋ ਗਈ।ਜਦਕਿ ਗਗਨਦੀਪ ਕੌਰ ਅਤੇ ਅਮੋਲਕਦੀਪ ਸਿੰਘ (ਚੰਨਣ ਸਿੰਘ ਦੇ ਪੁੱਤਰ ਤੇ ਨੂੰਹ) ਗੰਭੀਰ ਜ਼ਖ਼ਮੀ ਹੋ ਗਏ।ਬਾਅਦ ਵਿੱਚ ਹਸਪਤਾਲ ਜੇਰੇ ਇਲਾਜ਼ ਗਗਨਦੀਪ ਕੌਰ ਦੀ ਵੀ ਮੌਤ ਹੋ ਗਈ। ਜ਼ਿਕਰਯੋਗ ਹੈ ਮ੍ਰਿਤਕਾ ਗਗਨਦੀਪ ਕੌਰ ਦਾ ਅਜੇ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਹਾਦਸੇ ਦੀ ਖਬਰ ਮਿਲਦੇ ਹੀ ਪੁਲਿਸ ਚੌਂਕੀ ਨੌਸ਼ਹਿਰਾ ਪਨੂੰਆਂ ਦੇ ਇੰਚਾਰਜ ਦਵਿੰਦਰ ਸਿੰਘ ਗਰਚਾ ਤੁਰੰਤ ਮੌਕੇ 'ਤੇ ਪੁੱਜ ਗਏ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ।ਇਸ ਹਾਦਸੇ ਸੰਬੰਧੀ ਪੁਲਿਸ ਥਾਣਾ ਸਰਹਾਲੀ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ।


Post a Comment

0Comments

Post a Comment (0)