- 12 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣ ਵਾਲੀ ਕਾਨਫਰੰਸ ਵਿੱਚ ਰਿਕਾਰਡ ਤੋੜ ਇਕੱਠ ਹੋਵੇਗਾ: ਹਰਗੋਬਿੰਦ ਕੌਰ
ਬਠਿੰਡਾ , 7 ਜਨਵਰੀ (ਸੁਖਪਾਲ ਸਿੰਘ ਢਿੱਲੋਂ)- ਇਸਤਰੀ ਅਕਾਲੀ ਦਲ ਵੱਲੋਂ ਅੱਜ ਬਠਿੰਡਾ ਵਿਖੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਦਫ਼ਤਰ ਵਿਚ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ।
ਉਕਤ ਮੀਟਿੰਗ ਇਸਤਰੀ ਅਕਾਲੀ ਦਲ ਵੱਲੋਂ 12 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਤਾ ਭਾਗ ਕੌਰ ਨੂੰ ਸਮਰਪਿਤ ਕੀਤੀ ਜਾਣ ਵਾਲੀ ਕਾਨਫਰੰਸ ਨੂੰ ਸਫਲ ਬਣਾਉਣ ਲਈ ਕੀਤੀ ਗਈ ਤੇ ਔਰਤ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ । ਮੀਟਿੰਗ ਵਿੱਚ ਪੁੱਜੀਆਂ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਵੱਡੀ ਗਿਣਤੀ ਵਿੱਚ ਬੀਬੀਆਂ ਨੂੰ ਨਾਲ ਲੈ ਕੇ ਕਾਨਫਰੰਸ ਵਿੱਚ ਪੁੱਜਣਗੀਆਂ ।
ਇਸ ਮੌਕੇ ਬੋਲਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਉਹ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿੱਚ ਮੀਟਿੰਗਾਂ ਕਰ ਰਹੇ ਹਨ । ਉਹਨਾਂ ਕਿਹਾ ਕਿ 12 ਜਨਵਰੀ ਨੂੰ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਔਰਤਾਂ ਦੀ ਕਾਨਫਰੰਸ ਰੱਖੀ ਗਈ ਹੈ ਤੇ 14 ਜਨਵਰੀ ਨੂੰ ਇਸੇ ਸਥਾਨ ਤੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਹੋ ਰਹੀ ਹੈ । ਦੋਵੇਂ ਹੀ ਕਾਨਫਰੰਸਾਂ ਨੂੰ ਸਫਲ ਬਣਾਇਆ ਜਾਵੇ ਤਾਂ ਕਿ ਪਾਰਟੀ ਦੀ ਮਜ਼ਬੂਤੀ ਹੋ ਸਕੇ ।
ਉਹਨਾਂ ਕਿਹਾ ਕਿ ਬੀਬੀਆਂ ਵਿੱਚ ਹਰ ਥਾਂ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਕਾਨਫਰੰਸ ਵਿੱਚ ਰਿਕਾਰਡ ਤੋੜ ਇਕੱਠ ਹੋਵੇਗਾ ।
ਇਸ ਮੌਕੇ ਇਸਤਰੀ ਅਕਾਲੀ ਦਲ ਦੀਆਂ ਆਗੂ ਔਰਤਾਂ ਬਲਵਿੰਦਰ ਕੌਰ , ਜੋਗਿੰਦਰ ਕੌਰ , ਚਰਨਜੀਤ ਕੌਰ ਅਤੇ ਪ੍ਰਭਜੀਤ ਕੌਰ ਆਦਿ ਮੌਜੂਦ ਸਨ ।