- ਹਨੀ ਫੱਤਣਵਾਲਾ ਦੇ ਘਰ ਹਰਗੋਬਿੰਦ ਕੌਰ ਨੇ ਅਕਾਲੀ ਆਗੂਆਂ ਨਾਲ ਕੀਤੀ ਮੀਟਿੰਗ -
ਸ੍ਰੀ ਮੁਕਤਸਰ ਸਾਹਿਬ , 18 ਅਗਸਤ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਹੈ ਕਿ ਹਰ ਪਿੰਡ ਸ਼ਹਿਰ ਵਿੱਚ ਇਕਾਈਆਂ ਬਣਾ ਕੇ ਔਰਤਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਨਾਲ ਜੋੜਿਆ ਜਾਵੇਗਾ ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਨੂੰ ਤਕੜਾ ਕਰ ਕੇ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾਵੇਗੀ ।
ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਜਨਰਲ ਸਕੱਤਰ ਅਤੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਹਨੀ ਫੱਤਣਵਾਲਾ ਦੇ ਘਰ ਉਹਨਾਂ ਦੇ ਸਨਮਾਨ ਵਿੱਚ ਰੱਖੇ ਗਏ ਸਮਾਗਮ ਵਿੱਚ ਬੋਲਦਿਆ ਹਰਗੋਬਿੰਦ ਕੌਰ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਉਹਨਾਂ ਵੱਲੋਂ ਔਰਤਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਤੇ ਇਸਤਰੀ ਵਿੰਗ ਦੀਆਂ ਇਕਾਈਆਂ ਬਣਾਈਆਂ ਜਾ ਰਹੀਆਂ ਹਨ । ਉਹਨਾਂ ਕਿਹਾ ਕਿ ਥੋੜੇ ਸਮੇਂ ਵਿੱਚ ਹੀ ਇਸਤਰੀ ਵਿੰਗ ਵੱਲੋਂ ਵੱਡੀ ਰੈਲੀ ਕੀਤੀ ਜਾਵੇਗੀ ਅਤੇ ਇਸ ਰੈਲੀ ਵਿੱਚ ਹਜ਼ਾਰਾਂ ਔਰਤਾਂ ਦੀ ਸ਼ਮੂਲੀਅਤ ਹੋਵੇਗੀ ।
ਜਗਜੀਤ ਸਿੰਘ ਹਨੀ ਫੱਤਣਵਾਲਾ ਦੇ ਘਰ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੂੰ ਸਨਮਾਨਿਤ ਕਰਨ ਦਾ ਦ੍ਰਿਸ਼ |
ਉਹਨਾਂ ਕਿਹਾ ਕਿ ਹਰੇਕ ਔਰਤ ਤੱਕ ਅਕਾਲੀ ਦਲ ਵੱਲੋਂ ਆਪਣੇ ਰਾਜ ਭਾਗ ਦੌਰਾਨ ਕੀਤੇ ਗਏ ਕੰਮਾਂ , ਵਿਕਾਸ ਕਾਰਜਾਂ ਅਤੇ ਆਮ ਲੋਕਾਂ ਲਈ ਚਲਾਈਆਂ ਗਈਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਪਹੁੰਚਾਈ ਜਾਵੇਗੀ ਤਾਂ ਕਿ ਉਹਨਾਂ ਨੂੰ ਇਹ ਪਤਾ ਲੱਗ ਸਕੇ ਕਿ ਪੰਜਾਬ ਦੇ ਲੋਕਾਂ ਦੀ ਹਮਦਰਦ ਪਾਰਟੀ ਅਕਾਲੀ ਦਲ ਹੀ ਹੈ । ਉਹਨਾਂ ਕਿਹਾ ਕਿ ਅੱਜ ਸਾਨੂੰ ਲੋੜ ਹੈ ਆਪਣੀ ਖੇਤਰੀ ਪਾਰਟੀ ਦੇ ਨਾਲ ਜੁੜਨ ਦੀ ।
ਹਰਗੋਬਿੰਦ ਕੌਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਸ਼ ਲਗਾਇਆ ਕਿ ਉਕਤ ਪਾਰਟੀ ਨੇ ਪੰਜਾਬ ਦੀਆਂ ਸਮੁੱਚੀਆਂ ਔਰਤਾਂ ਨਾਲ ਇਕ ਇਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕਰਕੇ ਧੋਖੇ ਨਾਲ ਸਰਕਾਰ ਬਣਾਈ ਸੀ । ਪਰ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਇਕ ਵੀ ਰੁਪਈਆ ਨਹੀਂ ਦਿੱਤਾ ਗਿਆ ਤੇ ਔਰਤਾਂ ਹਜ਼ਾਰ ਹਜ਼ਾਰ ਰੁਪਏ ਨੂੰ ਉਡੀਕ ਰਹੀਆਂ ਹਨ ।
ਅਕਾਲੀ ਦਲ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਹਰਗੋਬਿੰਦ ਕੌਰ । |
ਇਸ ਮੌਕੇ ਹਨੀ ਫੱਤਣਵਾਲਾ ਨੇ ਬੀਬੀ ਹਰਗੋਬਿੰਦ ਕੌਰ ਨੂੰ ਜੀ ਆਇਆਂ ਕਿਹਾ ਅਤੇ ਉਸ ਦੇ ਸਾਥੀਆਂ ਨੇ ਹਰਗੋਬਿੰਦ ਕੌਰ ਨੂੰ ਸਨਮਾਨਿਤ ਕੀਤਾ । ਇਸ ਸਮੇਂ ਉਹਨਾਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ ਤੇ ਉਹ ਅਕਾਲੀ ਦਲ ਨਾਲ ਜੁੜ ਰਹੇ ਹਨ ।
ਇਸ ਮੌਕੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਬਰਾੜ , ਜਗਸੀਰ ਸਿੰਘ ਨੰਬਰਦਾਰ , ਬੋਹੜ ਸਿੰਘ ਹਰਾਜ , ਇਕਬਾਲ ਸਿੰਘ ਸੰਗੂਧੌਣ , ਗੁਰਪ੍ਰੀਤ ਸਿੰਘ ਸਿੱਧੂ , ਰੇਸ਼ਮ ਸਿੰਘ , ਸ਼ਮਸ਼ੇਰ ਸਿੰਘ ਕੋਟਲੀ ਦੇਵਨ , ਜਸਕਰਨ ਸਿੰਘ ਜੱਸੇਆਣਾ , ਜਸਵੀਰ ਸਿੰਘ ਜੱਸੇਆਣਾ , ਮਨਜੀਤ ਸਿੰਘ ਮੈਂਬਰ , ਜੀਤ ਸਿੰਘ ਬਰਾੜ , ਜਗਜੀਤ ਸਿੰਘ ਚੱਕ ਬੀੜ ਸਰਕਾਰ , ਰਾਮ ਸਿੰਘ ਪੱਪੀ ਅਤੇ ਮੁਕੇਸ਼ ਕੁਮਾਰ ਆਦਿ ਮੌਜੂਦ ਸਨ ।