Breaking

ਵਿਕਾਸ ਮਿਸ਼ਨ ਵੱਲੋਂ ਨਵੇਂ ਐੱਸ.ਐੱਸ.ਪੀ. ਨਾਲ ਪਲੇਠੀ ਮੁਲਾਕਾਤ

 ਸ੍ਰੀ ਮੁਕਤਸਰ ਸਾਹਿਬ, 10 ਅਕਤੂਬਰ (BTTNEWS)- ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਉੱਚ ਪੱਧਰੀ ਵਫ਼ਦ ਨੇ ਜਿਲ੍ਹੇ ਦੇ ਨਵ ਨਿਯੁਕਤ ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਣਾ ਆਈ.ਪੀ.ਐੱਸ. ਨਾਲ ਉਨ੍ਹਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ। ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠਲੇ ਇਸ ਵਫ਼ਦ ਵਿਚ ਸੰਸਥਾ ਦੇ ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ ਐਸ.ਡੀ.ਓ. (ਰ) ਅਤੇ ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ ਤੋਂ ਇਲਾਵਾ ਡਾ. ਸੁਰਿੰਦਰ ਗਿਰਧਰ, ਪ੍ਰਦੀਪ ਧੂੜੀਆ, ਚੌ. ਬਲਬੀਰ ਸਿੰਘ, ਰਾਜਿੰਦਰ ਖੁਰਾਣਾ, ਨਰਿੰਦਰ ਕਾਕਾ ਫੋਟੋ ਗ੍ਰਾਫਰ ਅਤੇ ਇਸ਼ਾਨ ਵਾਟਸ ਆਦਿ ਸ਼ਾਮਲ ਸਨ। ਮੁਲਾਕਾਤ ਦੌਰਾਨ ਪ੍ਰਧਾਨ ਢੋਸੀਵਾਲ ਨੇ ਆਪਣੀ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਬਾਰੇ ਸਰਸਰੀ ਜਾਣਕਾਰੀ ਦਿਤੀ ਤੇ ਵਫ਼ਦ ਵਿਚ ਸ਼ਾਮਲ ਸਾਰੇ ਮੈਂਬਰਾਂ ਦੀ ਰਸਮੀ ਜਾਣ ਪਛਾਣ ਕਰਵਾਈ।

ਵਿਕਾਸ ਮਿਸ਼ਨ ਵੱਲੋਂ ਨਵੇਂ ਐੱਸ.ਐੱਸ.ਪੀ. ਨਾਲ ਪਲੇਠੀ ਮੁਲਾਕਾਤ
 ਮਿਸ਼ਨ ਮੁਖੀ ਢੋਸੀਵਾਲ ਤੇ ਦੂਸਰੇ ਮੈਂਬਰ ਜਿਲ੍ਹਾ ਪੁਲਿਸ ਮੁਖੀ ਸ੍ਰੀ ਮੀਣਾ ਨੂੰ ਸਵਾਗਤੀ ਸਨਮਾਨ ਚਿੰਨ੍ਹ ਭੇਂਟ ਕਰਦੇ ਹੋਏ। 

 ਪ੍ਰਧਾਨ ਢੋਸੀਵਾਲ ਨੇ ਸਮੁੱਚੇ ਮਿਸ਼ਨ ਵੱਲੋਂ ਐੱਸ.ਐੱਸ.ਪੀ. ਮੀਣਾ ਨੂੰ ਜਿਲ੍ਹਾ ਪੁਲਿਸ ਮੁਖੀ ਵਜੋਂ ਅਹੁਦਾ ਸੰਭਾਲਣ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਪਰਿਵਾਰਕ ਖੁਸ਼ਹਾਲੀ ਦੀ ਕਾਮਨਾ ਕੀਤੀ। ਮਿਸ਼ਨ ਵੱਲੋਂ ਨਵੇਂ ਜਿਲ੍ਹਾ ਪੁਲਿਸ ਮੁਖੀ ਨੂੰ ਯਾਦਗਾਰ ਵਜੋਂ ਸਵਾਗਤੀ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਇਸ ਮੌਕੇ ਸ੍ਰੀ ਮੀਣਾ ਨੇ ਕਿਹਾ ਕਿ ਉਹ ਸਰਕਾਰ ਤੇ ਪੁਲਿਸ ਵਿਭਾਗ ਵੱਲੋਂ ਜਾਰੀ ਹਿਦਾਇਤਾਂ ਅਨੁਸਾਰ ਨਸ਼ੇ ਦੇ ਕਾਰੋਬਾਰੀਆਂ ਅਤੇ ਗੈਰ ਕਾਨੂੰਨੀ ਧੰਦਾ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਹਾਲਤ ਵਿਚ ਨਹੀਂ ਬਖਸ਼ਣਗੇ।
 
ਉਨ੍ਹਾਂ ਅੱਗੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ, ਨੇਕ ਨੀਤੀ ਅਤੇ ਇਮਾਨਦਾਰੀ ਅਤੇ ਸਰਕਾਰੀ ਨਿਯਮਾਂ ਅਨੁਸਾਰ ਨਿਭਾਉਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਲੋੜਵੰਦ ਵਿਅਕਤੀ ਆਪਣੀ ਸਮੱਸਿਆ ਦੱਸਣ ਲਈ ਦਫਤਰੀ ਸਮੇਂ ਵਿਚ ਕਦੇ ਵੀ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ। ਮੁਲਾਕਾਤ ਉਪਰੰਤ ਪ੍ਰਧਾਨ ਢੋਸੀਵਾਲ ਨੇ ਦੱਸਿਆ ਕਿ ਮੁਲਾਕਾਤ ਬੇਹੱਦ ਸਦਭਾਵਨਾ ਵਾਲੇ ਵਾਤਾਵਰਣ ਅਤੇ ਵਧੀਆ ਮਾਹੌਲ ਵਿਚ ਹੋਈ। ਢੋਸੀਵਾਲ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੇ ਕਾਰੋਬਾਰੀਆਂ ਤੇ ਗੈਰ ਸਰਕਾਰੀ ਅਨਸਰਾਂ ਨੂੰ ਠੱਲ ਪਾਉਣ, ਟ੍ਰੈਫਿਕ ਨਿਯਮਾਂ ਦੀ ਸਹੀ ਪਾਲਣਾ ਕਰਨ ਅਤੇ ਪੁਲਿਸ ਵੱਲੋਂ ਛੇੜੀਆਂ ਜਾਣ ਵਾਲੀਆਂ ਹੋਰਨਾਂ ਮੁਹਿੰਮਾਂ ਵਿਚ ਪੁਲਿਸ ਪ੍ਰਸ਼ਾਸਨ ਦਾ ਵਧੀਆ ਢੰਗ ਨਾਲ ਸਾਥ ਦੇਣ ਤਾਂ ਜੋ ਗੈਰ ਸਮਾਜੀ ਅਨਸਰਾਂ ਨੂੰ ਅਜਿਹੇ ਗੈਰ ਕਾਨੂੰਨੀ ਕਾਰਜ ਕਰਨ ਤੋਂ ਰੋਕਿਆ ਜਾ ਸਕੇ।  

Post a Comment

Previous Post Next Post