- ਉਚ ਪੱਧਰੀ ਜਾਂਚ ਦੀ ਮੰਗ -
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (BTTNEWS)- ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਨੇ ਇਥੋਂ ਥੋੜੀ ਦੂਰ ਸਥਿਤ ਪਿੰਡ ਝਬੇਲਵਾਲੀ ਨੇੜੇ ਵਾਪਰੇ ਬੱਸ ਹਾਦਸੇ ਉਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਿਸ਼ਨ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਚੀਫ਼ ਪੈਟਰਨ ਇੰਸਪੈਕਟਰ ਜਗਸੀਰ ਸਿੰਘ, ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ, ਕੈਸ਼ੀਅਰ ਡਾ. ਸੰਜੀਵ ਮਿੱਡਾ ਅਤੇ ਪੀ.ਆਰ.ਓ. ਵਿਜੇ ਸਿਡਾਨਾ ਸਮੇਤ ਜਗਦੀਸ਼ ਧਵਾਲ, ਪ੍ਰਦੀਪ ਧੂੜੀਆ, ਸ਼ੈਲਜਾ ਗਿਰਧਰ, ਡਾ. ਸੁਰਿੰਦਰ ਗਿਰਧਰ, ਰਾਜਿੰਦਰ ਖੁਰਾਣਾ, ਮਨੋਹਰ ਲਾਲ ਹਕਲਾ, ਅਮਰ ਨਾਥ, ਸੇਰਸੀਆ, ਪ੍ਰਸ਼ੋਤਮ ਗਿਰਧਰ, ਚੌ. ਬਲਬੀਰ ਸਿੰਘ ਅਤੇ ਗੁਰਪਾਲ ਸਿੰਘ ਪਾਲੀ ਨੇ ਇਕ ਸਾਂਝੇ ਬਿਆਨ ਰਾਹੀਂ ਬੱਸ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਹਾਦਸੇ ਵਿਚ ਸ਼ਿਕਾਰ ਸਾਰੇ ਜਖ਼ਮੀਆਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ। ਉਕਤ ਆਗੂਆਂ ਨੇ ਅੱਗੇ ਕਿਹਾ ਹੈ ਕਿ ਬੱਸ ਡਰਾਇਵਰ ਵੱਲੋਂ ਲਾਪ੍ਰਵਾਹੀ ਨਾਲ ਬੱਸ ਚਲਾਉਣਾ ਹੀ ਇਸ ਹਾਦਸੇ ਦਾ ਮੁੱਖ ਕਾਰਨ ਜਾਪਦਾ ਹੈ। ਇਸ ਤੋਂ ਇਲਾਵਾ ਲੰਮੇ ਸਮੇਂ ਰਾਜਨੀਤਿਕ ਨੇਤਾਵਾਂ ਦੀ ਸ਼ਹਿ ਉਪਰ ਚੱਲ ਰਹੇ ਟੋਲ ਪਲਾਜੇ ਦੇ ਸਬੰਧਤ ਮਾਲਕ ਵੀ ਇਸ ਲਈ ਜਿੰਮੇਵਾਰ ਹਨ। ਜੇ ਸਰਕਾਰੀ ਨਿਯਮਾਂ ਅਧੀਨ ਟੋਲ ਪਲਾਜਾ ਕੰਪਨੀ ਵੱਲੋਂ ਵੰਨ ਵੇਅ ਟ੍ਰੈਫਿਕ ਅਤੇ ਨਵੇਂ ਪੁਲ ਦੀ ਉਸਾਰੀ ਕੀਤੀ ਹੁੰਦੀ ਤਾਂ ਬੇਕਸੂਰਾਂ ਦੀਆਂ ਜਾਨਾਂ ਨਹੀਂ ਜਾਣੀਆਂ ਸਨ। ਪ੍ਰਧਾਨ ਢੋਸੀਵਾਲ ਨੇ ਬੱਸ ਹਾਦਸੇ ਉਪਰੰਤ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਠਾਏ ਕਦਮਾਂ ਦੀ ਸ਼ਲਾਘਾ ਕੀਤੀ ਹੈ, ਜਿਨ੍ਹਾਂ ਨੇ ਫੌਰੀ ਕਾਰਵਾਈ ਕਰਦੇ ਹੋਏ ਉਚਿਤ ਕਦਮ ਉਠਾਏ। ਢੋਸੀਵਾਲ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਬੱਸ ਹਾਦਸੇ ਦੇ ਮ੍ਰਿਤਕਾਂ ਦੀ ਯਾਦ ਵਿਚ ਮਿਸ਼ਨ ਵੱਲੋਂ ਆਉਂਦੀ 23 ਸਤੰਬਰ ਸ਼ਨੀਵਾਰ ਨੂੰ ਸ਼ਾਮ ਦੇ 5:30 ਵਜੇ ਸਥਾਨਕ ਸਿਟੀ ਹੋਟਲ ਵਿਖੇ ਸ਼ੋਕ ਮੀਟਿੰਗ ਆਯੋਜਿਤ ਕੀਤੀ ਜਾਵੇਗੀ ਜਿਸ ਵਿਚ ਮਿਸ਼ਨ ਦੇ ਅਹੁਦੇਦਾਰ ਅਤੇ ਮੈਂਬਰ ਭਾਗ ਲੈਣਗੇ।