ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਬਟਾਲਾ ਦੇ ਅਹੁਦੇਦਾਰਾਂ ਦੀ ਹੋਈ ਚੋਣ

BTTNEWS
0

 ਰਜਵੰਤ ਕੌਰ ਪ੍ਰਧਾਨ ਅਤੇ ਰਣਜੀਤ ਕੌਰ ਚੇਅਰਪਰਸਨ ਚੁਣੀ ਗਈ 

ਬਟਾਲਾ/ਗੁਰਦਾਸਪੁਰ, 20 ਸਤੰਬਰ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਬਟਾਲਾ ਦੀ ਮੀਟਿੰਗ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਹੋਈ । ਜਿਸ ਦੌਰਾਨ ਸਰਬਸੰਮਤੀ ਨਾਲ ਬਲਾਕ ਦੇ ਅਹੁਦੇਦਾਰਾਂ ਦੀ ਚੋਣ ਕਰਵਾਈ ਗਈ । ਜਿਸ ਦੌਰਾਨ ਰਜਵੰਤ ਕੌਰ ਨੂੰ ਬਲਾਕ ਪ੍ਰਧਾਨ ਅਤੇ ਰਣਜੀਤ ਕੌਰ ਨੂੰ ਚੇਅਰਪਰਸਨ ਚੁਣਿਆ ਗਿਆ । ਜਦੋਂ ਕਿ ਅਰਮਿੰਦਰ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ , ਇੰਦਰਜੀਤ ਕੌਰ ਨੂੰ ਜਨਰਲ ਸਕੱਤਰ ਅਤੇ ਹਰਜੀਤ ਕੌਰ ਹਰਜੀਤ ਕੌਰ ਨੂੰ ਸਕੱਤਰ ਚੁਣਿਆ ਗਿਆ । ਇਸ ਤੋਂ ਇਲਾਵਾ 10 ਮੈਂਬਰੀ ਕਾਰਜਕਾਰਨੀ ਕਮੇਟੀ ਬਣਾਈ ਗਈ ।
   
ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਬਟਾਲਾ ਦੇ ਅਹੁਦੇਦਾਰਾਂ ਦੀ ਹੋਈ ਚੋਣ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਜਾਣਕਾਰੀ ਦਿੰਦੇ ਹੋਏ ਤੇ ਨਾਲ ਹੋਰ ਆਗੂ ।

   ਮੀਟਿੰਗ ਵਿੱਚ ਬੋਲਦਿਆ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰ ਬਨਣ ਤੋਂ ਪਹਿਲਾਂ ਵਾਅਦਾ ਤਾਂ ਇਹ ਕੀਤਾ ਸੀ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕੀਤਾ ਜਾਵੇਗਾ । ਪਰ ਮਾਣ ਭੱਤਾ ਦੁੱਗਣਾ ਤਾਂ ਕੀ ਕਰਨਾ ਸੀ ਉਲਟਾ ਜਿਹੜਾ ਪਹਿਲਾਂ ਮਿਲਦਾ ਸੀ ਉਹ ਵੀ ਨਹੀਂ ਦਿੱਤਾ ਜਾ ਰਿਹਾ । ਜਿਸ ਕਰਕੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਿਰਾਸ਼ਾ ਦੇ ਆਲਮ ਵਿੱਚ ਹਨ । 
            ਉਹਨਾਂ ਮੰਗ ਕੀਤੀ ਹੈ ਕਿ ਐਨ ਜੀ ਓ ਬਲਾਕਾਂ ਵਿੱਚ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ (ਖਾਸ ਕਰਕੇ ਬਾਲ ਭਲਾਈ ਕੌਂਸਲ) ਦੀਆਂ ਦਾ 11 ਮਹੀਨਿਆਂ ਦਾ ਮਾਣ ਭੱਤਾ ਬਕਾਇਆ ਖੜਾ ਹੈ । ਜਿਸ ਵਿਚੋਂ ਚਾਰ ਮਹੀਨੇ ਦਾ ਸੈਂਟਰ ਫੰਡ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਸੀ ਕਿ ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਪਹਿਲਾਂ ਦਿੱਤਾ ਜਾਵੇਗਾ । ਪਰ ਐਲਾਨ ਹੋਏ ਨੂੰ ਦੋ ਹਫ਼ਤੇ ਬੀਤ ਚੁੱਕੇ ਹਨ , ਪਰ ਅਜੇ ਤੱਕ ਵੀ ਇਹਨਾਂ ਵਰਕਰਾਂ ਤੇ ਹੈਲਪਰਾਂ ਨੂੰ ਮਾਣ ਭੱਤਾ ਨਹੀਂ ਮਿਲਿਆ ਤੇ ਉਹ ਰੁਲ ਰਹੀਆਂ ਹਨ । ਉਹਨਾਂ ਕਿਹਾ ਕਿ 11 ਮਹੀਨੇ ਤਨਖਾਹਾਂ ਤੋਂ ਬਿਨਾਂ ਕਿਸੇ ਦਾ ਘਰ ਕਿਵੇਂ ਚੱਲ ਸਕਦਾ ਹੈ । ਉਹਨਾਂ ਕਿਹਾ ਕਿ ਪਿਛਲੇਂ ਸਮੇਂ ਦਾ ਸਾਰਾ ਮਾਣ ਭੱਤਾ ਤੁਰੰਤ ਦਿੱਤਾ ਜਾਵੇ। ਇਸੇ ਤਰ੍ਹਾਂ ਪੰਜਾਬ ਵਿੱਚ ਕੰਮ ਕਰਦੀਆਂ ਸਾਰੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇਂ ਚਾਰ ਮਹੀਨਿਆਂ ਦਾ ਸੈਂਟਰ ਫੰਡ ਨਹੀਂ ਦਿੱਤਾ ਗਿਆ । ਇਹ ਸੈਂਟਰ ਫੰਡ ਤੁਰੰਤ ਦਿੱਤਾ ਜਾਵੇ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਣ ਭੱਤੇ ਦੇ ਸੈਂਟਰ ਅਤੇ ਸਟੇਟ ਦੇ ਬਿੱਲ ਇਕੋ ਵਾਰ ਕਲੀਅਰ ਕਰਵਾ ਕੇ ਇਕੱਠਾ ਦਿੱਤਾ ਜਾਵੇ ਅਤੇ ਇਸ ਦੀ ਅਦਾਇਗੀ ਹਰ ਮਹੀਨੇ ਦੀ 3 ਤਰੀਕ ਤੱਕ ਕੀਤੀ ਜਾਵੇ । 
       ਇਹ ਵੀ ਮੰਗ ਕੀਤੀ ਗਈ ਕਿ ਆਂਗਣਵਾੜੀ ਕੇਂਦਰਾਂ ਦੇ ਕਿਰਾਏ ਦਾ ਭੁਗਤਾਨ ਤੁਰੰਤ ਕੀਤਾ ਜਾਵੇ ਜੋ ਪਿਛਲੇਂ ਲੰਮੇ ਸਮੇਂ ਦਾ ਬਕਾਇਆ ਰਹਿੰਦਾ ਹੈ ਤੇ ਹਰ ਮਹੀਨੇ ਕਿਰਾਇਆ ਦੇਣਾ ਯਕੀਨੀ ਬਣਾਇਆ ਜਾਵੇ । ਪਿਛਲੇਂ ਸਾਲ ਦਾ ਵਰਦੀ ਭੱਤਾ ਰਲੀਜ਼ ਕੀਤਾ ਜਾਵੇ । ਪੀ ਐਮ ਐਮ ਵੀ ਵਾਈ ਅਤੇ ਸੀ ਬੀ ਈ ,ਦੇ ਪੈਸੇ ਹਰ ਮਹੀਨੇ ਦਿੱਤੇ ਜਾਣ ਅਤੇ ਰਹਿੰਦੇ ਹੋਏ ਪੈਸਿਆਂ ਦਾ ਤੁਰੰਤ ਭੁਗਤਾਨ ਕੀਤਾ ਜਾਵੇ ।ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਮੈਡੀਕਲ ਛੁੱਟੀ ਇਕ ਮਹੀਨੇ ਦੀ ਜਿਸ ਤਰ੍ਹਾਂ ਪਹਿਲਾਂ ਦਿੱਤੀ ਜਾਂਦੀ ਸੀ ਉਸੇ ਤਰ੍ਹਾਂ ਹੀ ਦਿੱਤੀ ਜਾਵੇ । ਕਿਉਂਕਿ ਇਸ ਵੇਲੇ ਬਹੁਤ ਸਾਰੀਆਂ ਆਂਗਣਵਾੜੀ ਵਰਕਰਾਂ ਜਿੰਨਾ ਦੇ ਐਕਸੀਡੈਂਟ ਕੇਸ ਹਨ ਜਾਂ ਵੱਡੇ ਆਪਰੇਸ਼ਨ ਹੋਏ ਹਨ ਉਹ ਬੈਡ ਤੇ ਪਈਆਂ ਹਨ ਪਰ ਮਹਿਕਮੇ ਵੱਲੋਂ ਮੈਡੀਕਲ ਛੁੱਟੀ ਨਹੀਂ ਦਿੱਤੀ ਜਾ ਰਹੀ । 
        ਆਂਗਣਵਾੜੀ ਸੈਂਟਰਾਂ ਦੇ ਖੋਹੇ ਗਏ ਬੱਚੇ ਵਾਪਸ ਆਂਗਣਵਾੜੀ ਸੈਂਟਰਾਂ ਵਿੱਚ ਭੇਜੇ ਜਾਣ ਤੇ ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਆਂਗਣਵਾੜੀ ਵਰਕਰਾਂ ਦਾ ਮਾਣ ਭੱਤਾ ਦੁੱਗਣਾ ਕੀਤਾ ਜਾਵੇ।   ਮਿੰਨੀ ਆਂਗਣਵਾੜੀ ਕੇਂਦਰਾਂ ਨੂੰ ਪੂਰੇ ਵਿੱਚ ਤਬਦੀਲ ਕੀਤਾ ਜਾਵੇ ।
ਜਿੰਨਾ ਆਂਗਣਵਾੜੀ ਸੈਂਟਰਾਂ ਵਿੱਚ ਅਜੇ ਤੱਕ ਰਾਸ਼ਨ ਬਣਾਉਣ ਲਈ ਗੈਸ ਸਿਲੰਡਰ , ਬਰਤਨ ਤੇ ਬੱਚਿਆਂ ਦੇ ਬੈਠਣ ਲਈ ਦਰੀਆਂ ਆਦਿ ਨਹੀਂ ਦਿੱਤੀਆਂ ਗਈਆਂ ਉਹਨਾਂ ਨੂੰ ਤੁਰੰਤ ਇਹ ਸਮਾਨ ਮੁਹੱਈਆ ਕਰਵਾਇਆ ਜਾਵੇ । ਆਂਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ ਬਣਾਈਆਂ ਜਾਣ ।

Post a Comment

0Comments

Post a Comment (0)