ਸ੍ਰੀ ਮੁਕਤਸਰ ਸਾਹਿਬ, 26 ਸਤੰਬਰ (BTTNEWS)- ਇਲਾਕੇ ਦੇ ਨਾਮਵਰ ਸਾਹਿਤਕਾਰ ਸਵਰਗੀ ਮਾਸਟਰ ਬੋਹੜ ਸਿੰਘ ਮੱਲਣ ਦੀ ਲਿੱਖੀ ਹੋਈ ਮਿੰਨੀ ਕਹਾਣੀ “ ਪਾਣੀ ਦੀ ਘੁੱਟ “ ਦੀ ਦਿੱਲੀ ਯੂਨੀਵਰਸਿਟੀ ਵੱਲੋਂ ਆਪਣੇ ਬੀਏ ਦੇ ਛੇਵੇਂ ਭਾਗ ਦੇ ਪੰਜਾਬੀ ਵਿਸ਼ੇ ਦੇ ਸਿਲੇਬਸ ਲਈ ਚੋਣ ਕੀਤੀ ਹੈ । ਜੋ ਕਿ ਯੂਨੀਵਰਸਿਟੀ ਵੱਲੋਂ ਪੜਾਏ ਜਾ ਰਹੇ ਬੀਏ ਦੇ ਪਾਠਕ੍ਰਮ ਵਿੱਚ ਲਗਾਈ ਜਾਵੇਗੀ । ਜਿਕਰਯੋਗ ਹੈ ਕਿ ਉੱਘੇ ਲੇਖਕ ,ਢਾਡੀ ਤੇ ਪ੍ਰਚਾਰਕ ਸਵਰਗੀ ਬੋਹੜ ਸਿੰਘ ਮੱਲਣ ਨੇ ਸਾਹਿਤ ਦੀਆਂ ਵੱਖ ਵੱਖ ਵੰਨਗੀਆਂ ਉੱਪਰ ਕੰਮ ਕੀਤਾ। ਉਹਨਾਂ ਦੇ ਲਿੱਖੇ ਲੇਖ ,ਕਹਾਣੀਆਂ , ਮਿੰਨੀ ਕਹਾਣੀਆਂ ,ਗੀਤ ਤੇ ਕਵਿਤਾਵਾਂ ਪੰਜਾਬੀ ਦੇ ਸਿਰਮੌਰ ਅਖਬਾਰਾਂ ,ਮੈਗਜ਼ੀਨਾਂ ਆਦਿ ਵਿੱਚ ਪ੍ਰਕਾਸਿਤ ਹੁੰਦੀਆਂ ਰਹੀਆਂ ਹਨ। ਉਹਨਾਂ ਨੇ ਸਖ਼ਤ ਬਿਮਾਰ ਹੁੰਦੇ ਹੋਏ ਵੀ ਮਿੰਨੀ ਕਹਾਣੀਆਂ ,ਕਹਾਣੀਆਂ ਤੇ ਚੋਣਵੇ ਲੇਖਾਂ ਦੀਆਂ ਤਿੰਨ ਕਿਤਾਬਾਂ ਸਾਹਿਤ ਜਗਤ ਦੀ ਝੋਲੀ ਵਿੱਚ ਪਾਈਆਂ।