ਚੰਡੀਗੜ੍ਹ, 16 ਜੂਨ (BTTNEWS)- ਸੂਬੇ ਦਾ ਨਾਂ ਰੌਸ਼ਨ ਕਰਦਿਆਂ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੀਪਰੇਟਰੀ ਇੰਸਟੀਚਿਊਟ ਫਾਰ ਗਰਲਜ਼, ਮੋਹਾਲੀ ਦੀ ਕੈਡਿਟ ਦਿਲਪ੍ਰੀਤ ਕੌਰ ਨੇ ਦੇਸ਼ ਦੀ ਵੱਕਾਰੀ ਫੌਜੀ ਸਿਖਲਾਈ ਸੰਸਥਾ ਨੈਸ਼ਨਲ ਡਿਫੈਂਸ ਅਕੈਡਮੀ ਦੀ ਲੜਕੇ ਤੇ ਲੜਕੀਆਂ ਦੀ ਆਲ ਇੰਡੀਆ ਸਾਂਝੀ ਮੈਰਿਟ ਦੇ ਪਹਿਲੇ ਬੈਚ ਵਿੱਚ 27ਵਾਂ ਸਥਾਨ ਹਾਸਲ ਕੀਤਾ ਹੈ।
ਜ਼ਿਕਰਯੋਗ ਹੈ ਉਸਨੇ ਪੰਜਾਬ ਵਿੱਚ ਟੌਪਰ ਹੋਣ ਦੇ ਨਾਲ-ਨਾਲ ਕੁੱਲ ਮਿਲਾ ਕੇ ਚੋਟੀ ਦੇ ਚਾਰ ਵਿੱਚ ਰੈਂਕ ਵੀ ਪ੍ਰਾਪਤ ਕੀਤਾ। ਉਹ ਸੰਗਰੂਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਗੋਬਿੰਦਗੜ੍ਹ ਜੇਜੀਆਂ ਨਾਲ ਸਬੰਧਤ ਹੈ।
ਦੱਸਣਯੋਗ ਹੈ ਕਿ ਇਹ ਮੈਰਿਟ ਸਤੰਬਰ, 2021 ਨੂੰ ਪਾਸ ਕੀਤੇ ਗਏ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਤੋਂ ਬਾਅਦ ਤਿਆਰ ਕੀਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਕੁੜੀਆਂ ਹੁਣ ਐਨਡੀਏ ਵਿੱਚ ਸ਼ਾਮਲ ਹੋ ਸਕਦੀਆਂ ਹਨ।
ਵੇਰਵਿਆਂ ਦਾ ਖੁਲਾਸਾ ਕਰਦਿਆਂ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਦੋ ਹੋਰ ਲੜਕੀਆਂ, ਪ੍ਰਭਸਿਮਰਨ ਕੌਰ ਅਤੇ ਪੱਲਵੀ ਵੀ ਅੰਤਿਮ ਮੈਰਿਟ ਸੂਚੀ ਦੀ ਉਡੀਕ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਏਅਰ ਫੋਰਸ ਅਕੈਡਮੀ ਵਿੱਚ ਸ਼ਾਮਲ ਹੋਣ ਲਈ ਬੁਲਾਉਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਐਸ.ਏ.ਐਸ. ਨਗਰ, ਮੋਹਾਲੀ ਵਿਖੇ ਸਥਿਤ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਜੋ ਇਸ ਸਮੇਂ ਸੰਸਥਾਪਕ ਡਾਇਰੈਕਟਰ, ਮੇਜਰ ਜਨਰਲ ਆਈ.ਪੀ. ਸਿੰਘ, ਵੀ.ਐਸ.ਐਮ. ਦੀ ਅਗਵਾਈ ਅਧੀਨ ਕਾਰਜਸ਼ੀਲ ਹੈ, ਪੰਜਾਬ ਸਰਕਾਰ ਦਾ “ਪ੍ਰਾਈਡ ਆਫ਼ ਪੰਜਾਬ” ਉਪਰਾਲਾ ਹੈ। ਇਹ ਇੰਸਟੀਚਿਊਟ 2018 ਤੋਂ ਸ਼ਲਾਘਾਯੋਗ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਹੁਣ ਤੱਕ 18 ਲੇਡੀ ਕੈਡਿਟ ਪਹਿਲਾਂ ਹੀ ਆਰਮਡ ਫੋਰਸਿਜ਼ ਵਿੱਚ ਕਮਿਸ਼ਨਡ ਅਫਸਰ ਬਣ ਚੁੱਕੇ ਹਨ ਅਤੇ ਹੋਰ ਕਈ ਕੈਡਿਟ ਲਿਖਤੀ ਅਤੇ ਐਸਐਸਬੀ ਪ੍ਰੀਖਿਆ ਲਈ ਉਡੀਕ ਕਰ ਰਹੇ ਹਨ।
ਉਹਨਾਂ ਅੱਗੇ ਦੱਸਿਆ ਕਿ ਇਹ ਢੁਕਵੇਂ ਰਿਹਾਇਸ਼ੀ ਪ੍ਰਬੰਧਾਂ ਵਾਲਾ ਦੇਸ਼ ਵਿੱਚ ਆਪਣੀ ਕਿਸਮ ਦਾ ਸਿਰਫ ਇੱਕ-ਇਕੋ ਇੰਸਟੀਚਿਊਟ ਹੈ ਜੋ ਲੜਕੀਆਂ ਨੂੰ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰ ਵਜੋਂ ਕਰੀਅਰ ਬਣਾਉਣ ਲਈ ਸਿਖਲਾਈ ਦਿੰਦਾ ਹੈ। ਤਿੰਨ ਸਾਲਾ ਪ੍ਰੋਗਰਾਮ ਵਿੱਚ, ਲੇਡੀ ਕੈਡੇਟਸ ਐਮਸੀਏ ਡੀਏਵੀ ਕਾਲਜ, ਚੰਡੀਗੜ੍ਹ ਤੋਂ ਗ੍ਰੈਜੂਏਟ ਹੋਣ ਦੇ ਨਾਲ ਨਾਲ ਉਹਨਾਂ ਨੂੰ ਵਿਲੱਖਣ ਸ਼ਖਸੀਅਤ ਲਈ ਸਿਖਲਾਈ ਦਿੱਤੀ ਜਾਂਦੀ ਹੈ। ਉਹਨਾਂ ਨੂੰ ਏਐਫਸੀਏਟੀ ਅਤੇ ਸੀਡੀਐਸ ਲਿਖਤੀ ਇਮਤਿਹਾਨਾਂ ਅਤੇ ਐਸ.ਐਸ.ਬੀ. ਵਿੱਚ ਸਫਲਤਾ ਪ੍ਰਾਪਤ ਕਰਨ ਲਈ ਉੱਚ ਪੱਧਰੀ ਭਰੋਸੇਯੋਗਤਾ ਨਾਲ ਰਾਸ਼ਟਰੀ ਪੱਧਰ 'ਤੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਖਲਾਈ ਦਿੱਤੀ ਜਾਂਦੀ ਹੈ।