ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਨੇ ਮੰਤਰੀ ਡਾ. ਬਲਜੀਤ ਕੌਰ ਨੂੰ ਮਿਲ ਕੇ ਦਿੱਤਾ ਮੰਗ ਪੱਤਰ

bttnews
0

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਨੇ ਮੰਤਰੀ ਡਾ. ਬਲਜੀਤ ਕੌਰ ਨੂੰ ਮਿਲ ਕੇ ਦਿੱਤਾ ਮੰਗ ਪੱਤਰ
ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੂੰ ਮੰਗ ਪੱਤਰ ਦਿੰਦੇ ਹੋਏ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ।



 ਸ੍ਰੀ ਮੁਕਤਸਰ ਸਾਹਿਬ , 3 ਅਪ੍ਰੈਲ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਵਫ਼ਦ ਅੱਜ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਡਾਕਟਰ ਬਲਜੀਤ ਕੌਰ ਨੂੰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਮਿਲਿਆ ਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ । ਇਸ ਮੌਕੇ ਹਰਗੋਬਿੰਦ ਕੌਰ ਨੇ ਕਿਹਾ ਕਿ ਵਿਭਾਗ ਦੀ ਮੰਤਰੀ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਚੰਡੀਗੜ੍ਹ ਵਿਖੇ ਜਲਦੀ ਮੀਟਿੰਗ ਬੁਲਾਉਣ ਤਾਂ ਕਿ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਦਾ ਨਿਪਟਾਰਾ ਹੋ ਸਕੇ ।

- ਮੰਗਾਂ -

1- ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜ ਦਿੱਤੇ ਸਨ , ਨੂੰ ਵਾਪਸ ਸੈਂਟਰਾਂ ਵਿੱਚ ਭੇਜਿਆ ਜਾਵੇ ਅਤੇ ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜ਼ਾ ਦਿੱਤਾ ਜਾਵੇ । ਜਦੋਂ ਤੱਕ ਇਹ ਲਾਗੂ ਨਹੀਂ ਹੁੰਦਾ ਉਦੋਂ ਤੱਕ ਆਪ ਜੀ ਦੀ ਪਾਰਟੀ ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕੀਤਾ ਜਾਵੇ ।

 2. ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇਂ 4 ਸਾਲਾਂ ਤੋਂ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਦੀ ਭਰਤੀ ਤੁਰੰਤ ਕੀਤੀ ਜਾਵੇ । ਕਿਉਂਕਿ ਵਰਕਰਾਂ ਤੇ ਹੈਲਪਰਾਂ ਤੋਂ ਬਿਨਾਂ ਆਂਗਣਵਾੜੀ ਸੈਂਟਰਾਂ ਨੂੰ ਚਲਾਉਣ ਵਿੱਚ ਭਾਰੀ ਦਿੱਕਤਾਂ ਆ ਰਹੀਆਂ ਹਨ । ਨਿਗੂਣੇ ਮਾਣ ਭੱਤੇ ਵਿਚੋਂ ਪੱਲਿਉਂ ਪੈਸੇ ਖ਼ਰਚ ਕੇ ਕੰਮ ਚਲਾ ਰਹੀਆਂ ਹਾਂ । ਭਰਤੀ ਦੇ ਨਿਯਮਾਂ ਵਿੱਚ ਪਿਛਲੀ ਸਰਕਾਰ ਵੱਲੋਂ ਕੁੱਝ ਤਰੁੱਟੀਆਂ ਕੀਤੀਆਂ ਗਈਆਂ ਸਨ ਜਿੰਨ੍ਹਾਂ ਨੂੰ ਠੀਕ ਕੀਤਾ ਜਾਵੇ  ।  ਤਰੁੱਟੀਆਂ ਨੂੰ ਦੂਰ ਕਰਕੇ ਨਵੀਂ ਭਰਤੀ ਨਿਯਮਾਂ ਵਿੱਚ ਸੋਧਾ ਕੀਤੀਆਂ ਜਾਣ । 

3. ਐਨ ਜੀ ਓ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਮੁੱਖ ਵਿਭਾਗ ਅਧੀਨ ਲਿਆਂਦਾ ਜਾਵੇ ।

4. ਕਰੈਚ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇਂ ਤਿੰਨ ਸਾਲਾਂ ਦਾ ਮਾਣ ਭੱਤਾ ਦਿੱਤਾ ਜਾਵੇ ਤੇ ਇਹਨਾਂ ਵਰਕਰਾਂ ਨੂੰ ਮੁੱਖ ਵਿਭਾਗ ਵਿੱਚ ਮਰਜ਼ ਕੀਤਾ ਜਾਵੇ ।

5- ਵਰਕਰਾਂ ਨੂੰ ਸਮਾਰਟ ਫ਼ੋਨ ਦਿੱਤੇ ਜਾਣ , ਉਤਸ਼ਾਹ ਵਰਧਕ ਰਾਸ਼ੀ ਕ੍ਰਮਵਾਰ ਵਰਕਰ ਤੇ ਹੈਲਪਰ ਨੂੰ 500 ਰੁਪਏ ਤੇ 250 ਰੁਪਏ ਦਿੱਤੇ ਜਾਣ । ਮਹੀਨੇ ਵਿੱਚ ਪੋਸ਼ਣ ਅਭਿਆਨ ਦੇ ਤਹਿਤ ਦੋ ਪ੍ਰੋਗਰਾਮ ਕੀਤੇ ਜਾਂਦੇ ਹਨ । ਜਿੰਨਾ ਲਈ ਖ਼ਰਚਾ ਪ੍ਰਤੀ ਮਹੀਨਾ 500 ਰੁਪਏ ਦਾ ਬਜ਼ਟ ਸਰਕਾਰ ਵੱਲੋਂ ਵਰਕਰਾਂ ਨੂੰ ਦੇਣ ਲਈ ਉਪਲੱਬਧ ਹੈ । ਪ੍ਰੰਤੂ ਪਿਛਲੇਂ ਚਾਰ ਸਾਲਾਂ ਤੋਂ ਇਹ ਪੈਸੇ ਨਹੀਂ ਦਿੱਤੇ ਜਾ ਰਹੇ । ਪਰ ਇਹ ਪ੍ਰੋਗਰਾਮ ਹਰ ਮਹੀਨੇ ਕਰਵਾਏ ਜਾ ਰਹੇ ਹਨ ਤੇ ਵਰਕਰਾਂ ਪੱਲਿਉਂ ਪੈਸੇ ਖ਼ਰਚ ਰਹੀਆਂ ਹਨ । ਕਰੋਨਾ ਕਾਲ ਨੂੰ ਛੱਡ ਕੇ ਬਾਕੀ ਪ੍ਰੋਗਰਾਮਾਂ ਦੇ ਪੈਸੇ ਤੁਰੰਤ ਦਿੱਤੇ ਜਾਣ ।

6-  ਸਰਕਲ ਮੀਟਿੰਗ ਦਾ ਕਿਰਾਇਆ 200 ਰੁਪਏ ਦਿੱਤਾ ਜਾਵੇ ।

7-  ਪੀ ਐਮ ਵੀ ਵਾਈ ਦੇ 2017 ਤੋਂ ਪੈਡਿੰਗ ਪਏ ਪੈਸੇ ਰਲੀਜ਼ ਕੀਤੇ ਜਾਣ ।

8 - ਮਿੰਨੀ ਆਂਗਣਵਾੜੀ ਵਰਕਰ ਨੂੰ ਪੂਰੀ ਆਂਗਣਵਾੜੀ ਵਰਕਰ ਦਾ ਦਰਜ਼ਾ ਦਿੱਤਾ ਜਾਵੇ ।                                                  

  9- ਆਂਗਣਵਾੜੀ ਸੈਂਟਰਾਂ ਦਾ ਰਾਸ਼ਨ ਠੇਕੇਦਾਰੀ ਸਿਸਟਮ ਰਾਹੀਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਜਿਸ ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਰਾਸ਼ਨ ਬਣਾਉਣ ਲਈ ਦਿੱਤੇ ਜਾਂਦੇ ਪੈਸੇ ਪ੍ਰਤੀ ਲਾਭਪਾਤਰੀ 40 ਪੈਸੇ ਦੀ ਥਾਂ ਦੋ ਰੁਪਏ ਦਿੱਤੇ ਜਾਣ ਕਿਉਕਿ ਗੈਸ ਸਿਲੰਡਰ ਦੇ ਭਾਅ ਅਸਮਾਨੀ ਚੜ੍ਹ  ਗਏ ਹਨ ।     

10. ਆਂਗਣਵਾੜੀ ਸੈਂਟਰਾਂ ਦੀਆਂ  ਇਮਾਰਤਾਂ ਆਧੁਨਿਕ ਸਹੂਲਤਾਂ ਵਾਲੀਆਂ ਬਣਾਈਆਂ ਜਾਣ ।‌

11. ਹਜ਼ਾਰਾਂ ਆਂਗਣਵਾੜੀ ਸੈਂਟਰਾਂ ਵਿੱਚ ਮੁੱਢਲੀਆਂ ਲੋੜੀਂਦੀਆਂ ਚੀਜ਼ਾਂ ਜਿਵੇਂ ਗੈਸ ਸਿਲੰਡਰ , ਬਰਤਨ , ਦਰੀਆਂ , ਫਰਨੀਚਰ , ਕੰਨਟੇਨਰ ਆਦਿ ਨਹੀਂ ਹਨ  , ਇਹਨਾਂ ਚੀਜ਼ਾਂ ਨੂੰ ਮੁਹੱਈਆ ਕਰਵਾਇਆ ਜਾਵੇ ।  

12. ਪੰਜਾਬ ਦੇ ਸਾਰੇ ਆਂਗਣਵਾੜੀ ਸੈਂਟਰਾਂ ਵਿੱਚ ਪਿਛਲੇਂ ਕਈ ਸਾਲਾਂ ਤੋਂ ਰਜਿਸਟਰ ਅਤੇ ਹੋਰ ਲੋੜੀਂਦੇ ਕਾਗਜ਼ ਪੱਤਰ ਨਹੀਂ ਦਿੱਤੇ ਜਾ ਰਹੇ ਅਤੇ ਨਾ ਹੀ ਸੈਂਟਰਾਂ ਦੀ ਸਾਫ਼ ਸਫ਼ਾਈ ਕਰਨ ਲਈ ਕੋਈ ਸਮਾਨ ਦਿੱਤਾ ਜਾ ਰਿਹਾ ।‌ ਜਦੋਂ ਕਿ ਇਸ ਦੇ ਪ੍ਰਬੰਧ ਲਈ ਬਕਾਇਦਾ ਪੰਜ ਹਜ਼ਾਰ ਰੁਪਏ ਪ੍ਰਤੀ ਆਂਗਣਵਾੜੀ ਸੈਂਟਰ ਬੱਜਟ ਹੁੰਦਾ ਹੈ । ਮੰਗ ਹੈ ਕਿ ਇਹ ਪੈਸਾ ਆਂਗਣਵਾੜੀ ਵਰਕਰਾਂ ਦੇ ਖਾਤੇ ਵਿੱਚ ਪਾਇਆ ਜਾਵੇ ਤਾਂ ਕਿ ਉਹ ਸਾਰਾ ਸਮਾਨ ਆਪ ਖਰੀਦ ਸਕਣ ।

13. ਵਾਧੂ ਚਾਰਜ ਦਾ ਕੰਮ ਕਰਦੀ ਵਰਕਰ ਨੂੰ ਮਹੀਨੇ ਦੇ ਸਿਰਫ਼ 50 ਰੁਪਏ ਹੀ ਦਿੱਤੇ ਜਾਂਦੇ ਹਨ ।  ਮੰਗ ਹੈ ਕਿ ਘੱਟੋ ਘੱਟ ਪੰਜ ਹਜ਼ਾਰ ਰੁਪਏ ਮਹੀਨਾ ਹੋਣਾ ਚਾਹੀਦਾ ਹੈ ।‌

      ਵਫ਼ਦ ਦੀ ਗੱਲ ਸੁਣਨ ਤੋਂ ਬਾਅਦ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਉਹ ਉੱਚ ਅਧਿਕਾਰੀਆਂ ਨਾਲ ਇਸ ਸਬੰਧੀ ਗੱਲਬਾਤ ਕਰਕੇ ਯੂਨੀਅਨ ਦੀਆਂ ਆਗੂਆਂ ਨਾਲ ਮੀਟਿੰਗ ਕਰਨਗੇ ਤੇ ਜੋਂ ਵੀ ਮੰਗਾਂ ਹੋਣਗੀਆਂ ਉਹਨਾਂ ਦਾ ਹੱਲ ਕੀਤਾ ਜਾਵੇਗਾ । 

Post a Comment

0Comments

Post a Comment (0)