ਪੰਜਾਬੀ ਮੁਟਿਆਰਾਂ ਵੱਲੋਂ ਤੀਆਂ ਤੀਜ ਦੀਆਂ 2023 ਮੇਲੇ ਦਾ ਆਯੋਜਨ

bttnews
0ਬਰਨਾਲਾ : (BTTNEWS)-  ਬਰਨਾਲਾ ਦੇ ਕਸਬਾ ਧਨੌਲਾ ਵਿਖੇ ਮਿਠਾਸ ਹਵੇਲੀ ਵਿੱਚ ਤੀਆਂ ਤੀਜ ਦੀਆਂ 2023 ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਮੇਲੇ ਵਿੱਚ ਬਰਨਾਲਾ, ਧਨੌਲਾ, ਬਾਘਾਪੁਰਾਣਾ, ਕੱਟੂ, ਫਰਵਾਹੀ ਅਤੇ ਸੁਨਾਮ ਤੋਂ ਰਿਵਾਇਤੀ ਪੰਜਾਬੀ ਪਹਿਰਾਵੇ ਵਿੱਚ ਸਜ ਧਜ ਕੇ ਆਈਆਂ ਮੁਟਿਆਰਾਂ ਵੱਲੋਂ ਮੇਲੇ ਵਿੱਚ ਸ਼ਿਰਕਤ ਕੀਤੀ ਗਈ। ਇਸ ਮੌਕੇ ਮੁਟਿਆਰਾਂ ਵੱਲੋਂ ਵਿਰਾਸਤੀ ਪੰਜਾਬੀ ਬੋਲੀਆਂ, ਗਿੱਧਾ ਅਤੇ ਭੰਗੜਾ ਪਾ ਕੇ ਮੇਲੇ ਦਾ ਰੰਗ ਬੰਨ੍ਹਿਆ ਗਿਆ। ਮੇਲੇ ਦੀ ਪ੍ਰਬੰਧਕ ਟੀਮ ਦੀ ਮੈਂਬਰ ਰਸ਼ਮੀ ਨੇ ਕਿਹਾ ਕਿ ਇਹ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਦੀ ਅਤੇ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਆਪਣੇ ਰਿਵਾਇਤੀ ਰੀਤੀ ਰਿਵਾਜ਼ਾਂ, ਪਹਿਰਾਵੇ, ਖਾਣ ਪਾਣ ਅਤੇ ਸੱਭਿਆਚਾਰ ਨਾਲ ਜੋੜੀ ਰੱਖਣ ਦੀ। ਮੈਡਮ ਰਸ਼ਮੀ ਨੇ ਕਿਹਾ ਕਿ ਪੁਰਾਣੇ ਸਮਿਆਂ ਵਿੱਚ ਪੰਜਾਬੀਆਂ ਵੱਲੋਂ ਸਾਉਣ ਮਹੀਨੇ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਸੀ। ਹਾਰ ਸ਼ਿੰਗਾਰ ਅਤੇ ਰੰਗ ਬਿਰੰਗੇ ਬਸਤਰਾਂ ਵਿੱਚ ਸਜੀਆਂ ਸਹੇਲੀਆਂ ਇਕੱਠੀਆਂ ਹੁੰਦੀਆਂ ਸਨ। ਪਿੰਡ ਵਿੱਚ ਕਿਸੇ ਢੁਕਵੀਂ ਥਾਂ ਤੇ ਗਿੱਧੇ ਦਾ ਪਿੜ ਬੱਝਦਾ ਅਤੇ ਪੇਕੇ ਆਈਆਂ ਕੁੜੀਆਂ ਅਤੇ ਪਿੰਡ ਦੀਆਂ ਧੀਆਂ, ਔਰਤਾਂ ਤੇ  ਸੁਆਣੀਆਂ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ, ਬੋਲੀਆਂ ਦੇ ਨਾਲ ਨਾਲ ਗਿੱਧਾ ਪਾਉਂਦੀਆਂ ਅਤੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀਆਂ। ਪਰ ਹੁਣ ਸਮੇਂ ਦੀ ਤੇਜ਼ ਰਫ਼ਤਾਰੀ ਨਾਲ ਸਾਡੇ ਰੀਤੀ ਰਿਵਾਜ਼ ਮਨਾਉਣ ਦੇ ਢੰਗ ਵੀ ਬਦਲ ਗਏ ਹਨ। ਪ੍ਰਬੰਧਕ ਸੋਨੂੰ ਅਤੇ ਗਗਨ ਨੇ ਕਿਹਾ ਕਿ ਪੰਜਾਬ ਤਿਉਹਾਰਾਂ ਦੀ ਧਰਤੀ ਹੈ। ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਉਹਨਾਂ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੇ ਪੰਜਾਬ ਦੇ ਅਮੀਰ ਵਿਰਸੇ ਦੇ ਬਾਰੇ ਜਾਣਕਾਰੀ ਦਿੰਦਾ ਹੈ ਅਤੇ ਸਾਨੂੰ ਉਸ ਨਾਲ ਜੁੜੇ ਰਹਿਣ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਅਤੇ ਸੰਭਾਲ ਕੇ ਰੱਖਣ ਲਈ ਪ੍ਰੇਰਿਤ ਕਰਦਾ ਹੈ। ਉਹਨਾਂ ਕਿਹਾ ਕਿ ਸਾਨੂੰ ਸਾਡੇ ਇਸ ਅਮੀਰ ਵਿਰਸੇ ਨੂੰ ਸੰਭਾਲਣ ਦੀ ਬਹੁਤ ਜ਼ਰੂਰਤ ਹੈ ਅਤੇ ਇਸਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੇ ਵਿਰਾਸਤ ਦੀ ਰਾਖੀ ਕਰਨੀ ਹੋਵੇਗੀ। ਪ੍ਰੋਗਰਾਮ ਦੇ ਅੰਤ ਵਿੱਚ ਮੇਲੇ ਦੇ ਪ੍ਰਬੰਧਕਾਂ ਵੱਲੋਂ ਮੁਟਿਆਰਾਂ ਨੂੰ ਹੌਸਲਾ ਅਫਜ਼ਾਈ ਲਈ ਤੋਹਫ਼ੇ ਦਿੱਤੇ ਗਏ ਅਤੇ ਮੈਡਮ ਰਸ਼ਮੀ ਤੇ ਜਸਵੀਰ ਕੌਰ ਵੱਲੋਂ ਮੇਲੇ ਦਾ ਹਿੱਸਾ ਬਣਨ ਅਤੇ ਸਫ਼ਲ ਬਣਾਉਣ ਲਈ ਉਹਨਾਂ ਦਾ ਧੰਨਵਾਦ ਕੀਤਾ ਗਿਆ।

Post a Comment

0Comments

Post a Comment (0)