ਜਿਲ੍ਹਾ ਜਲੋਰ ਰਾਜਸਥਾਨ ਦਾ ਰਹਿਣ ਵਾਲਾ ਸੀ ਪਰਿਵਾਰ
ਸ੍ਰੀ ਮੁਕਤਸਰ ਸਾਹਿਬ, 17 ਨਵੰਬਰ (BTTNEWS)- ਮੁਕਤਸਰ ਦੇ ਪਿੰਡ ਭੁੱਲਰ ਵਿੱਚੋਂ ਲੰਘਦੀ ਰਾਜਸਥਾਨ ਫੀਡਰ ਨਹਿਰ ਵਿੱਚ ਇੱਕ ਵਿਅਕਤੀ ਨੇ ਆਪਣੇ ਤਿੰਨ ਬੱਚਿਆਂ ਸਮੇਤ ਛਾਲ ਮਾਰ ਦਿੱਤੀ। ਸੂਚਨਾ ਮਿਲਣ 'ਤੇ ਥਾਣਾ ਸਦਰ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ, ਗੋਤਾਖੋਰ ਨਹਿਰ ਵਿੱਚ ਭਾਲ ਕਰ ਰਹੇ ਹਨ। ਮੌਕੇ ਤੋਂ ਮਿਲੇ ਆਧਾਰ ਕਾਰਡ ਤੋਂ ਵਿਅਕਤੀ ਦੀ ਪਛਾਣ ਜੈਰੂਪਰਾਮ ਵਾਸੀ ਰਾਜਸਥਾਨ ਵਜੋਂ ਹੋਈ ਹੈ।
ਨਹਿਰ ਵਿੱਚ ਛਾਲ ਮਾਰਨ ਵਾਲੇ ਵਿਅਕਤੀ ਦੀ ਪਛਾਣ ਜੈ ਰੂਪ ਰਾਮ (40) ਪੁੱਤਰ ਭੰਵਾਰਾ ਰਾਮ ਵਾਸੀ ਰਾਮਦੇਵ ਮੰਦਰ, ਢਾਣੀਆਂ ਬਟੇਰਾ, ਜ਼ਿਲ੍ਹਾ ਜਲੌਰ (ਰਾਜਸਥਾਨ) ਵਜੋਂ ਹੋਈ ਹੈ। ਜਦਕਿ ਬੱਚਿਆਂ ਦੀ ਪਛਾਣ ਸੁਰੇਸ਼ (11), ਦਲੀਪ (9) ਅਤੇ ਮੁਨੀਸ਼ਾ (5) ਵਜੋਂ ਹੋਈ ਹੈ।
ਨਹਿਰ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ਼ ਹੈ, ਜੋ ਰਾਜਸਥਾਨ ਵੱਲ ਜਾਂਦਾ ਹੈ। ਇਸ ਪਰਿਵਾਰ ਵੱਲੋਂ ਨਹਿਰ ਵਿੱਚ ਛਾਲ ਮਾਰਨ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜੈ ਰੂਪ ਰਾਮ ਨੇ ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਆਪਣੇ ਬੱਚਿਆਂ ਨਾਲ ਨਹਿਰ 'ਚ ਛਾਲ ਮਾਰ ਦਿੱਤੀ।
ਸਦਰ ਥਾਣਾ ਇੰਚਾਰਜ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਨੇ ਆਪਣੇ ਤਿੰਨ ਬੱਚਿਆਂ ਸਮੇਤ ਰਾਜਸਥਾਨ ਫੀਡਰ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ। ਉਹ ਤੁਰੰਤ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਗੋਤਾਖੋਰਾਂ ਰਾਹੀਂ ਭਾਲ ਸ਼ੁਰੂ ਕਰ ਦਿੱਤੀ। ਫਿਲਹਾਲ ਕਿਸੇ ਦਾ ਵੀ ਪਤਾ ਨਹੀਂ ਲੱਗਾ ਹੈ। ਚਾਰੋਂ ਰਾਜਸਥਾਨ ਦੇ ਰਹਿਣ ਵਾਲੇ ਹਨ।