-ਕਿਸਾਨ ਤੁਰੰਤ ਮਸ਼ੀਨਾਂ ਦੀ ਖਰੀਦ ਕਰਨ
ਸ੍ਰੀ ਮੁਕਤਸਰ ਸਾਹਿਬ 29 ਸਤੰਬਰ (BTTNEWS)- ਕਿਸਾਨਾਂ ਨੂੰ ਸਬਸਿਡੀ ਵਾਲੀਆਂ ਮਸ਼ੀਨਾਂ ਦੀ ਖਰੀਦ ਜਲਦ ਤੋਂ ਜਲਦ ਕਰਨ ਦੀ ਅਪੀਲ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ.ਰੂਹੀ ਦੁੱਗ ਨੇ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵਲੋਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਵਰਤੀਆਂ ਜਾਂਦੀਆਂ ਵੱਖ-ਵੱਖ ਮਸ਼ੀਨਾਂ ਸਬਸਿਡੀ ਤੇ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਇਸ ਲਈ ਜਿਹਨਾਂ ਕਿਸਾਨਾਂ ਨੇ ਆਨ ਲਾਇਨ ਪੋਰਟਲ ਤੇ ਅਰਜੀਆਂ ਦਿੱਤੀਆਂ ਸਨ, ਉਹਨਾਂ ਵਿਚੋਂ ਪੋਰਟਲ ਤੇ ਡਰਾਅ ਰਾਹੀਂ 1595 ਮਸ਼ੀਨਾਂ ਜਿ਼ਲ੍ਹੇ ਵਿੱਚ ਉਪਲਬੱਧ ਕਰਵਾਉਣ ਲਈ ਚੋਣ ਕੀਤੀ ਜਾ ਚੁੱਕੀ ਹੈ। ਜਿਹਨਾਂ ਕਿਸਾਨਾਂ ਦੇ ਨਾਮ ਇਹ ਡਰਾਅ ਨਿਕਲੇ ਹਨ, ਉਹਨਾਂ ਨੂੰ ਆਨ ਲਾਇਨ ਪੋਰਟਲ ਰਾਹੀਂ ਵੀ 19 ਸਤੰਬਰ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ,ਜਦਕਿ ਅਜਿਹੇ ਕਿਸਾਨ ਬਲਾਕ ਖੇਤੀਬਾੜੀ ਦਫਤਰਾਂ ਤੋਂ ਇਸ ਸਬੰਧੀ ਸੂਚੀਆਂ ਵੇਖ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਰਾਅ ਵਿੱਚ ਸਫਲ ਹੋਏ ਕਿਸਾਨਾਂ ਨੇ ਡਰਾਅ ਦੀ ਮਿਤੀ ਦੇ 14 ਦਿਨਾਂ ਦੇ ਅੰਦਰ-ਅੰਦਰ ਮਸ਼ੀਨਾਂ ਦੀ ਖਰੀਦ ਕਰਨੀ ਲਾਜ਼ਮੀ ਹੈ। ਇਸ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਸਿਰਫ 10 ਦਿਨ ਦਾ ਹੋਰ ਵਾਧੂ ਸਮਾਂ ਦਿੱਤਾ ਗਿਆ ਹੈ, ਜ਼ੋ ਕਿ 12 ਅਕਤੂਬਰ ਨੂੰ ਖਤਮ ਹੋ ਜਾਵੇਗਾ। ਇਸ ਲਈ ਜੇਕਰ ਕਿਸਾਨ ਸਬਸਿਡੀ ਦਾ ਲਾਭ ਲੈਣਾ ਚਾਹੁੰਦੇ ਹਨ ਤਾਂ ਬਿਨ੍ਹਾਂ ਦੇਰੀ ਮਸ਼ੀਨਾਂ ਦੀ ਖਰੀਦ ਕਰਨ।ਜੇਕਰ ਨਿਰਧਾਰਿਤ ਸਮੇਂ ਵਿੱਚ ਮਸ਼ੀਨਾਂ ਦੀ ਖਰੀਦ ਨਾ ਕੀਤੀ ਗਈ ਤਾਂ ਅਜਿਹੇ ਕਿਸਾਨ ਸਬਸਿਡੀ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਣਗੇ। ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਿਸਾਨ ਆਪਣੇ ਨੇੜੇ ਦੇ ਖੇਤੀਬਾੜੀ ਦਫਤਰ ਨਾਲ ਰਾਬਤਾ ਕਾਇਮ ਕਰ ਸਕਦੇ ਹਨ।ਮਸ਼ੀਨ ਦੀ ਖਰੀਦ ਕਰਨ ਤੋਂ ਬਾਅਦ ਵੇਰਵੇ ਵਿਭਾਗ ਦੇ ਪੋਰਟਲ ਤੇ ਅਪਲੋਡ ਕਰਨੇ ਯਕੀਨੀ ਬਨਾਉਣਗੇ।
ਰਾਤ ਸਮੇਂ ਝੋਨੇ ਦੀ ਕਟਾਈ ਤੇ ਰੋਕ
ਡਾ.ਰੂਹੀ ਦੁੱਗ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆ ਜ਼ਿਲ੍ਹਾ ਸ੍ਰੀ ਮੁੁਕਤਸਰ ਸਾਹਿਬ ਦੀ ਹਦੂਦ ਅੰਦਰ ਰਾਤ 7.00 ਵਜੇ ਤੋਂ ਸਵੇਰੇ 10.00 ਵਜੇ ਤੱਕ ਝੋਨੇ ਦੀ ਫਸਲ ਦੀ ਕੰਬਾਇਨਾਂ ਨਾਲ ਕਟਾਈ ਕਰਨ ਤੇ ਮੁਕੰਮਲ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਕੰਬਾਇਨਾਂ ਪੁਰਾਣੀਆਂ ਹੋ ਚੁੱਕੀਆਂ ਹਨ ਅਤੇ ਝੋਨੇ ਦੀ ਕੁਆਲਟੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ। ਜਿਹਨਾਂ ਦੇ ਚੱਲਣ ਨਾਲ ਮਕੈਨੀਕਲ ਨੁਕਸ ਹੋਣ ਕਾਰਨ ਟੁੱਟੇ ਹੋਏ ਦਾਣਿਆਂ ਦੀ ਮਾਤਰਾਂ ਦੀ ਮਾਪਦੰਡ ਤੋਂ ਕਾਫੀ ਵੱਧ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਬਿਨ੍ਹਾਂ ਸੁਪਰ ਐਸ.ਐਮ.ਐਸ. ਸਿਸਟਮ ਲਗਾਏ ਕੰਬਾਇਨਾਂ ਜੋ ਕਿ ਝੋਨੇ ਦੀ ਪਰਾਲੀ ਦੀ ਰਹਿੰਦ ਖੁੰਹਦ ਦਾ ਕੁਤਰਾ ਨਹੀਂ ਕਰ ਸਕਦੀਆਂ, ਅਜਿਹੀਆਂ ਕੰਬਾਇਨਾਂ ਨੂੰ ਵੀ ਚਲਾਉਣ ਤੇ ਰੋਕ ਲਗਾਈ ਗਈ ਹੈ ।
ਇਹ ਹੁਕਮ 30 ਨਵੰਬਰ 2023 ਤੱਕ ਲਾਗੂ ਰਹਿਣਗੇ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਕੰਬਾਇਨਾਂ ਵਿਚ ਸੁਪਰ ਐਸਐਮਐਸ ਦੀ ਵਰਤੋਂ ਲਾਜਮੀ ਤੌਰ ਤੇ ਕੀਤੀ ਜਾਵੇ
ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ ਆਈਏਐਸ ਨੇ ਜਿ਼ਲ੍ਹੇ ਦੇ ਬੇਲਰ ਤੇ ਕੰਬਾਇਨ ਸੰਚਾਲਕਾਂ ਨਾਲ ਬੈਠਕ ਕੀਤੀ ਹੈ। ਉਨ੍ਹਾਂ ਨੇ ਇਸ ਬੈਠਕ ਦੌਰਾਨ ਹਦਾਇਤ ਕੀਤੀ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੰਬਾਇਨਾਂ ਨਾਲ ਝੋਨੇ ਤੇ ਬਾਸਮਤੀ ਦੀ ਕਟਾਈ ਤੋਂ ਪਹਿਲਾਂ ਹਰ ਹਾਲਤ ਵਿਚ ਸੁਪਰ ਐਸਐਮਐਸ ਜਰੂਰ ਲਗਾਇਆ ਜਾਵੇ। ਉਨ੍ਹਾਂ ਨੇ ਦੱਸਿਆ ਕਿ ਅਜਿਹਾ ਨਾ ਕਰਨ ਤੇ ਪਹਿਲੀ ਵਾਰ ਉਲੰਘਣਾ ਕਰਨ ਤੇ 50 ਹਜਾਰ ਰੁਪਏ ਤੱਕ ਦਾ ਜ਼ੁਰਮਾਨਾ ਲੱਗ ਸਕਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੁਪਰ ਐਸਐਮਐਸ ਲੱਗੀ ਕੰਬਾਇਨ ਨਾਲ ਹੀ ਝੋਨੇ ਦੀ ਕਟਾਈ ਕਰਵਾਉਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੁਪਰ ਐਸਐਮਐਸ ਲੱਗੀ ਮਸ਼ੀਨ ਨਾਲ ਝੋਨੇ ਦੀ ਕਟਾਈ ਕਰਨ ਨਾਲ ਮਸ਼ੀਨ ਪਰਾਲੀ ਨੂੰ ਖੇਤ ਵਿਚ ਛੋਟੇ ਟੁਕੜਿਆਂ ਵਿਚ ਕੱਟ ਕੇ ਇਕਸਾਰ ਖੇਤ ਵਿਚ ਖਿਲਾਰ ਦਿੰਦੀ ਹੈ। ਇਸਤੋਂ ਬਾਅਦ ਅਜਿਹੇ ਖੇਤ ਵਿਚ ਬਹੁਤ ਹੀ ਅਸਾਨੀ ਨਾਲ ਹੈਪੀ ਸੀਡਰ, ਸੁਪਰ ਸੀਡਰ ਮਸ਼ੀਨਾਂ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ ਜਾਂ ਸਰਫੇਸ ਸੀਡਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਪਰਾਲੀ ਨੂੰ ਖੇਤ ਵਿਚ ਹੀ ਮਿਲਾ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ।
ਡਿਪਟੀ ਕਮਿਸ਼ਨਰ ਨੇ ਬੇਲਰ ਸੰਚਾਲਕਾਂ ਨੂੰ ਅਪੀਲ ਕੀਤੀ ਕਿ ਜਿੰਨ੍ਹਾਂ ਨੇ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਵਿਚ ਸਬਸਿਡੀ ਲੈ ਕੇ ਬੇਲਰ ਖਰੀਦੇ ਹਨ ਉਹ ਆਪਣੇ ਬੇਲਰ ਜਿ਼ਲ੍ਹੇ ਵਿਚ ਹੀ ਚਲਾਉਣ ਤਾਂ ਜ਼ੋ ਜਿ਼ਲ੍ਹੇ ਵਿਚ ਜਿਹੜੇ ਕਿਸਾਨ ਐਕਸ ਸੀਟੂ ਤਰੀਕੇ ਨਾਲ ਪਰਾਲੀ ਦਾ ਪ੍ਰਬੰਧਨ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਸਹੁਲਤ ਮਿਲ ਸਕੇ।ਉਨ੍ਹਾਂ ਨੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜਿਹੜੇ ਕਿਸਾਨ ਬੇਲਰ ਨਾਲ ਪਰਾਲੀ ਦੀਆਂ ਗੱਠਾਂ ਬਣਾ ਕੇ ਖੇਤ ਵਿਚ ਚੁੱਕਾ ਦਿੰਦੇ ਹਨ ਉਹ ਬਾਅਦ ਵਿਚ ਪਿੱਛੇ ਜ਼ੋ ਥੋੜੀ ਬਹੁਤ ਪਰਾਲੀ ਬਚਦੀ ਹੈ ਉਸਨੂੰ ਅੱਗ ਨਾ ਲਗਾਉਣ।
ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਇਸ ਵਾਰ ਜਿਸ ਕਿਸੇ ਨੇ ਵੀ ਪਰਾਲੀ ਨੂੰ ਅੱਗ ਲਗਾਈ ਨਿਯਮਾਂ ਅਨੁਸਾਰ ਬਣਦੀ ਕਾਨੂੰਨੀ ਕੀਤੀ ਜਾਵੇਗੀ।
ਬੈਠਕ ਵਿਚ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਗੁਰਪ੍ਰੀਤ ਸਿੰਘ ਵੀ ਹਾਜਰ ਸਨ।