ਦੇਸ਼ ਭਰ ਤੋਂ ਆਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਜੰਤਰ ਮੰਤਰ ਦਿੱਲੀ ਵਿਖੇ ਕੀਤਾ ਰੋਸ ਪ੍ਰਦਰਸ਼ਨ

bttnews
0

ਪਿਛਲੇਂ ਪੰਜ ਸਾਲਾਂ ਤੋਂ ਕੇਂਦਰ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਇਕ ਰੁਪਈਆ ਵੀ ਵਾਧਾ ਨਹੀਂ ਕੀਤਾ: ਹਰਗੋਬਿੰਦ ਕੌਰ 


ਦਿੱਲੀ , 28ਜੁਲਾਈ (ਸੁਖਪਾਲ ਸਿੰਘ ਢਿੱਲੋਂ)- ਆਂਗਣਵਾੜੀ ਇੰਪਲਾਈਜ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਜੰਤਰ ਮੰਤਰ ਦਿੱਲੀ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਯੂਨੀਅਨ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਦੇਸ਼ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ । ਜਿਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪੁੱਜੀਆਂ ।  ਇਥੇ ਹੋਏ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਜਿੰਨਾ ਚਿਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਨਹੀਂ ਦਿੱਤਾ ਜਾਂਦਾ ਉਨ੍ਹਾਂ ਚਿਰ ਕੇਂਦਰੀ ਕਾਨੂੰਨ ਮੁਤਾਬਿਕ ਘੱਟੋ ਘੱਟ ਉਜਰਤਾ ਅਨੁਸਾਰ ਆਂਗਣਵਾੜੀ ਵਰਕਰਾਂ ਨੂੰ 28258 ਰੁਪਏ ਅਤੇ ਆਂਗਣਵਾੜੀ ਹੈਲਪਰਾਂ ਨੂੰ 25560 ਰੁਪਏ ਮਾਣ ਭੱਤਾ ਹਰ ਮਹੀਨੇ ਦਿੱਤਾ ਜਾਵੇ । ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਕੇਦਰ ਸਰਕਾਰ ਦੀ ਆਈ ਸੀ ਡੀ ਐਸ ਸਕੀਮ ਅਧੀਨ 2 ਅਕਤੂਬਰ 1975 ਤੋਂ ਆਂਗਣਵਾੜੀ ਸੈਂਟਰਾਂ ਵਿੱਚ ਕੰਮ ਕਰ ਰਹੀਆਂ ਹਨ । ਪਰ ਲਗਭਗ 48 ਸਾਲ ਬੀਤ ਜਾਣ ਦੇ ਬਾਵਜੂਦ ਵੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਨਹੀਂ ਦਿੱਤਾ ਗਿਆ ।    ਉਹਨਾਂ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅਤੇ ਹੈਲਪਰਾਂ ਨੂੰ ਚੋਥੇ ਦਰਜੇ ਦਾ ਗਰੇਡ ਦਿੱਤਾ ਜਾਵੇ । ਮਿੰਨੀ ਆਂਗਣਵਾੜੀ ਵਰਕਰਾਂ ਨੂੰ ਪੂਰੀ ਵਰਕਰ ਦਾ ਦਰਜਾ ਦੇ ਕੇ ਪੂਰੀ ਤਨਖਾਹ ਦਿੱਤੀ ਜਾਵੇ । ਆਂਗਣਵਾੜੀ ਸੈਂਟਰਾਂ ਵਿਚ ਗਰਮੀਂ ਤੇ ਸਰਦੀ ਦੀਆਂ ਛੁੱਟੀਆਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬਰਾਬਰ ਦਿੱਤੀਆਂ ਜਾਣ । ਲਾਭਪਾਤਰੀਆਂ ਨੂੰ ਦਿੱਤਾ ਜਾਣ ਵਾਲਾ ਰਾਸ਼ਨ ਮਹਿੰਗਾਈ ਸੂਚਿਕ ਅੰਕ ਨਾਲ ਜੋੜ ਕੇ ਸਾਲ ਵਿਚ 300 ਦਿਨ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਦਿੱਤਾ ਜਾਵੇ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪੈਨਸ਼ਨ , ਗਰੈਚੁਟੀ ਅਤੇ ਸਿਹਤ ਸਹੂਲਤਾਂ ਦਿੱਤੀਆਂ ਜਾਣ । ਆਂਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ ਅਧੁਨਿਕ ਸਹੂਲਤਾਂ ਵਾਲੀਆਂ ਬਣਾਈਆਂ ਜਾਣ । 

ਇਹ ਵੀ ਪੜ੍ਹੋ  - Punjab Flood // ਪੰਜਾਬ ਵਿੱਚ ਕੁੱਲ 1475 ਪਿੰਡਾਂ 'ਚ ਪਈ ਹੜ੍ਹਾਂ ਦੀ ਮਾਰ



  ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਦੋਸ਼ ਲਗਾਇਆ ਕਿ ਕਿ ਦੇਸ਼ ਭਰ ਦੀਆਂ ਕਰੀਬ 28 ਲੱਖ ਅਤੇ ਪੰਜਾਬ ਵਿਚ 54 ਹਜ਼ਾਰ ਤੋਂ ਵੱਧ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਕੰਮ ਕਰ ਰਹੀਆਂ ਹਨ । ਪਰ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨਾਲ ਨਾਲ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਤੇ ਅੱਖੋਂ ਪਰੋਖੇ ਕੀਤਾ ਗਿਆ ਹੈ । ਜਿਸ ਕਰਕੇ ਜਥੇਬੰਦੀ ਨੂੰ ਸਰਕਾਰਾਂ ਦੇ ਖਿਲਾਫ ਤਕੜੇ ਸੰਘਰਸ਼ ਕਰਨੇ ਪਏ ਹਨ ਅਤੇ ਥਾਣਿਆਂ , ਜੇਲਾਂ ਵਿੱਚ ਜਾਣਾ ਪਿਆ ਹੈ ।   ਉਹਨਾਂ ਕਿਹਾ ਕਿ ਪਿਛਲੇਂ ਪੰਜ ਸਾਲਾਂ ਤੋਂ ਕੇਂਦਰ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਇਕ ਰੁਪਈਆ ਵੀ ਵਾਧਾ ਨਹੀਂ ਕੀਤਾ ।       ਇਸ ਮੌਕੇ ਜਥੇਬੰਦੀ ਵੱਲੋਂ ਕੇਂਦਰ ਸਰਕਾਰ ਦੇ ਨਾਂ ਮੰਗ ਪੱਤਰ ਦਿੱਤਾ ਗਿਆ ।  ਇਥੇ ਇਹ ਵਰਨਣਯੋਗ ਹੈ ਕਿ ਵੱਖ ਵੱਖ ਸੂਬਿਆਂ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਰਾਤ ਨੂੰ ਹੀ ਰੇਲ ਗੱਡੀਆਂ ਅਤੇ ਬੱਸਾਂ ਆਦਿ ਸਾਧਨਾਂ ਰਾਹੀਂ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ ।  ਇਸ ਮੌਕੇ ਯੂਨੀਅਨ ਦੀਆਂ ਆਗੂ ਮਧੂ ਬਾਲਾ , ਯਧੂ ਬਾਲਾ , ਸੰਤੋਸ਼ ਗੁੱਜਰ , ਗਰੀਮਾ ਅਹਾਲਵਤ , ਰੂਪਾ ਸ਼ਸੋਲੀਆ , ਛਿੰਦਰਪਾਲ ਕੌਰ ਥਾਂਦੇਵਾਲਾ , ਦਲਜਿੰਦਰ ਕੌਰ ਉਦੋਨੰਗਲ , ਗੁਰਮੀਤ ਕੌਰ ਗੋਨੇਆਣਾ , ਬਲਵੀਰ ਕੌਰ ਮਾਨਸਾ , ਸਤਵੰਤ ਕੌਰ ਭੋਗਪੁਰ , ਸੀਤਾ ਦੇਵੀ , ਸੁਮਨ ਜੈਨ , ਰਾਮ ਰੱਤੀ ਅਤੇ ਕਿਰਨ ਦੇਵੀ ਆਦਿ ਮੌਜੂਦ ਸਨ ।

Post a Comment

0Comments

Post a Comment (0)