ਸ੍ਰੀ ਮੁਕਤਸਰ ਸਾਹਿਬ : 11 ਅਗਸਤ (BTTNEWS)- ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਮੰਤਵ ਨਾਲ ਕਰੀਬ 20 ਸਾਲ ਪਹਿਲਾਂ ਪੰਜਾਬ ਸਰਕਾਰ ਨੇ ਸਿੱਖਿਆ ਵਲੰਟੀਅਰ ਭਰਤੀ ਕੀਤੇ ਸਨ। ਇਹਨਾਂ ਵਲੰਟੀਅਰਾਂ ਨੂੰ ਉਸ ਵੇਲੇ ਕੇਵਲ ਅੱਠ ਸੌ ਰੁਪਏ ਮਹੀਨਾ ਤਨਖਾਹ ਹੀ ਮਿਲਦੀ ਸੀ। ਇਹਨਾਂ ਵਲੰਟੀਅਰਾਂ ਨੇ ਆਪਣੀ ਜਵਾਨੀ ਅਤੇ ਪਰਿਵਾਰ ਦੀ ਪ੍ਰਵਾਹ ਨਾ ਕਰਦਿਆਂ ਸਕੂਲ ਛੱਡ ਚੁੱਕੇ ਵਿਦਿਆਰਥੀਆਂ ਦੇ ਘਰੋਂ ਘਰੀ ਜਾ ਕੇ ਮਾਪਿਆਂ ਨੂੰ ਪ੍ਰੇਰਿਤ ਕੀਤਾ। ਲੱਖਾਂ ਦੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਮੁੜ ਤੋਂ ਸਕੂਲ ਦਾਖਲ ਕਰਵਾਇਆ। ਰੈਗੂਲਰ ਈ.ਟੀ.ਟੀ. ਅਧਿਆਪਕ ਵਜੋਂ ਨਿਯੁਕਤ ਕਰਨ ਦੇ ਮੰਤਵ ਨਾਲ ਇਹਨਾਂ ਵਲੰਟੀਅਰਾਂ ਨੂੰ ਸਪੈਸ਼ਲ ਬੈੱਚ ਰਾਹੀਂ ਈ.ਟੀ.ਟੀ. ਦਾ ਕੋਰਸ ਕਰਵਾਇਆ। ਪਰੰਤੂ ਕਿਸੇ ਵੀ ਪਿਛਲੀ ਸਰਕਾਰ ਨੇ ਇਹਨਾਂ ਦੇ ਭਵਿੱਖ ਬਾਰੇ ਨਾ ਸੋਚਿਆ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਹੁਤ ਵਧੀਆ ਅਤੇ ਸ਼ਲਾਘਾਯੋਗ ਫੈਸਲਾ ਕਰਕੇ ਇਹਨਾਂ ਵਲੰਟੀਅਰਾਂ ਨੂੰ ਐਸੋਸੀਏਟ ਪ੍ਰੀ ਪ੍ਰਾਇਮਰੀ ਟੀਚਰ ਦਾ ਦਰਜਾ ਦੇ ਕੇ ਅਠਾਰਾਂ ਹਜ਼ਾਰ ਰੁਪਏ ਅਤੇ 58 ਸਾਲ ਦੀ ਉਮਰ ਤੱਕ ਸੇਵਾ ਸਕਿਓਰਟੀ ਦੇ ਦਿੱਤੀ ਹੈ। ਸਿੱਖਿਆ ਵਿਭਾਗ ਵਿੱਚ ਪ੍ਰਸ਼ੰਸਾਯੋਗ ਕੰਮ ਕਰਨ ਵਾਲੇ ਇਹਨਾਂ ਅਧਿਆਪਕਾਂ ਦੇ ਮਨਾਂ ਵਿੱਚ ਖੁਸ਼ੀ ਦੀ ਲਹਿਰ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਇਹਨਾਂ ਅਧਿਆਪਕਾਂ ਦਾ ਮਾਣ ਤਾਣ ਕੀਤਾ ਜਾਵੇਗਾ। ਇਸ ਲਈ ਵਿਸ਼ੇਸ਼ ਸਨਮਾਨ ਸਮਾਰੋਹ 12 ਅਗਸਤ ਸ਼ਨੀਵਾਰ ਨੂੰ ਬਾਅਦ ਦੁਪਹਿਰ 3:00 ਵਜੇ ਸਿਟੀ ਹੋਟਲ ਦੇ ਪਲਾਟੀਨਮ ਹਾਲ ਵਿਖੇ ਹੋਵੇਗਾ। ਸਮਾਰੋਹ ਦੀ ਪ੍ਰਧਾਨਗੀ ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਕਰਨਗੇ। ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਵਾਲੇ ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਅਜੇ ਸ਼ਰਮਾ ਇਹਨਾਂ ਅਧਿਆਪਕਾਂ ਨੂੰ ਮਿਸ਼ਨ ਵੱਲੋਂ ਸਨਮਾਨਿਤ ਕਰਨਗੇ। ਉਕਤ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਸਮਾਰੋਹ ਦੌਰਾਨ ਉਘੀ ਲੇਖਿਕਾ ਵਾਤਾਵਰਣ ਪ੍ਰੇਮੀ ਲੈਕਚਰਾਰ ਬਿਮਲਾ ਜੈਨ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਪ੍ਰਧਾਨ ਢੋਸੀਵਾਲ ਨੇ ਪੰਜਾਬ ਸਰਕਾਰ ਵੱਲੋਂ ਉਕਤ ਅਧਿਆਪਕਾਂ ਪ੍ਰਤੀ ਅਪਣਾਏ ਗਏ ਸ਼ਲਾਘਾਯੋਗ ਰਵੱਈਏ ਦੀ ਪ੍ਰਸ਼ੰਸਾ ਕਰਦੇ ਹੋਏ ਮੰਗ ਕੀਤੀ ਹੈ ਕਿ ਇਹਨਾਂ ਅਧਿਆਪਕਾਂ ਦੀ ਬੇਮਿਸਾਲ ਮਿਹਨਤ ਨੂੰ ਮੁੱਖ ਰੱਖਦੇ ਹੋਏ ਇਹਨਾਂ ਦੀ ਸੇਵਾ ਮੁਕਤੀ ਦੀ ਉਮਰ 60 ਸਾਲ ਕੀਤੀ ਜਾਵੇ।
ਅੱਠ ਸੌ ਤੋਂ ਅਠਾਰਾਂ ਹਜ਼ਾਰ ਵਾਲੇ ਅਧਿਆਪਕਾਂ ਦਾ ਮਾਣ ਤਾਣ 12 ਨੂੰ
August 11, 2023
0