ਬਠਿੰਡਾ , 7 ਜੂਨ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮਾਲਵਾ ਖੇਤਰ ਨਾਲ ਸਬੰਧਿਤ ਜ਼ਿਲਿਆਂ ਦੇ ਆਗੂਆਂ ਦੀ ਮੀਟਿੰਗ ਅੱਜ ਬਠਿੰਡਾ ਵਿਖੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਹੋਈ । ਜਿਸ ਦੌਰਾਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਅਤੇ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਨਾਂ ਪੂਰੇ ਪੰਜਾਬ ਵਿਚੋਂ ਬਲਾਕ ਪੱਧਰ ਤੇ ਮੰਗ ਪੱਤਰ ਭੇਜੇ ਗਏ ਸਨ ਤੇ ਯੂਨੀਅਨ ਦੇ ਉਹਨਾਂ ਨਾਲ ਮੀਟਿੰਗ ਕਰਨ ਦਾ ਸਮਾਂ ਮੰਗਿਆ ਗਿਆ ਸੀ , ਪਰ ਅਜੇ ਤੱਕ ਮੀਟਿੰਗ ਬਾਰੇ ਕੋਈ ਸੁਨੇਹਾ ਨਹੀਂ ਆਇਆ । ਉਹਨਾਂ ਕਿਹਾ ਕਿ ਪਿਛਲੇਂ ਦਿਨੀਂ ਚੰਡੀਗੜ੍ਹ ਵਿਖੇ ਵਿਭਾਗ ਦੇ ਡਾਇਰੈਕਟਰ ਨਾਲ ਜੋ ਮੀਟਿੰਗ ਕੀਤੀ ਗਈ ਸੀ , ਉਸ ਦੇ ਸਿੱਟੇ ਵੀ ਕੋਈ ਬਹੁਤੇ ਚੰਗੇ ਨਹੀਂ ਰਹੇ ।
ਉਹਨਾਂ ਕਿਹਾ ਕਿ ਸੂਬੇ ਅੰਦਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ , ਪਰ ਸਰਕਾਰ ਭਰਤੀ ਨਹੀਂ ਕਰ ਰਹੀ । ਜਦੋਂ ਕਿ ਵਰਕਰਾਂ ਤੇ ਹੈਲਪਰਾਂ ਨੂੰ ਸੈਂਟਰਾਂ ਦਾ ਕੰਮ ਚਲਾਉਣ ਵਿੱਚ ਬਹੁਤ ਮੁਸ਼ਕਲਾਂ ਆ ਰਹੀਆਂ ਹਨ । ਉਹਨਾਂ ਦੱਸਿਆ ਕਿ 25 ਨਵੰਬਰ 2021 ਨੂੰ ਡਾਇਰੈਕਟਰ ਦੀ ਪ੍ਰਧਾਨਗੀ ਹੇਠ ਜੋ ਮੀਟਿੰਗ ਹੋਈ ਸੀ ਉਸ ਦੀ ਕਾਰਵਾਈ 3 ਜਨਵਰੀ 2022 ਨੂੰ ਜਾਰੀ ਕੀਤੀ ਗਈ , ਪਰ ਉਸ ਮੀਟਿੰਗ ਵਿੱਚ ਕੀਤੇ ਗਏ ਫੈਸਲੇ ਅੱਜ ਤੱਕ ਲਾਗੂ ਨਹੀਂ ਕੀਤੇ ਗਏ । ਉਹਨਾਂ ਫੈਸਲਿਆਂ ਨੂੰ ਤੁਰੰਤ ਲਾਗੂ ਕੀਤਾ ਜਾਵੇ । ਜਿਵੇਂ ਕਿ ਹੈਲਪਰ ਨੂੰ ਪ੍ਰਮੋਸ਼ਨ ਸਮੇਂ ਉਮਰ ਹੱਦ ਵਿੱਚ ਛੋਟ ਦੇਣਾ , ਵਰਕਰ ਤੇ ਹੈਲਪਰ ਨੂੰ ਜਰਨਲ ਬਦਲੀ ਕਰਵਾਉਣ ਲਈ ਖੁੱਲ ਦੇਣਾ , ਮਿੰਨੀ ਆਂਗਣਵਾੜੀ ਵਰਕਰ ਨੂੰ ਖਾਲੀ ਪਏ ਪੂਰੇ ਆਂਗਣਵਾੜੀ ਸੈਂਟਰ ਵਿੱਚ ਜੋਂ ਉਸ ਦੇ ਏਰੀਏ ਵਿੱਚ ਹੋਵੇ (ਜੇਕਰ ਹੈਲਪਰ ਪ੍ਰਮੋਸ਼ਨ ਲਈ ਮੌਜੂਦ ਨਾ ਹੋਵੇ) ਬਦਲੀ ਐਡਜੈਸਟਮਿੰਟ ਦਾ ਹੱਕ ਦੇਣਾ , ਆਂਗਣਵਾੜੀ ਸੈਂਟਰਾਂ ਵਿੱਚ ਦਿੱਤਾ ਜਾ ਰਿਹਾ ਰਾਸ਼ਨ ਵੜੀਆਂ , ਮੂੰਗੀ , ਵੇਸਣ , ਸੋਇਆ ਆਟਾ ਆਦਿ ਬੰਦ ਕਰਨਾ ਤੇ ਪਹਿਲਾਂ ਦੀ ਤਰ੍ਹਾਂ ਕਣਕ , ਚਾਵਲ , ਖੰਡ , ਘਿਉ , ਸੁੱਕਾ ਦੁੱਧ , ਪੰਜੀਰੀ ਆਦਿ ਦੇਣਾ ਅਤੇ ਤਿੰਨ ਜ਼ਿਲ੍ਹਿਆਂ ਵਿੱਚ ਐਨ ਜੀ ਓ ਰਾਹੀਂ ਦਿੱਤਾ ਜਾ ਰਿਹਾ ਰਾਸ਼ਨ ਬੰਦ ਕਰਕੇ ਵਿਭਾਗ ਰਾਹੀਂ ਦੇਣਾ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਦੇ ਸੈਂਟਰ ਅਤੇ ਸਟੇਟ ਦੇ ਦੋਵੇਂ ਬਿੱਲ ਇੱਕੋ ਵਾਰੀ ਪਾਸ ਕਰਵਾਏ ਜਾਣ । ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫ਼ੋਨ ਅਤੇ ਰੀਚਾਰਜ਼ ਭੱਤਾ ਦੇ ਕੇ ਹੀ ਆਨਲਾਈਨ ਫੋਟੋਆਂ ਜਾਂ ਹੋਰ ਫ਼ੋਨ ਨਾਲ ਸਬੰਧਿਤ ਕੰਮ ਕਰਵਾਏ ਜਾਣ ।
ਨਵਾਂ ਸ਼ਹਿਰ ਬਲਾਕ ਦੇ ਸ਼ਹਿਰੀ ਆਂਗਣਵਾੜੀ ਸੈਂਟਰਾਂ ਦਾ ਪਿਛਲੇਂ ਚਾਰ ਸਾਲਾਂ ਦਾ ਕਿਰਾਇਆ ਤੁਰੰਤ ਰਲੀਜ਼ ਕਰਵਾਇਆ ਜਾਣਾ । ਕਾਰਪੋਰੇਸ਼ਨਾਂ ਦੇ ਅਧੀਨ ਆਉਂਦੇ ਸ਼ਹਿਰਾਂ ਦਾ ਕਿਰਾਇਆ ਰੂਲਾਂ ਅਨੁਸਾਰ 5 ਹਜ਼ਾਰ ਅਤੇ ਬਾਕੀ ਸ਼ਹਿਰੀ ਸੈਂਟਰਾਂ ਦਾ ਕਿਰਾਇਆ ਘੱਟੋ ਘੱਟ 3 ਹਜ਼ਾਰ ਰੁਪਏ ਦੇਣਾ ਯਕੀਨੀ ਬਣਾਇਆ ਜਾਵੇ । ਐਨ ਜੀ ਓ ਬਲਾਕਾਂ ਵਿਚ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਦਾ ਮਾਰਚ , ਅਪ੍ਰੈਲ ਤੇ ਮਈ ਦਾ ਮਾਣ ਭੱਤਾ ਨਹੀਂ ਮਿਲਿਆ । ਇਹ ਤੁਰੰਤ ਦਿੱਤਾ ਜਾਵੇ ।
ਕਰੈੱਚ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇਂ ਤਿੰਨ ਸਾਲਾਂ ਦੀਆਂ ਤਨਖਾਹਾਂ ਤਰੁੰਤ ਰਲੀਜ਼ ਕੀਤੀਆਂ ਜਾਣ । ਆਂਗਣਵਾੜੀ ਸੈਂਟਰਾਂ ਦਾ ਕਿਰਾਇਆ ਹਰ ਮਹੀਨੇ ਸਮੇਂ ਸਿਰ ਅਤੇ ਪੂਰਾ ਦਿੱਤਾ ਜਾਵੇ ਅਤੇ ਇਹ ਕਿਰਾਇਆ ਆਂਗਣਵਾੜੀ ਵਰਕਰਾਂ ਦੇ ਖਾਤੇ ਵਿੱਚ ਪਾਇਆ ਜਾਵੇ । ਕਿਉਂਕਿ ਮਕਾਨ ਮਾਲਕ ਇਹ ਕਿਰਾਇਆ ਆਂਗਣਵਾੜੀ ਵਰਕਰਾਂ ਕੋਲੋਂ ਹਰ ਮਹੀਨੇ ਲੈ ਲੈਂਦੇ ਹਨ । ਜਦੋਂ ਵਿਭਾਗ ਮਕਾਨ ਮਾਲਕ ਦੇ ਖਾਤੇ ਵਿੱਚ ਰਕਮ ਪਾ ਦਿੰਦਾ ਹੈ ਤਾਂ ਉਹ ਵਰਕਰਾਂ ਨੂੰ ਇਹ ਰਕਮ ਦੇਣ ਤੋਂ ਆਨਾ ਕਾਨੀ ਕਰਦੇ ਹਨ ਅਤੇ ਇਹ ਲੜਾਈ ਝਗੜੇ ਦਾ ਕਾਰਨ ਬਣਦਾ ਹੈ ਤੇ ਅਕਸਰ ਹੀ ਮਕਾਨ ਮਾਲਕ ਆਪਣੀ ਥਾਂ ਖਾਲੀ ਕਰਵਾ ਲੈਂਦੇ ਹਨ । ਗਰਮੀਂ ਦੇ ਮੌਸਮ ਨੂੰ ਦੇਖਦੇ ਹੋਏ ਆਂਗਣਵਾੜੀ ਸੈਂਟਰਾਂ ਦਾ ਟਾਈਮ ਅਤੇ ਛੁੱਟੀਆਂ ਪਿਛਲੇਂ ਸਾਲ ਦੀ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬਰਾਬਰ ਕੀਤੀਆਂ ਜਾਣ । ਕਿਉਂਕਿ ਬਹੁਤ ਸਾਰੇ ਆਂਗਣਵਾੜੀ ਸੈਂਟਰ ਸਕੂਲਾਂ ਵਿਚ ਚੱਲ ਰਹੇ ਹਨ । ਆਂਗਣਵਾੜੀ ਸੈਂਟਰਾਂ ਵਿਚ ਬਣਾਏ ਜਾਣ ਵਾਲੇ ਰਾਸ਼ਨ ਬਾਰੇ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਇਹ ਰਾਸ਼ਨ ਆਂਗਣਵਾੜੀ ਕੇਂਦਰਾਂ ਵਿਚ ਪਕਾਉਣਾ ਸ਼ੁਰੂ ਕਰਨਾ ਹੈ ਜਾਂ ਅਜੇ ਤੱਕ ਲਾਭਪਾਤਰੀਆਂ ਨੂੰ ਕੱਚਾ ਰਾਸ਼ਨ ਘਰਾਂ ਵਿਚ ਹੀ ਵੰਡਣਾ ਹੈ । ਕਿਉਂਕਿ ਬਹੁਤ ਸਾਰੇ ਬਲਾਕਾਂ ਵਿਚ ਵਰਕਰਾਂ ਨੂੰ ਰਾਸ਼ਨ ਪਕਾ ਕੇ ਦੇਣ ਲਈ ਕਿਹਾ ਜਾ ਰਿਹਾ ਹੈ । ਰਾਸ਼ਨ ਬਣਾਉਣ ਲਈ ਬਾਲਣ ਦੇ ਪੈਸੇ 40 ਪੈਸੇ ਤੋਂ ਵਧਾ ਕੇ 2 ਰੁਪਏ ਲਾਭਪਾਤਰੀ ਕੀਤੇ ਜਾਣ ਕਿਉਂਕਿ ਗੈਸ ਸਿਲੰਡਰ ਦੀ ਕੀਮਤ ਤਿੰਨ ਗੁਣਾ ਹੋ ਚੁੱਕੀ ਹੈ । ਬਾਲਣ ਦੇ ਪੈਸੇ ਪਿਛਲੇਂ 10 ਸਾਲਾਂ ਤੋਂ ਨਹੀਂ ਵਧਾਏ ਗਏ । ਬਹੁਤ ਸਾਰੇ ਆਂਗਣਵਾੜੀ ਸੈਂਟਰਾਂ ਵਿਚ ਗੈਸ ਸਿਲੰਡਰ (ਖਾਸ ਕਰਕੇ 2016 ਵਿਚ ਖੋਲੇ ਗਏ) , ਬਰਤਨ , ਦਰੀਆਂ , ਫਰਨੀਚਰ ਆਦਿ ਬਿਲਕੁਲ ਨਹੀਂ ਹੈ । ਇਹ ਵਰਕਰਾਂ ਤੇ ਹੈਲਪਰਾਂ ਪਿਛਲੇਂ 6 ਸਾਲ ਤੋਂ ਆਪਣੇ ਪੱਲੇ ਤੋਂ ਪੈਸੇ ਖ਼ਰਚ ਕੇ ਸੈਂਟਰਾਂ ਦਾ ਕੰਮ ਚਲਾ ਰਹੀਆਂ ਹਨ । ਇਸ ਲਈ ਇਹਨਾਂ ਸੈਂਟਰਾਂ ਵਿਚ ਇਹ ਮੁੱਢਲੀ ਵਰਤੋਂ ਦੀਆਂ ਚੀਜ਼ਾਂ ਤੁਰੰਤ ਮੁਹੱਈਆ ਕੀਤੀਆਂ ਜਾਣ ।
ਮੀਟਿੰਗ ਵਿਚ ਛਿੰਦਰਪਾਲ ਕੌਰ ਥਾਂਦੇਵਾਲਾ , ਗੁਰਮੀਤ ਕੌਰ ਗੋਨੇਆਣਾ ,ਬਲਵੀਰ ਕੌਰ ਮਾਨਸਾ , ਦਲਜੀਤ ਕੌਰ ਬਰਨਾਲਾ, ਗੁਰਮੀਤ ਕੌਰ ਦਬੜੀਖਾਨਾ , ਸ਼ੀਲਾ ਦੇਵੀ ਫਿਰੋਜ਼ਪੁਰ , ਕੁਲਵੰਤ ਕੌਰ ਲੁਹਾਰਾ ਮੋਗਾ , ਅੰਮ੍ਰਿਤਪਾਲ ਕੌਰ ਬੱਲੂਆਣਾ , ਖੁਸ਼ਪਾਲ ਕੌਰ ਭਾਗਥਲਾ , ਸਰਬਜੀਤ ਕੌਰ ਫਰੀਦਕੋਟ , ਰਵਿੰਦਰ ਕੌਰ ਕੋਟਕਪੂਰਾ , ਜਸਵਿੰਦਰ ਕੌਰ ਦੋਦਾ , ਵੀਰਪਾਲ ਕੌਰ ਬੀਦੋਵਾਲੀ , ਕਿਰਨਜੀਤ ਕੌਰ ਭੰਗਚੜੀ , ਕੁਲਜੀਤ ਕੌਰ ਗੁਰੂ ਹਰਸਹਾਏ , ਪ੍ਰਕਾਸ਼ ਕੌਰ ਮਮਦੋਟ , ਛਿੰਦਰਪਾਲ ਕੌਰ ਜਲਾਲਾਬਾਦ , ਸ਼ੀਲਾ ਰਾਣੀ ਫਾਜ਼ਿਲਕਾ , ਰੇਸ਼ਮਾਂ ਰਾਣੀ ਫਾਜ਼ਿਲਕਾ , ਸਤਵੰਤ ਕੌਰ ਤਲਵੰਡੀ ਸਾਬੋ , ਲਾਭ ਕੌਰ ਸੰਗਤ , ਸਰਬਜੀਤ ਕੌਰ ਮਹਿਰਾਜ , ਨਵਜੋਤ ਕੌਰ ਬਠਿੰਡਾ , ਜਸਵੰਤ ਕੌਰ ਫਰਵਾਹੀ , ਬਲਵਿੰਦਰ ਕੌਰ ਮਾਨਸਾ , ਛਿੰਦਰਪਾਲ ਕੌਰ ਝੁਨੀਰ , ਪਰਮਿੰਦਰ ਕੌਰ ਸਰਦੂਲਗੜ੍ਹ , ਭੋਲੀ ਕੌਰ ਮਹਿਲਕਲਾਂ , ਅੰਮ੍ਰਿਤਪਾਲ ਕੌਰ ਧਨੋਲਾ , ਸਰਬਜੀਤ ਕੌਰ ਬਾਘਾਪੁਰਾਣਾ , ਮਨਮੀਤ ਕੋਰ ਨਥਾਣਾ ਅਤੇ ਰੀਟਾ ਰਾਣੀ ਮੌੜ ਆਦਿ ਆਗੂ ਮੌਜੂਦ ਸਨ ।