ਦਰਿਆ ਵਿੱਚ ਫਸੇ ਪਰਿਵਾਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਆਪ ਕਿਸ਼ਤੀ ਰਾਹੀਂ ਪਹੁੰਚੇ ਕੈਬਨਿਟ ਮੰਤਰੀ
ਚੰਡੀਗੜ੍ਹ, 11 ਜੁਲਾਈ (BTTNEWS)- ਪਿਛਲੇ ਦੋ ਦਿਨਾਂ ਤੋਂ ਨਿਰੰਤਰ ਪੱਟੀ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਲੱਗੇ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਪਿੰਡ ਗਦਾਈਕੇ ਦੇ ਗੁਰਦੁਆਰਾ ਸਾਹਿਬ ਵਿੱਚ ਪਾਣੀ ਵੜਨ 'ਤੇ ਖ਼ੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਪਣੇ ਸਿਰ' ਤੇ ਚੁੱਕ ਕੇ ਸੁਰੱਖਿਅਤ ਥਾਂ 'ਤੇ ਪਹੁੰਚਾਏ। ਇਸ ਤੋਂ ਇਲਾਵਾ ਸ. ਭੁੱਲਰ ਕਿਸ਼ਤੀ ਵਿੱਚ ਸਵਾਰ ਹੋ ਕੇ ਪਾਣੀ ਵਿੱਚ ਫਸੇ ਪਰਿਵਾਰਾਂ ਨੂੰ ਬਾਹਰ ਕੱਢਣ ਲਈ ਉਨ੍ਹਾਂ ਤੱਕ ਪਹੁੰਚੇ ਅਤੇ ਪਿੰਡ ਘੜੁੰਮ ਤੇ ਬਸਤੀ ਲਾਲ ਸਿੰਘ ਦੇ 6 ਪਰਿਵਾਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਸ. ਲਾਲਜੀਤ ਸਿੰਘ ਭੁੱਲਰ ਪਾਣੀ ਦੀ ਭਿਆਨਕ ਮਾਰ ਹੇਠ ਆਏ ਦਰਿਆ ਸਤਲੁਜ ਦੇ ਨੀਵੇਂ ਇਲਾਕਿਆਂ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ ਆਪ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਕੈਬਨਿਟ ਮੰਤਰੀ ਸ. ਭੁੱਲਰ ਜ਼ਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਤੇ ਐੱਸ.ਐੱਸ.ਪੀ. ਸ੍ਰੀ ਗੁਰਮੀਤ ਸਿੰਘ ਚੌਹਾਨ ਨਾਲ ਦੇਰ ਰਾਤ ਤੋਂ ਹੀ ਹਰੀਕੇ ਹੈੱਡਵਰਕਸ ਅਤੇ ਧੁੱਸੀ ਬੰਨ੍ਹ ਦਾ ਦੌਰਾ ਕਰਕੇ ਲਗਾਤਾਰ ਪਾਣੀ ਦੇ ਪੱਧਰ ਦਾ ਜਾਇਜ਼ਾ ਲੈ ਰਹੇ ਹਨ ਅਤੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੇ ਹਨ।
ਇਸ ਤੋਂ ਪਹਿਲਾ ਸਵੇਰੇ ਧੁੱਸੀ ਬੰਨ੍ਹ ਨੂੰ ਢਾਹ ਲੱਗਣ ਦਾ ਪਤਾ ਲੱਗਣ ‘ਤੇ ਤੁਰੰਤ ਸ. ਲਾਲਜੀਤ ਸਿੰਘ ਭੁੱਲਰ ਮੌਕੇ ‘ਤੇ ਪਹੁੰਚੇ ਅਤੇ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਲੋਕਾਂ ਦੇ ਸਹਿਯੋਗ ਸਕਦਾ ਇਹ ਬੰਨ੍ਹ ਟੁੱਟਣ ਤੋਂ ਬਚਾਇਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੁਸ਼ਕਿਲ ਦੀ ਘੜੀ ਵਿੱਚ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਲਈ ਵਚਨਬੱਧ ਹੈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਨੇ ਕਿਹਾ ਕਿ ਲੋਕਾਂ ਨੂੰ ਮੁਸ਼ਕਿਲ ਦੀ ਇਸ ਘੜੀ ਵਿੱਚੋਂ ਬਾਹਰ ਕੱਢਣ ਲਈ ਜ਼ਿਲ੍ਹਾ ਪ੍ਰਸ਼ਾਸਨ ਦ੍ਰਿੜ੍ਹ ਸੰਕਲਪ ਹੈ ਅਤੇ ਪਾਣੀ ਦੀ ਮਾਰ ਹੇਠ ਆਏ ਪਿੰਡਾਂ ਦੇ ਲੋਕਾਂ ਨੂੰ ਰਾਹਤ ਪੁਹੰਚਾਉਣ ਲਈ ਲਗਾਤਾਰ ਯਤਨਸ਼ੀਲ ਹੈ। ਉੁਨ੍ਹਾਂ ਕਿਹਾ ਲੋਕਾਂ ਦੇ ਠਹਿਰਣ ਲਈ 7 ਰਾਹਤ ਕੈਂਪ ਬਣਾਏ ਗਏ ਹਨ, ਜਿੱਥੇ ਉਨ੍ਹਾਂ ਨੂੰ ਲੋੜੀਂਦੀਆਂ ਸੁਵਿਧਾਵਾਂ ਪਹੁੰਚਾਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਰਾਹਤ ਕੈਂਪਾਂ ਵਿੱਚ ਲੋਕਾਂ ਲਈ ਖਾਣ-ਪੀਣ ਅਤੇ ਦਵਾਈਆਂ ਆਦਿ ਉਪਲੱਬਧ ਹਨ ਅਤੇ ਡਾਕਟਰੀ ਸਹਾਇਤਾ ਲਈ ਮੈਡੀਕਲ ਟੀਮਾਂ ਦੀ ਡਿਊਟੀ ਲਗਾਈ ਗਈ ਹੈ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਪਿੰਡ ਕੋਟ ਬੁੱਢਾ, ਮੁੱਠਿਆਂਵਾਲਾ, ਸੀਤੋ ਮਹਿ ਝੁੱਗੀਆਂ, ਰਾਧਲਕੇ, ਭੰਗਾਲਾ, ਤੂਤ, ਝੁੱਗੀਆਂ ਪੀਰ ਬਖਸ਼, ਰਾਮ ਸਿੰਘ ਵਾਲਾ, ਝੁੱਗੀਆਂ ਨੱਥਾ ਸਿੰਘ ਅਤੇ ਝੁੱਗੀਆਂ ਨੂਰ ਮੁਹੰੰਮਦ, ਡੂਮਨੀ ਵਾਲਾ, ਜਲੋਕੇ, ਭਾਓ ਵਾਲ, ਭੋਜੋਕੇ, ਬੱਲੜ ਕੇ, ਰਸੂਲਪੁਰ, ਤਲਵੰਡੀ ਮੋਹਰ ਸਿੰਘ, ਕਿਲ੍ਹਾ ਪਤੀ, ਬੰਗਲਾ ਰਾਏ ਆਦਿ ਪਿੰਡਾਂ ਦਾ ਦੌਰਾ ਕਰ ਚੁੱਕੇ ਹਨ, ਜਿੱਥੇ ਉਨ੍ਹਾਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।