ਲੰਬੇ ਸਮੇਂ ਤੋਂ ਇੱਕੋ ਸਥਾਨ 'ਤੇ ਤਾਇਨਾਤ ਹੇਠਲੇ ਰੈਂਕ ਦੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦਾ ਕੀਤਾ ਜਾਵੇਗਾ ਤਬਾਦਲਾ

BTTNEWS
0

 -ਹਫ਼ਤੇ ਦੌਰਾਨ 24.08 ਕਿਲੋ ਹੈਰੋਇਨ, 10 ਕਿਲੋ ਅਫੀਮ, 20.72 ਲੱਖ ਡਰੱਗ ਮਨੀ ਸਮੇਤ 302 ਨਸ਼ਾ ਤਸਕਰ ਕਾਬੂ 

- ਕੱਟੜ ਅਪਰਾਧੀਆਂ 'ਤੇ ਧਿਆਨ ਕੇਂਦਰਿਤ ਕਰਦਿਆਂ ਪੰਜਾਬ ਸਰਕਾਰ ਨੇ ਭਗੌੜੇ ਅਪਰਾਧੀਆਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਣ ਦਾ ਕੀਤਾ ਫੈਸਲਾ

- ਐਨਡੀਪੀਐਸ ਐਕਟ ਦੇ ਕੇਸਾਂ ਵਿੱਚ ਪੀਓਜ਼/ਭਗੌੜਿਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਮੁਹਿੰਮ  ਕਾਰਨ ਗ੍ਰਿਫਤਾਰੀਆਂ ਦੀ ਗਿਣਤੀ 1186 ਤੱਕ ਪਹੁੰਚੀ 


ਚੰਡੀਗੜ੍ਹ, 11 ਦਸੰਬਰ (BTTNEWS)- ਸੂਬੇ 'ਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਚਲਾਈ ਜਾ ਰਹੀ ਫੈਸਲਾਕੁੰਨ ਜੰਗ ਦੌਰਾਨ ਪੰਜਾਬ ਪੁਲਿਸ ਨੇ ਪਿਛਲੇ ਹਫ਼ਤੇ ਸੂਬੇ ਭਰ ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨ.ਡੀ.ਪੀ.ਐਸ.) ਐਕਟ ਤਹਿਤ 302 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕਰਕੇ 34 ਵਪਾਰਕ ਐਫ.ਆਈ.ਆਰਜ਼ ਸਮੇਤ 221 ਐਫ.ਆਈ.ਆਰਜ਼ ਦਰਜ ਕੀਤੀਆਂ ਹਨ। 

ਲੰਬੇ ਸਮੇਂ ਤੋਂ ਇੱਕੋ ਸਥਾਨ 'ਤੇ ਤਾਇਨਾਤ ਹੇਠਲੇ ਰੈਂਕ ਦੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦਾ ਕੀਤਾ ਜਾਵੇਗਾ ਤਬਾਦਲਾ

ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਇਹਨਾਂ ਦੇ ਕਬਜ਼ੇ ਵਿੱਚੋਂ 24.08 ਕਿਲੋ ਹੈਰੋਇਨ, 10 ਕਿਲੋ ਅਫੀਮ, 1.57 ਕੁਇੰਟਲ ਭੁੱਕੀ ਅਤੇ ਫਾਰਮਾ ਓਪੀਔਡਜ਼ ਦੀਆਂ 1.05 ਲੱਖ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਦੇ ਨਾਲ ਨਾਲ 20.72 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ।

ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਜਿਵੇਂ ਕਿ ਸੂਬਾ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ ਪੱਖੀ ਰਣਨੀਤੀ— ਇੰਫੋਰਸਮੈਂਟ, ਰੋਕਥਾਮ ਅਤੇ ਮੁੜ ਵਸੇਬਾ—  ਲਾਗੂ ਕੀਤੀ ਗਈ ਹੈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਪੁਲਿਸ ਦੇ ਸਾਰੇ ਸੀਨੀਅਰ ਅਧਿਕਾਰੀਆਂ ਨਾਲ ਹਾਲ ਹੀ ਵਿੱਚ ਕੀਤੀ ਸਮੀਖਿਆ ਮੀਟਿੰਗ ਦੌਰਾਨ ਸਮੂਹ ਸੀਪੀਜ਼/ਐਸਐਸਪੀਜ਼ ਨੂੰ ਹਦਾਇਤ ਕੀਤੀ ਕਿ ਉਹ ਫੀਲਡ ਵਿੱਚ ਜਾ ਕੇ ਪਿੰਡ ਦੀਆਂ 'ਸੱਥਾਂ' ਵਿੱਚ ਜਨਤਕ ਮੀਟਿੰਗਾਂ ਕਰਨ ਤਾਂ ਜੋ ਨਸ਼ਿਆਂ ਬਾਰੇ ਮੁੱਢਲੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ, ਜਿਸ ਨਾਲ ਅਪਰਾਧ ਨੂੰ ਰੋਕਣ ਅਤੇ ਨਸ਼ਿਆਂ ਦੇ ਖਾਤਮੇ ਵਿੱਚ ਮਦਦ ਮਿਲੇਗੀ।

ਉਨ੍ਹਾਂ ਕਿਹਾ ਕਿ ਸੀਪੀਜ਼/ਐਸਐਸਪੀਜ਼ ਨੂੰ ਨਸ਼ਿਆਂ ਵਿਰੁੱਧ ਜਾਗਰੂਕਤਾ ਗਤੀਵਿਧੀਆਂ ਵਿੱਚ ਵਾਧਾ ਕਰਨ, ਆਪਣੇ ਅਧਿਕਾਰ ਖੇਤਰ ਵਿੱਚ ਛੋਟੇ ਫਲੈਗ ਮਾਰਚ ਕਰਵਾਉਣ ਅਤੇ ਸਮਾਜ ਦੇ ਮੋਹਤਬਰ ਵਿਅਕਤੀਆਂ ਨਾਲ ਸਮੇਂ-ਸਮੇਂ 'ਤੇ ਮੀਟਿੰਗਾਂ ਕਰਨ ਲਈ ਵੀ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ 10 ਦਿਨਾਂ ਦੌਰਾਨ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 13 ਵੱਡੇ ਸਮਾਗਮਾਂ ਸਮੇਤ ਘੱਟੋ-ਘੱਟ 175 ਜਾਗਰੂਕਤਾ ਸਮਾਗਮ ਕਰਵਾਏ ਗਏ ਹਨ।

ਆਈਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਐਨਡੀਪੀਐਸ ਐਕਟ ਦੀ ਧਾਰਾ 64 ਏ, ਜੋ ਕੁਝ ਗ੍ਰਾਮ ਹੈਰੋਇਨ ਜਾਂ ਨਸ਼ੀਲੇ ਪਾਊਡਰ ਸਮੇਤ ਫੜੇ ਗਏ ਨਸ਼ੀਲੇ ਪਦਾਰਥਾਂ ਦੇ ਆਦੀ ਨੂੰ ਮੁੜ ਵਸੇਬੇ ਲਈ ਮੌਕਾ ਪ੍ਰਦਾਨ ਕਰਦੀ ਹੈ, ਬਾਰੇ ਪ੍ਰਚਾਰ ਅਤੇ ਜਾਗਰੂਕਤਾ ਪੈਦਾ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਵਿੱਚ ਇੱਕ ਗਲਤ ਧਾਰਨਾ ਹੈ ਕਿ ਧਾਰਾ 64ਏ ਤਹਿਤ ਲੰਬੇ ਸਮੇਂ ਲਈ ਕਾਨੂੰਨੀ ਤੌਰ ‘ਤੇ ਤੰਗ-ਪਰੇਸ਼ਾਨ ਹੋਣਾ ਪਵੇਗਾ। ਪਰ ਹਕੀਕਤ ਇਹ ਹੈ ਕਿ ਨਸ਼ੇ ਦੀ ਥੋੜੀ ਮਾਤਰਾ ਦੇ ਨਾਲ ਫੜੇ ਗਏ ਨਸ਼ਿਆਂ ਦੇ ਆਦੀ ਕੋਲ ਸਵੈ-ਇੱਛਾ ਨਾਲ ਨਸ਼ਾ ਛੁਡਾਉਣ ਲਈ ਡਾਕਟਰੀ ਇਲਾਜ ਕਰਵਾਉਣ ਦਾ ਮੌਕਾ ਹੁੰਦਾ ਹੈ ਅਤੇ ਇਸ ਲਈ ਲੰਬੇ ਸਮੇਂ ਲਈ ਕਾਨੂੰਨੀ ਤੌਰ ‘ਤੇ ਤੰਗ-ਪਰੇਸ਼ਾਨ ਨਹੀਂ ਹੋਣਾ ਪਵੇਗਾ। 

ਇਸ ਰਣਨੀਤੀ ਦੇ ਹਿੱਸੇ ਵਜੋਂ, ਮੁੱਖ ਮੰਤਰੀ ਨੇ ਸੰਭਾਵਿਤ ਗਠਜੋੜ ਨੂੰ ਤੋੜਨ ਲਈ ਹੇਠਲੇ ਰੈਂਕ ਦੇ ਪੁਲਿਸ ਅਧਿਕਾਰੀਆਂ, ਜੋ ਲੰਬੇ ਸਮੇਂ ਤੋਂ ਇੱਕੋ ਸਥਾਨ 'ਤੇ ਤਾਇਨਾਤ ਹਨ, ਦੇ ਤਬਾਦਲੇ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ ਹਨ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਮੁਖੀਆਂ ਨੂੰ ਪਹਿਲਾਂ ਹੀ ਅਜਿਹੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੀ ਸੂਚੀ ਬਣਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸੀ.ਪੀ./ਐਸ.ਐਸ.ਪੀਜ਼ ਅਤੇ ਹੋਰ ਫੀਲਡ ਅਧਿਕਾਰੀਆਂ ਨੂੰ ਆਪਣੇ ਤਬਾਦਲਿਆਂ ਮੌਕੇ ਆਪਣੇ ਅਧੀਨ ਅਮਲੇ ਨੂੰ ਆਪਣੀ ਤਾਇਨਾਤੀ ਦੇ ਨਵਾਂ ਸਥਾਨ ‘ਤੇ ਲੈ ਕੇ ਜਾਣ ਲਈ ਵੀ ਰੋਕ ਲਗਾਈ ਗਈ ਹੈ।

ਆਈਜੀਪੀ ਨੇ ਕਿਹਾ ਕਿ ਸਰਕਾਰ ਨੇ ਪੀਓਜ਼ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਣ ਦਾ ਫੈਸਲਾ ਕੀਤਾ ਹੈ, ਸ਼੍ਰੇਣੀ ਏ ਵਿੱਚ 10 ਸਾਲ ਤੋਂ ਵੱਧ ਸਜ਼ਾ ਵਾਲੇ ਪੀਓਜ਼, ਸ਼੍ਰੇਣੀ ਬੀ ਵਿੱਚ 7 ਸਾਲ ਤੋਂ ਵੱਧ ਸਜ਼ਾ ਵਾਲੇ ਅਤੇ ਸ਼੍ਰੇਣੀ ਸੀ ਵਿੱਚ 7 ਸਾਲ ਤੋਂ ਘੱਟ ਸਜ਼ਾ ਵਾਲੇ ਪੀਓਜ਼ ਸ਼ਾਮਲ ਹਨ, ਤਾਂ ਜੋ ਕੱਟੜ ਅਪਰਾਧੀਆਂ 'ਤੇ ਨਕੇਲ ਕਸੀ ਜਾ ਸਕੇ।

ਉਨ੍ਹਾਂ ਕਿਹਾ ਕਿ ਫਿਰੌਤੀ ਦੀਆਂ ਕਾਲਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਵੱਲੋਂ 130 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਫਿਰੌਤੀ ਦੀਆਂ ਕਾਲਾਂ ਵਿੱਚ ਸ਼ਾਮਲ 117 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਕਾਰਨ ਸੂਬੇ ਵਿੱਚ ਫਿਰੌਤੀ ਮੰਗਣ ਸਬੰਧੀ ਘਟਨਾਵਾਂ ਵਿੱਚ ਕਮੀ ਆਈ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਐਨਡੀਪੀਐਸ ਕੇਸਾਂ  ਵਿੱਚ 10 ਹੋਰ ਪੀਓਜ਼/ਭਗੌੜਿਆਂ ਦੀ ਗ੍ਰਿਫਤਾਰੀ ਨਾਲ, 5 ਜੁਲਾਈ, 2022  ਤੋਂ ਪੀਓਜ਼/ਭਗੌੜਿਆਂ ਨੂੰ ਗ੍ਰਿਫਤਾਰ  ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ ਹੁਣ 1186 ਤੱਕ ਪਹੁੰਚ ਗਈ ਹੈ।

Post a Comment

0Comments

Post a Comment (0)