Type Here to Get Search Results !

ਟਿਕਟ ਤੇ ਡੀਜ਼ਲ ਚੋਰੀ, ਅਣਅਧਿਕਾਰਤ ਰੂਟ 'ਤੇ ਬੱਸ ਚਲਾਉਣ ਅਤੇ ਮੋਬਾਈਲ ਵਰਤਣ ਜਿਹੇ 119 ਮਾਮਲੇ ਰਿਪੋਰਟ

 ਚੰਡੀਗੜ੍ਹ, 24 ਅਕਤੂਬਰ (BTTNEWS)- ਜਨਤਕ ਬੱਸ ਸੇਵਾਵਾਂ ਵਿੱਚ ਊਣਤਾਈਆਂ ਖ਼ਤਮ ਕਰਨ ਦੇ ਮਨਸ਼ੇ ਨਾਲ ਗਠਤ ਕੀਤੇ ਗਏ “ਮਨਿਸਟਰ ਫ਼ਲਾਇੰਗ ਸਕੁਐਡ" ਨੇ ਮਹਿਜ਼ ਪੰਜ ਮਹੀਨਿਆਂ ਦੇ ਅੰਦਰ ਕੁੱਲ 119 ਵੱਖੋ-ਵੱਖ ਮਾਮਲੇ ਰਿਪੋਰਟ ਕੀਤੇ ਹਨ, ਜਿਨ੍ਹਾਂ ਵਿੱਚ ਟਿਕਟ ਰਾਸ਼ੀ ਦੀ ਹੇਰਾਫੇਰੀ, ਬੱਸਾਂ ਵਿੱਚੋਂ ਡੀਜ਼ਲ ਚੋਰੀ, ਅਣਅਧਿਕਾਰਤ ਰੂਟ 'ਤੇ ਬੱਸ ਚਲਾਉਣ, ਬੱਸ ਚਲਾਉਂਦੇ ਸਮੇਂ ਮੋਬਾਈਲ ਵਰਤਣ ਜਿਹੇ ਮਾਮਲੇ ਸ਼ਾਮਲ ਹਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਟਿਕਟ ਚੋਰੀ ਦੀਆਂ ਸ਼ਿਕਾਇਤਾਂ ਰੋਕਣ ਅਤੇ ਬੱਸ ਸਟੈਂਡਾਂ ਵਿਖੇ ਬੱਸ ਟਾਈਮ-ਟੇਬਲ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮਨਿਸਟਰ ਫ਼ਲਾਇੰਗ ਸਕੁਐਡ ਦਾ ਗਠਨ 16 ਮਈ, 2023 ਨੂੰ ਕੀਤਾ ਗਿਆ ਸੀ ਅਤੇ ਇਸ ਅਰਸੇ ਦੌਰਾਨ ਚੈਕਿੰਗ ਟੀਮ ਦੀ ਵਧੀਆ ਕਾਰਗੁਜ਼ਾਰੀ ਨਾਲ ਜਨਤਕ ਬੱਸ ਸੇਵਾ ਵਿੱਚ ਬਹੁਤ ਸੁਧਾਰ ਵੇਖਣ ਨੂੰ ਮਿਲਿਆ ਹੈ।

ਟਿਕਟ ਤੇ ਡੀਜ਼ਲ ਚੋਰੀ, ਅਣਅਧਿਕਾਰਤ ਰੂਟ 'ਤੇ ਬੱਸ ਚਲਾਉਣ ਅਤੇ ਮੋਬਾਈਲ ਵਰਤਣ ਜਿਹੇ 119 ਮਾਮਲੇ ਰਿਪੋਰਟ

ਉਨ੍ਹਾਂ ਦੱਸਿਆ ਕਿ ਫ਼ਲਾਇੰਗ ਸਕੁਐਡ ਵੱਲੋਂ ਹੁਣ ਤੱਕ ਕੁੱਲ 119 ਮਾਮਲੇ ਵਿਭਾਗ ਨੂੰ ਰਿਪੋਰਟ ਕੀਤੇ ਗਏ ਹਨ, ਜਿਨ੍ਹਾਂ ਵਿੱਚ ਕੰਡਕਟਰਾਂ ਵੱਲੋਂ ਟਿਕਟ ਰਾਸ਼ੀ ਦੇ ਗ਼ਬਨ ਦੇ 22 ਮਾਮਲੇ ਅਤੇ ਡਰਾਈਵਰਾਂ ਵੱਲੋਂ ਬੱਸਾਂ ਵਿੱਚੋਂ ਡੀਜ਼ਲ ਚੋਰੀ ਦੇ 9 ਮਾਮਲੇ ਸ਼ਾਮਲ ਹਨ ਜਦਕਿ ਵਿਭਾਗ ਨੂੰ ਜਾਣਬੁੱਝ ਕੇ ਵਿੱਤੀ ਨੁਕਸਾਨ ਪਹੁੰਚਾਉਣ ਦੇ 2 ਮਾਮਲੇ ਫ਼ਲਾਇੰਗ ਸਕੁਐਡ ਨੇ ਫੜੇ ਹਨ। ਇਸੇ ਤਰ੍ਹਾਂ ਨਿਰਧਾਰਤ ਰੂਟ ਦੀ ਬਜਾਏ ਪੁੱਲ ਉਪਰੋਂ ਬੱਸ ਲੈ ਜਾਣ ਦੇ 44 ਮਾਮਲੇ ਅਤੇ ਸ਼ਹਿਰ ਦੀ ਬਜਾਏ ਬਾਈਪਾਸ ਤੋਂ ਬੱਸ ਲੈ ਜਾਣ ਦੇ 22 ਮਾਮਲੇ ਰਿਪੋਰਟ ਕੀਤੇ ਗਏ ਹਨ। ਇਸ ਤੋਂ ਇਲਾਵਾ ਬੱਸ ਚਲਾਉਣ ਸਮੇਂ ਡਰਾਈਵਰ ਵੱਲੋਂ ਮੋਬਾਈਲ ਵਰਤਣ, ਅਣ-ਅਧਿਕਾਰਤ ਢਾਬੇ 'ਤੇ ਬੱਸ ਰੋਕਣ, ਡਿਊਟੀ ਤੋਂ ਗ਼ੈਰ-ਹਾਜ਼ਰ ਰਹਿਣ ਅਤੇ ਬੱਸ ਨੂੰ ਬਿਲਕੁਲ ਖ਼ਾਲੀ ਲੈ ਕੇ ਜਾਣ ਦਾ ਇੱਕ-ਇੱਕ ਮਾਮਲਾ ਫੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 16 ਮਾਮਲਿਆਂ ਵਿੱਚ ਸਵਾਰੀਆਂ ਨੂੰ ਦੱਸ ਗੁਣਾਂ ਜੁਰਮਾਨੇ ਕੀਤੇ ਗਏ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਦੋਸ਼ੀ ਡਰਾਈਵਰਾਂ ਅਤੇ ਕੰਡਕਟਰਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

ਦੱਸ ਦੇਈਏ ਕਿ ਮਨਿਸਟਰ ਫ਼ਲਾਇੰਗ ਸਕੁਐਡ ਨੂੰ ਬੱਸ ਸਟੈਂਡ ਵਿਖੇ ਸਮੁੱਚੇ ਬੱਸ ਆਪ੍ਰੇਸ਼ਨ ਨੂੰ ਪ੍ਰਮਾਣਤ ਟਾਈਮ-ਟੇਬਲ ਅਨੁਸਾਰ ਚੈੱਕ ਕਰਨ, ਸਮੂਹ ਰੂਟਾਂ 'ਤੇ ਚਲ ਰਹੀ ਐਸ.ਟੀ.ਯੂ. ਦੀ ਬੱਸ ਸਰਵਿਸ ਦੀ ਚੈਕਿੰਗ ਸਣੇ ਡਿਪੂਆਂ ਦੀ ਮੁਕੰਮਲ ਚੈਕਿੰਗ ਦਾ ਜ਼ਿੰਮਾ ਸੌਂਪਿਆ ਗਿਆ ਹੈ। ਇਸੇ ਤਰ੍ਹਾਂ ਇਸ ਟੀਮ ਨੂੰ ਹਰ ਚੈਕਿੰਗ ਉਪਰੰਤ ਡਾਇਰੈਕਟਰ ਸਟੇਟ ਟਰਾਂਸਪੋਰਟ ਨੂੰ ਆਪਣੀ ਰਿਪੋਰਟ ਪੇਸ਼ ਕਰਨ ਲਈ ਪਾਬੰਦ ਕੀਤਾ ਗਿਆ ਹੈ, ਜੋ ਅੱਗੇ ਸਿੱਧਾ ਟਰਾਂਸਪੋਰਟ ਮੰਤਰੀ ਨੂੰ ਰਿਪੋਰਟ ਕਰਨਗੇ।

ਪੰਜਾਬ ਰੋਡਵੇਜ਼ ਲੁਧਿਆਣਾ ਦੇ ਜਨਰਲ ਮੈਨੇਜਰ ਨਵਰਾਜ ਬਾਤਿਸ਼ ਦੀ ਅਗਵਾਈ ਵਾਲੀ ਟੀਮ ਵਿੱਚ ਪੰਜ ਮੈਂਬਰ ਮਦਨ ਲਾਲ (ਐਸ.ਐਸ), ਰਾਮੇਸ਼ ਕੁਮਾਰ (ਇੰਸਪੈਕਟਰ),  ਸੁਖਵਿੰਦਰ ਸਿੰਘ (ਇੰਸਪੈਕਟਰ),  ਸੁਰਿੰਦਰ ਕੁਮਾਰ (ਸਬ-ਇੰਸਪੈਕਟਰ) ਅਤੇ ਸੁਖਦੀਪ ਸਿੰਘ (ਸਬ-ਇੰਸਪੈਕਟਰ) ਨੂੰ ਸ਼ਾਮਲ ਕੀਤਾ ਗਿਆ ਹੈ।

ਬੱਸ ਵਿੱਚੋਂ 21 ਲੀਟਰ ਡੀਜ਼ਲ ਚੋਰੀ ਕਰਦੇ ਡਰਾਈਵਰ ਸਣੇ ਟਿਕਟ ਰਾਸ਼ੀ ਦੇ ਗ਼ਬਨ ਲਈ ਦੋ ਕੰਡਕਟਰ ਫੜੇ

ਮਨਿਸਟਰ ਫ਼ਲਾਇੰਗ ਸਕੁਐਡ ਨੇ ਪਿਛਲੇ ਦਿਨੀਂ ਰਾਤ 10:45 ਵਜੇ ਅੰਮ੍ਰਿਤਸਰ ਬੱਸ ਸਟੈਂਡ ਵਿਖੇ ਚੈਕਿੰਗ ਦੌਰਾਨ ਡਰਾਈਵਰ ਚਾਨਣ ਸਿੰਘ ਨੂੰ ਬੱਸ ਵਿੱਚੋਂ ਡੀਜ਼ਲ ਚੋਰੀ ਕਰਦੇ ਨੂੰ ਰੰਗੇ-ਹੱਥੀਂ ਕਾਬੂ ਕੀਤਾ ਹੈ। ਡਰਾਈਵਰ ਕੋਲੋਂ ਰੂਪਨਗਰ ਡਿਪੂ ਦੀ ਬੱਸ ਨੰਬਰ ਪੀ.ਬੀ-65ਏ.ਟੀ-4062 ਵਿੱਚੋਂ ਚੋਰੀ ਕੀਤਾ ਗਿਆ 21 ਲੀਟਰ ਡੀਜ਼ਲ ਮੌਕੇ 'ਤੇ ਬਰਾਮਦ ਕੀਤਾ ਗਿਆ।

ਇਸੇ ਤਰ੍ਹਾਂ ਦੋ ਵੱਖ-ਵੱਖ ਮਾਮਲਿਆਂ ਵਿੱਚ ਫ਼ਲਾਇੰਗ ਸਕੁਐਡ ਨੇ ਕੰਡਕਟਰਾਂ ਨੂੰ ਸਵਾਰੀਆਂ ਦੇ ਟਿਕਟ ਦੇ ਪੈਸੇ ਗ਼ਬਨ ਕਰਨ ਲਈ ਰਿਪੋਰਟ ਕੀਤਾ ਹੈ। ਪੰਡੋਰਾ (ਹਿਮਾਚਲ ਪ੍ਰਦੇਸ਼) ਵਿਖੇ ਪਨਬੱਸ ਡਿਪੂ ਨੰਗਲ ਦੀ ਬੱਸ ਨੰਬਰ ਪੀ.ਬੀ-12ਵਾਈ 1442 ਦੇ ਕੰਡਕਟਰ ਜੁਗਰਾਜ ਸਿੰਘ ਨੂੰ ਟਿਕਟਾਂ ਦੇ 850 ਰੁਪਏ ਗ਼ਬਨ ਕਰਨ ਅਤੇ ਫਗਵਾੜਾ ਵਿਖੇ ਚੈਕਿੰਗ ਦੌਰਾਨ ਨਵਾਂ ਸ਼ਹਿਰ ਡਿਪੂ ਦੀ ਬੱਸ ਨੰਬਰ- ਪੀ.ਬੀ-07ਬੀ.ਕਿਊ-5442 ਦੇ ਕੰਡਕਟਰ ਜਗਦੀਸ਼ ਸਿੰਘ ਨੂੰ 360 ਰੁਪਏ ਟਿਕਟ ਰਾਸ਼ੀ ਦੇ ਗ਼ਬਨ ਲਈ ਰਿਪੋਰਟ ਕੀਤਾ ਗਿਆ ਹੈ। ਇਸੇ ਤਰ੍ਹਾਂ ਬੱਸਾਂ ਨੂੰ ਅਣ-ਅਧਿਕਾਰਤ ਰੂਟ 'ਤੇ ਲਿਜਾਣ ਦੇ 5 ਮਾਮਲੇ ਰਿਪੋਰਟ ਕੀਤੇ ਗਏ ਹਨ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad