- ਲੋੜਵੰਦ ਬੱਚੇ ਨੂੰ ਮਿਲਣਗੇ 2500 ਰੁਪਏ ਪ੍ਰਤੀ ਮਹੀਨਾ -
ਸ੍ਰੀ ਮੁਕਤਸਰ ਸਾਹਿਬ, 12 ਅਕਤੂਬਰ (BTTNEWS)- ਪੰਜਾਬ ਅੰਦਰ ਆਮ ਆਦਮੀ ਪਾਰਟੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਪੇ ਵਿਹੂਣੇ ਬੱਚਿਆਂ ਲਈ “ਮੁੱਖ ਮੰਤਰੀ ਬਾਲ ਸੇਵਾ ਯੋਜਨਾ” ਲਾਗੂ ਕੀਤੀ ਹੈ। ਇਸ ਯੋਜਨਾ ਅਧੀਨ 01 ਮਾਰਚ 2020 ਤੋਂ ਬਾਅਦ ਆਪਣੇ ਮਾਤਾ-ਪਿਤਾ ਜਾਂ ਦੋਹਾਂ ਵਿਚੋਂ ਇਕ ਦੀ ਮੌਤ ਹੋ ਜਾਣ ਦੀ ਸੂਰਤ ਵਿਚ ਪਰਿਵਾਰ ਵਿਚਲੇ ਅਠਾਰਾਂ ਸਾਲਾਂ ਤੋਂ ਘੱਟ ਉਮਰ ਦੇ ਦੋ ਬੱਚਿਆਂ ਨੂੰ 2500/- ਰੁਪਏ ਪ੍ਰਤੀ ਮਹੀਨਾ ਦੀ ਸਰਕਾਰੀ ਸਹਾਇਤਾ ਮਿਲੇਗੀ। ਕੁਦਰਤ ਦੀ ਮਾਰ ਹੰਡਾਉਣ ਵਾਲੇ ਅਜਿਹੇ ਬੱਚਿਆਂ ਲਈ ਇਹ ਸਹਾਇਤਾ ਪ੍ਰਾਪਤ ਕਰਨ ਲਈ ਆਪਣੇ ਜਿਲੇ ਦੇ ਬਾਲ ਸੁਰੱਖਿਆ ਅਧਿਕਾਰੀ ਜਾਂ ਜਿਲ੍ਹਾ ਪ੍ਰੋਬੇਸ਼ਨ ਅਫਸਰ ਨਾਲ ਸੰਪਰਕ ਕਰਕੇ ਬਣਦੀ ਕਾਗਜੀ ਕਾਰਵਾਈ ਕੀਤੀ ਜਾ ਸਕਦੀ ਹੈ। ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਸੰਸਥਾਪਕ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਪੰਜਾਬ ਸਰਕਾਰ ਵੱਲੋਂ “ਮੁੱਖ ਮੰਤਰੀ ਬਾਲ ਸੇਵਾ ਯੋਜਨਾ” ਲਾਗੂ ਕੀਤੇ ਜਾਣ ਦੇ ਫੈਸਲੇ ਨੂੰ ਬੇਹੱਦ ਸ਼ਲਾਘਾ ਯੋਗ ਕਦਮ ਦੱਸਿਆ ਹੈ। ਉਹਨਾਂ ਕਿਹਾ ਹੈ ਕਿ ਇਹ ਫੈਸਲਾ ਲਾਗੂ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵਧਾਈ ਦੇ ਪਾਤਰ ਹਨ। ਪ੍ਰਧਾਨ ਢੋਸੀਵਾਲ ਨੇ ਅੱਗੇ ਕਿਹਾ ਹੈ ਕਿ ਭਾਵੇਂ ਮਾਂ-ਬਾਪ ਦੀ ਘਾਟ ਕਦੇ ਵੀ ਪੂਰੀ ਨਹੀਂ ਕੀਤੀ ਜਾ ਸਕਦੀ ਫਿਰ ਵੀ ਸਰਕਾਰ ਵੱਲੋਂ ਦਿਤੀ ਜਾਣ ਵਾਲੀ ਮਾਸਿਕ ਸਹਾਇਤਾ ਬਹੁਤ ਲਾਹੇਵੰਦ ਸਾਬਤ ਹੋ ਸਕਦੀ ਹੈ। ਪ੍ਰਧਾਨ ਢੋਸੀਵਾਲ ਨੇ ਅਜਿਹੇ ਮੁਸੀਬਤ ਦੇ ਮਾਰੇ ਬੱਚਿਆਂ ਦੇ ਰਿਸ਼ਤੇਦਾਰਾਂ ਅਤੇ ਹੋਰਨਾਂ ਵਾਰਸਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਕਤ ਸੇਵਾ ਯੋਜਨਾ ਦਾ ਲਾਭ ਲੈਣ ਲਈ ਸਿੱਧੇ ਹੀ ਸਬੰਧਤ ਅਧਿਕਾਰੀਆਂ ਕੋਲ ਪਹੁੰਚ ਕਰਨ। ਜੇ ਕੋਈ ਵਿਅਕਤੀ ਜਾਂ ਦਲਾਲ ਇਸ ਕੰਮ ਲਈ ਕਿਸੇ ਤਰ੍ਹਾਂ ਦੇ ਵੀ ਕਮਿਸ਼ਨ ਜਾਂ ਦਲਾਲੀ ਦੀ ਮੰਗ ਕਰਦਾ ਹੈ ਤਾਂ ਉਸ ਬਾਰੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ। ਢੋਸੀਵਾਲ ਨੇ ਅੱਗੇ ਇਹ ਵੀ ਦੱਸਿਆ ਹੈ ਕਿ ਉਹਨਾਂ ਦੀ ਸੰਸਥਾ ਵੱਲੋਂ ਅਜਿਹੇ ਪੀੜਿਤ ਬੱਚਿਆਂ ਦੇ ਫਾਰਮ ਆਦਿ ਭਰਨ ਦੀ ਮੁਫਤ ਸੇਵਾ ਕੀਤੀ ਜਾਵੇਗੀ। ਇਸ ਮੰਤਵ ਲਈ ਸੰਸਥਾ ਦੇ ਮਿਸ਼ਨ ਸੇਵਕ ਰਾਜਿੰਦਰ ਖੁਰਾਣਾ ਦੇ ਮੋਬਾਇਲ ਨੰ: 81460-53372 ’ਤੇ ਸੰਪਕਰ ਕੀਤਾ ਜਾ ਸਕਦਾ ਹੈ।
-ਪ੍ਰਾਯੋਜਿਤ-