ਸ੍ਰੀ ਮੁਕਤਸਰ ਸਾਹਿਬ, 20 ਅਗਸਤ (BTTNEWS)- ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਨੇ ਆਪਣੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਸਮਾਜ ਸੇਵਾ ਦੇ ਖੇਤਰ ਵਿੱਚ ਪ੍ਰਸ਼ੰਸਾਯੋਗ ਨਾਮਣਾ ਖੱਟਿਆ ਹੈ। ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸ਼ਾਸਨ ਪ੍ਰਸ਼ਾਸਨ ਕੋਲ ਪਹੁੰਚਾ ਕੇ ਉਨ੍ਹਾਂ ਦਾ ਢੁੱਕਵਾਂ ਹੱਲ ਕਰਵਾਇਆ ਹੈ। ਸ਼ਹਿਰ ਅਤੇ ਇਲਾਕੇ ਨਾਲ ਸਬੰਧਤ ਆਪਣੇ ਆਪਣੇ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀ, ਅਧਿਆਪਕਾਂ, ਲੋਕ ਗਾਇਕਾ ਅਤੇ ਹੋਰ ਪ੍ਰਤਿਭਾਸ਼ਾਲੀ ਵਿਅਕਤੀਆਂ ਦਾ ਸਮੇਂ-ਸਮੇਂ ’ਤੇ ਮਾਣ ਤਾਣ ਕੀਤਾ ਹੈ। ਵਧੀਆ ਕਾਰਜਸ਼ੈਲੀ ਵਾਲੇ ਅਧਿਕਾਰੀਆਂ ਦਾ ਵੀ ਸਨਮਾਨ ਕੀਤਾ ਹੈ। ਮਿਸ਼ਨ ਵੱਲੋਂ ਆਪਣੇ 10ਵਾਂ ਸਥਾਪਨਾ ਦਿਵਸ ਆਉਂਦੀ 17 ਸਤੰਬਰ ਐਤਵਾਰ ਨੂੰ ਦੁਪਹਿਰ 3:00 ਤੋਂ 5:00 ਵਜੇ ਤੱਕ ਮਨਾਇਆ ਜਾਵੇਗਾ। ਇਸ ਸਬੰਧੀ ਪਰਿਵਾਰਕ ਮਿਲਣੀ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਇਹ ਫੈਸਲਾ ਸਥਾਨਕ ਸਿਟੀ ਹੋਟਲ ਵਿਖੇ ਮਿਸ਼ਨ ਦੀ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ ਗਿਆ। ਮਿਸ਼ਨ ਮੁਖੀ ਢੋਸੀਵਾਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਸੰਸਥਾ ਦੇ ਚੇਅਰਮੈਨ ਇੰਜ. ਅਸੋਕ ਕੁਮਾਰ ਭਾਰਤੀ ਅਤੇ ਸੀਨੀਅਰ ਮੀਤ ਪ੍ਰਧਾਨ (ਫਸਟ) ਨਿਰੰਜਣ ਸਿੰਘ ਰੱਖਰਾ ਸਮੇਤ ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ, ਜਗਦੀਸ਼ ਚੰਦਰ ਧਵਾਲ, ਅਰਸ਼ ਬੱਤਰਾ, ਸਾਹਿਲ ਕੁਮਾਰ ਹੈਪੀ, ਅਮਰ ਨਾਥ, ਚੌ. ਬਲਬੀਰ ਸਿੰਘ ਅਤੇ ਨਰਿੰਦਰ ਕਾਕਾ ਆਦਿ ਮੌਜੂਦ ਸਨ। ਮੀਟਿੰਗ ਵਿੱਚ ਕੀਤੇ ਫੈਸਲੇ ਅਨੁਸਾਰ ਸਥਾਪਨਾ ਦਿਵਸ ਮੌਕੇ ਕੇਵਲ ਟੀਮ ਮਿਸ਼ਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ, ਕਿਸੇ ਵੀ ਬਾਹਰੀ ਵਿਅਕਤੀ ਨੂੰ ਸੱਦਾ ਪੱਤਰ ਨਹੀਂ ਦਿੱਤਾ ਜਾਵੇਗਾ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਉਕਤ ਸਮਾਰੋਹ ਦੌਰਾਨ ਮਿਸ਼ਨ ਪਰਿਵਾਰ ਦੇ ਛੋਟੇ ਬੱਚਿਆਂ ਵੱਲੋਂ ਫੈਂਸੀ ਡਰੈੱਸ, ਡਾਂਸ ਅਤੇ ਕੁਇਜ਼ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਹਲਕਾ ਫੁਲਕਾ ਮਨੋਰੰਜਨ ਵੀ ਕੀਤਾ ਜਾਵੇਗਾ। ਢੋਸੀਵਾਲ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਕਤ ਸਮਾਰੋਹ ਨੂੰ ਪੂਰੀ ਤਰ੍ਹਾਂ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਲਈ ਨਿਰੰਜਣ ਸਿੰਘ ਰੱਖਰਾ ਅਤੇ ਸਾਹਿਲ ਕੁਮਾਰ ਹੈਪੀ ’ਤੇ ਆਧਾਰਿਤ ਦੋ ਮੈਂਬਰੀ ਪ੍ਰੋਜੈਕਟ ਕਮੇਟੀ ਬਣਾ ਦਿੱਤੀ ਗਈ ਹੈ। ਸਮਾਰੋਹ ਦੌਰਾਨ ਸਟੇਜ ਸੰਚਾਲਨ ਸਾਹਿਲ ਕੁਮਾਰ ਹੈਪੀ ਕਰਨਗੇ।
ਮੀਟਿੰਗ ਦੌਰਾਨ ਮੌਜੂਦ ਪ੍ਰਧਾਨ ਢੋਸੀਵਾਲ ਅਤੇ ਦੂਸਰੇ ਮੈਂਬਰ। |