ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ ਕੇ ਪੰਜਾਬ ਦੇ ਸੱਭਿਆਚਾਰ ਤੇ ਵੱਡਾ ਹਮਲਾ: ਹਰਗੋਬਿੰਦ ਕੌਰ

bttnews
0

 ਔਰਤਾਂ ਨੂੰ ਦੇਣਾ ਸੀ ਹਜ਼ਾਰ ਹਜ਼ਾਰ ਰੁਪਈਆ ਪਰ ਖੋਲ ਤੇ ਸ਼ਰਾਬ ਦੇ ਠੇਕੇ 

ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ ਕੇ ਪੰਜਾਬ ਦੇ ਸੱਭਿਆਚਾਰ ਤੇ ਵੱਡਾ ਹਮਲਾ: ਹਰਗੋਬਿੰਦ ਕੌਰ


ਸ੍ਰੀ ਮੁਕਤਸਰ ਸਾਹਿਬ , 13 ਅਗਸਤ (ਸੁਖਪਾਲ ਸਿੰਘ ਢਿੱਲੋਂ)
- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਦੋਸ਼ ਲਗਾਇਆ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ ਕੇ ਪੰਜਾਬ ਦੇ ਸੱਭਿਆਚਾਰ ਤੇ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਇਕ ਵੱਡਾ ਹਮਲਾ ਕੀਤਾ ਹੈ । 
      ਉਹਨਾਂ ਕਿਹਾ ਕਿ ਪਹਿਲਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿਚ ਪੂਰੀ ਤਰ੍ਹਾਂ ਧਸ ਚੁੱਕੀ ਹੈ । ਪੰਜਾਬ ਸਰਕਾਰ ਨੇ ਜਨਤਾ ਨਾਲ ਵਾਅਦਾ ਤਾਂ ਇਹ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਆਉਣ ਤੇ ਪੰਜਾਬ ਵਿਚੋਂ ਨਸ਼ਿਆਂ ਦਾ ਖਾਤਮਾ ਕੀਤਾ ਜਾਵੇਗਾ । ਪਰ ਇਥੇ ਨਸ਼ੇ ਬੰਦ ਤਾਂ ਕੀ ਕਰਨੇ ਸਨ ਉਲਟਾ ਔਰਤਾਂ ਲਈ ਵੀ ਨਸ਼ਿਆਂ ਦਾ ਪ੍ਰਬੰਧ ਕਰਕੇ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਰਹੇ ਹਨ ਜੋ ਨਿੰਦਣਯੋਗ ਹੈ । ਉਹਨਾਂ ਕਿਹਾ ਕਿ ਸਰਕਾਰ ਨੂੰ ਔਰਤਾਂ ਦੀ ਪੀੜ ਤਾਂ ਦਿਸ ਨਹੀਂ ਰਹੀ , ਕਿਉਂਕਿ ਨਸ਼ਿਆਂ ਦੇ ਕਾਰਨ ਅਨੇਕਾਂ ਔਰਤਾਂ ਦੇ ਨੌਜਵਾਨ ਪੁੱਤ ਅਤੇ ਪਤੀ ਨਿੱਤ ਰੋਜ ਸਿਵਿਆਂ ਦੇ ਰਾਹ ਤੁਰ ਰਹੇ ਹਨ ।
        ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਵਾਲੇ ਚਲਾ ਰਹੇ ਹਨ ਤੇ ਉਹਨਾਂ ਨੂੰ ਪੰਜਾਬ ਦੇ ਸੱਭਿਆਚਾਰਕ ਅਤੇ ਵਿਰਸੇ ਬਾਰੇ ਕੁੱਝ ਪਤਾ ਨਹੀਂ ਹੈ । ਪਰ ਪੰਜਾਬ ਦੀਆਂ ਔਰਤਾਂ ਆਪਣੇ ਅਮੀਰ ਵਿਰਸੇ ਤੇ ਇਹ ਹਮਲਾ ਬਰਦਾਸ਼ਤ ਨਹੀਂ ਕਰਨਗੀਆਂ ਤੇ ਇਸ ਦਾ ਭਾਰੀ ਵਿਰੋਧ ਕੀਤਾ ਜਾਵੇਗਾ । 
         ਉਹਨਾਂ ਕਿਹਾ ਕਿ ਕਿੰਨੀ ਹਾਸੋਹੀਣੀ ਗੱਲ ਹੈ ਕਿ ਕਿਹਾ ਤਾਂ ਇਹ ਗਿਆ ਸੀ ਕਿ ਹਰੇਕ ਔਰਤ ਨੂੰ ਲੂਣ ਤੇਲ ਦਾ ਪ੍ਰਬੰਧ ਕਰਨ ਲਈ ਹਜ਼ਾਰ ਹਜ਼ਾਰ ਰੁਪਏ ਦਿੱਤੇ ਜਾਣਗੇ , ਪਰ ਖੋਲੇ ਜਾ ਰਹੇ ਹਨ ਔਰਤਾਂ ਲਈ ਸ਼ਰਾਬ ਦੇ ਠੇਕੇ , ਇਹ ਗੱਲ ਕਿਧਰ ਨੂੰ ਗਈ । ਪੰਜਾਬ ਸਰਕਾਰ ਆਪਣਾ ਇਹ ਫੈਸਲਾ ਤੁਰੰਤ ਵਾਪਸ ਲਵੇ ।
ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ ਕੇ ਪੰਜਾਬ ਦੇ ਸੱਭਿਆਚਾਰ ਤੇ ਵੱਡਾ ਹਮਲਾ: ਹਰਗੋਬਿੰਦ ਕੌਰ


Post a Comment

0Comments

Post a Comment (0)