- ਬੀ.ਐੱਫ.ਯੂ.ਐੱਚ.ਐੱਸ. ਪਹਿਲਾਂ ਹੀ ਕਰ ਚੁੱਕੀ ਐ ਵਾਧਾ -
ਸ੍ਰੀ ਮੁਕਤਸਰ ਸਾਹਿਬ : 14 ਸਤੰਬਰ (BTTNEWS)- ਸਥਾਨਕ ਬੁੱਧ ਵਿਹਾਰ ਨਿਵਾਸੀ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਨੇ ਰਾਜ ਦੇ ਸਾਰੇ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਨਿਯੁਕਤੀ ਦੀ ਮਿਤੀ ਤੋਂ ਤਨਖਾਹ ਵਾਧਾ ਅਤੇ ਏਰੀਅਰ ਦੇਣ ਬਾਰੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੀ ਸੰਸਥਾ ਵੱਲੋਂ ਪੱਤਰ ਲਿਖਿਆ ਹੈ। ਪੱਤਰ ਵਿੱਚ ਬਾਬਾ ਫਰੀਦ ਯੂਨੀਵਰਸੀ ਆਫ਼ ਹੈਲਥ ਸਾਇੰਸਜ਼ ਫਰੀਦਕੋਟ ਵੱਲੋਂ ਆਪਣੇ ਅਧੀਨ ਠੇਕਾ ਆਧਾਰਿਤ ਕਰਮਚਾਰੀਆਂ ਦੀ ਤਨਖਾਹ ਰੀ-ਫਿਕਸ ਕਰਕੇ ਨਿਯੁਕਤੀ ਦੀ ਮਿਤੀ ਤੋਂ ਤਨਖਾਹ ਵਾਧਾ ਅਤੇ ਏਰੀਅਰ ਦਿਤੇ ਜਾਣ ਦੀ ਤਰਜ਼ ’ਤੇ ਰਾਜ ਦੇ ਸਾਰੇ ਅਜਿਹੇ ਕਰਮਚਾਰੀਆਂ ਨੂੰ ਇਹੀ ਲਾਭ ਦਿਤੇ ਜਾਣ ਦੀ ਮੰਗ ਕੀਤੀ ਹੈ। ਢੋਸੀਵਾਲ ਨੇ ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਯੂਨੀਵਰਸਿਟੀ ਵੱਲੋਂ 03 ਮਾਰਚ 2023 ਨੂੰ ਜਾਰੀ ਪੱਤਰ ਅਨੁਸਾਰ ਠੇਕਾ ਆਧਾਰਿਤ ਕਰਮਚਾਰੀਆਂ ਦੀ 39 ਕੈਟਾਗਿਰੀਆਂ ਦੀ ਤਨਖਾਹ ਰੀ-ਫਿਕਸ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਸੇ ਪੱਤਰ ਦੀ ਰੋਸ਼ਨੀ ਵਿਚ ਯੂਨੀਵਰਸਿਟੀ ਵੱਲੋਂ ਬਣਾਈ ਕਮੇਟੀ ਵੱਲੋਂ ਇਹਨਾਂ ਕਰਮਚਾਰੀਆਂ ਨੂੰ ਨਿਯੁਕਤੀ ਦੀ ਮਿਤੀ ਤੋਂ ਤਨਖਾਹ ਵਾਧਾ ਅਤੇ ਚਾਰ ਕਿਸ਼ਤਾ ਵਿਚ ਅਦਾ ਕੀਤੀ ਜਾਣ ਵਾਲੀ ਕਰੀਬ ਸਾਢੇ ਛੇ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿਤੀ ਸੀ। ਚਾਰਾਂ ਕਿਸ਼ਤਾਂ ਵਿਚੋਂ ਪਹਿਲੀ ਕਿਸ਼ਤ ਸਬੰਧਤ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਅਦਾ ਕੀਤੀ ਵੀ ਜਾ ਚੁੱਕੀ ਹੈ। ਐਨਾ ਹੀ ਨਹੀਂ ਇਕਾ ਦੁੱਕਾ ਕਰਮਚਾਰੀਆਂ ਨੂੰ ਚਾਰੇ ਕਿਸ਼ਤਾਂ ਦੀ ਏਰੀਅਰ ਰਾਸ਼ੀ ਯਕਮੁਸ਼ਤ ਰੂਪ ਵਿਚ ਦਿਤੀ ਵੀ ਜਾ ਚੁੱਕੀ ਹੈ। ਢੋਸੀਵਾਲ ਨੇ ਅੱਗੇ ਦੱਸਿਆ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਪੰਜਾਬ ਸਰਕਾਰ ਦੇ ਅਧੀਨ ਕੰਮ ਕਰਦੀ ਹੈ, ਜਿਸ ਉਪਰੰਤ ਪੰਜਾਬ ਸਰਕਾਰ ਦੇ ਨਿਯਮ ਹੀ ਲਾਗੂ ਹੁੰਦੇ ਹਨ। ਯੂਨੀਵਰਸਿਟੀ ਵੱਲੋਂ ਵਿੱਤ ਸਬੰਧੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਰਾਜ ਦੇ ਵਿੱਤ ਵਿਭਾਗ ਅਤੇ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਬੋਰਡ ਆਫ਼ ਮੈਨੇਜਮੈਂਟ ਤੋ ਪੂਰਵ ਪ੍ਰਵਾਨਗੀ ਲੈ ਕੇ ਹੀ ਕੀਤਾ ਜਾਂਦਾ ਹੈ। ਤਨਖਾਹ ਵਾਧਾ ਅਤੇ ਏਰੀਅਰ ਸਬੰਧੀ ਵੀ ਸਰਕਾਰੀ ਨਿਯਮਾਂ ਅਨੁਸਾਰ ਪੂਰਵ ਪ੍ਰਵਾਨਗੀ ਲੈ ਕੇ ਹੀ ਇਹ ਫੈਸਲਾ ਕੀਤਾ ਗਿਆ ਜਾਪਦਾ ਹੈ। ਵਿੱਤੀ ਮਾਮਲਿਆਂ ਸਬੰਧੀ ਯੂਨੀਵਰਸਿਟੀ ਵਿਚ ਫਾਇਨਾਂਸ ਅਫਸਰ ਵੀ ਤਾਇਨਾਤ ਹੁੰਦਾ ਹੈ। ਜੋ ਅਜਿਹੇ ਮਾਮਲਿਆਂ ਲਈ ਸਿੱਧੇ ਤੌਰ ’ਤੇ ਜਿੰਮੇਵਾਰ ਅਤੇ ਜਵਾਬ ਦੇਹ ਹੁੰਦਾ ਹੈ। ਪੱਤਰ ਵਿਚ ਢੋਸੀਵਾਲ ਨੇ ਇਹ ਵੀ ਮੰਗ ਕੀਤੀ ਹੈ ਕਿ ਯੂਨੀਵਰਸਿਟੀ ਦੇ ਇਕਾ ਦੁੱਕਾ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਬਕਾਏ ਦੀ ਸਾਰੀ ਰਾਸ਼ੀ ਦਿਤੇ ਜਾਣ ਨੂੰ ਆਧਾਰ ਮੰਨ ਕੇ ਯੂਨੀਵਰਸਿਟੀ ਦੇ ਬਾਕੀ ਸਾਰੇ ਸਬੰਧਤ ਕਰਮਚਾਰੀਆਂ ਦਾ ਏਰੀਅਰ ਵੀ ਦਿਵਾਲੀ ਤੋਂ ਪਹਿਲਾਂ-ਪਹਿਲਾਂ ਇਕੋ ਕਿਸ਼ਤ ਵਿਚ ਅਦਾ ਕੀਤਾ ਜਾਵੇ। ਪੱਤਰ ਦੀ ਕਾਪੀ ਸੂਚਨਾ ਅਤੇ ਲੋੜੀਂਦੀ ਕਾਰਵਾਈ ਹਿੱਤ ਰਾਜ ਦੇ ਚੀਫ਼ ਸੈਕਟਰੀ, ਫਾਇਨਾੰਸ ਸੈਕਟਰੀ, ਮੈਡੀਕਲ ਸਿੱਖਿਆ ਸੈਕਟਰੀ, ਡਾਇਰੈਕਟਰ ਮੈਡੀਕਲ ਸਿੱਖਿਆ ਅਤੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਨੂੰ ਵੀ ਭੇਜੀ ਗਈ ਹੈ।
ਢੋਸੀਵਾਲ ਮੁੱਖ ਮੰਤਰੀ ਨੂੰ ਭੇਜੇ ਪੱਤਰ ਦੀ ਨਕਲ ਦਿਖਾਉਂਦੇ ਹੋਏ। |