ਵਿਕਾਸ ਮਿਸ਼ਨ ਨੇ ਵਿਸ਼ਵ ਰਿਕਾਰਡ ਹੋਲਡਰ ਮਨਪ੍ਰੀਤ ਨੂੰ ਸਨਮਾਨਿਤ ਕੀਤਾ

BTTNEWS
0

 - ਪੁਸ਼ ਅੱਪ ’ਚ ਨਵਾਂ ਰਿਕਾਰਡ ਕਾਇਮ -

ਸ੍ਰੀ ਮੁਕਤਸਰ ਸਾਹਿਬ, 09 ਅਕਤੂਬਰ (BTTNEWS)- ਸਥਾਨਕ ਭਾਈ ਜਰਨੈਲ ਸਿੰਘ ਨਿਵਾਸੀ ਵੈਟਰਨੀ ਡਾ. ਕੁਲਵੰਤ ਸਿੰਘ ਤੇ ਕਰਮਜੀਤ ਕੌਰ ਦੇ ਪ੍ਰਤਿਭਾਸ਼ਾਲੀ ਨੌਜਵਾਨ ਸਪੁੱਤਰ ਮਨਪ੍ਰੀਤ ਸਿੰਘ ਨੇ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਆਪਣਾ ਨਾਮ ਦਰਜ ਕਰਵਾ ਕੇ ਸਾਰੇ ਇਲਾਕੇ ਦਾ ਮਾਣ ਵਧਾਇਆ ਹੈ। ਮਨਪ੍ਰੀਤ ਨੇ ਇਕ ਮਿੰਟ ਵਿਚ 124 ਨੱਕਲ ਪੁਸ਼-ਅੱਪ (ਡੰਡ) ਮਾਰ ਕੇ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਅਜਿਹਾ ਕਰਕੇ ਉਸਨੇ ਇਟਲੀ ਨਿਵਾਸੀ ਰੀਨੋ ਰੈਸਟੀਵੋ ਦਾ 116 ਪੁਸ਼-ਅੱਪ ਦਾ ਰਿਕਾਰਡ ਤੋੜਿਆ ਹੈ ਜਿਕਰਯੋਗ ਹੈ ਕਿ ਮਨਪ੍ਰੀਤ ਨੇ ਨੱਕਲ ਪੁਸ਼-ਅੱਪ ਦੀ ਟ੍ਰੇਨਿੰਗ ਸਥਾਨਕ ਤਿਲਕ ਨਗਰ ਸਥਿਤ ਬਲੂ ਡਾਇਮੰਡ ਜਿੰਮ ਦੇ ਕੋਚ ਨੀਰਜ ਤੋਂ ਪ੍ਰਾਪਤ ਕੀਤੀ ਹੈ। ਐਨਾ ਹੀ ਨਹੀਂ ਮਨਪ੍ਰੀਤ ਨੇ “ਖੇਡਾਂ ਵਤਨ ਪੰਜਾਬ ਦੀਆਂ” ਵਿੱਚ ਪਾਵਰ ਲਿਫਟਿੰਗ ਵਿਚ ਵੀ ਜਿਲ੍ਹੇ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਮਨਪ੍ਰੀਤ ਦਾ ਸਨਮਾਨ ਕਰਨ ਲਈ ਸਥਾਨਕ ਸਿਟੀ ਹੋਟਲ ਵਿਖੇ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਸੰਸਥਾ ਦੇ ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਰੱਖਰਾ, ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ, ਮੁੱਖ ਸਲਾਹਕਾਰ ਜਗਦੀਸ਼ ਧਵਾਲ ਤੋਂ ਇਲਾਵਾ ਅਮਰ ਨਾਥ ਸੇਰਸਿਆ, ਰਾਮ ਸਿੰਘ ਪੱਪੀ ਸਾਬਕਾ ਕੌਂਸਲਰ, ਚੌ. ਬਲਬੀਰ ਸਿੰਘ, ਓ.ਪੀ. ਖਿੱਚੀ, ਅਰਸ਼ ਬੱਤਰਾ ਅਤੇ ਕੋਚ ਨੀਰਜ ਵੀ ਮੌਜੂਦ ਸਨ। ਮਿਸ਼ਨ ਵੱਲੋਂ ਮਨਪ੍ਰੀਤ ਨੂੰ ਸ਼ਾਨਦਾਰ ਮੋਮੈਂਟੋ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਕ ਮੌਕੇ ਪ੍ਰਧਾਨ ਢੋਸੀਵਾਲ ਨੇ ਮਨਪ੍ਰੀਤ, ਉਸਦੇ ਪਿਤਾ ਅਤੇ ਕੋਚ ਨੂੰ ਵਧਾਈ ਦਿੰਦੇ ਹੋਏ ਕਿਹਾ ਸਮਾਜ ਦੇ ਵੱਖ-ਵੱਖਾ ਖੇਤਰਾਂ ਵਿਚ ਨਾਂ ਚਮਕਾਉਣ ਵਾਲੇ ਵਿਅਕਤੀ ਸਮੁੱਚੇ ਸਮਾਜ ਦਾ ਮਾਣ ਹੁੰਦੇ ਹਨ। ਪ੍ਰਧਾਨ ਢੋਸੀਵਾਲ ਨੇ ਜਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਮਨਪ੍ਰੀਤ ਦਾ ਬਣਦਾ ਮਾਣ ਸਤਿਕਾਰ ਕਰਨ ਦੀ ਅਪੀਲ ਵੀ ਕੀਤੀ। ਆਪਣੇ ਸੰਬੋਧਨ ਵਿਚ ਪੁਸ਼-ਅੱਪ ਰਿਕਾਰਡ ਹੋਲਡਰ ਮਨਪ੍ਰੀਤ ਨੇ ਸਨਮਾਨਿਤ ਕੀਤੇ ਜਾਣ ’ਤੇ ਸਮੁੱਚੇ ਮਿਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸਮੁੱਚੇ ਨੌਜਵਾਨ ਵਰਗ ਨੂੰ ਨਸ਼ਿਆ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ।

ਵਿਕਾਸ ਮਿਸ਼ਨ ਨੇ ਵਿਸ਼ਵ ਰਿਕਾਰਡ ਹੋਲਡਰ ਮਨਪ੍ਰੀਤ ਨੂੰ ਸਨਮਾਨਿਤ ਕੀਤਾ


Post a Comment

0Comments

Post a Comment (0)