ਸ੍ਰੀ ਮੁਕਤਸਰ ਸਾਹਿਬ, 09 ਫਰਵਰੀ (BTTNEWS)- ਆਪਣੀ ਪਤਨੀ ਦੀ ਮੌਤ ਤੋਂ ਸਿਰਫ਼ ਤੇਰਾਂ ਦਿਨ ਬਾਅਦ ਹੀ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਜਿਲ੍ਹਾ ਪ੍ਰਧਾਨ ਅਤੇ ਸੂਬਾ ਸਕੱਤਰ ਡਾ. ਗੁਰਚਰਨ ਸਿੰਘ ਲੱਖੇਵਾਲੀ (80) ਵੀ ਅਕਾਲ ਚਲਾਣਾ ਕਰ ਗਏ ਹਨ।
ਉਹ ਆਪਣੇ ਪਿਛੇ ਦੋ ਪੁੱਤਰ ਅਤੇ ਦੋ ਪੁੱਤਰੀਆਂ (ਸਾਰੇ ਸ਼ਾਦੀ ਸ਼ੁਦਾ) ਛੱਡ ਗਏ ਹਨ। ਸਥਾਨਕ ਗੋਨਿਆਣਾ ਰੋਡ ਸ਼ਮਸ਼ਾਨ ਘਾਟ ਵਿਖੇ ਪਾਰਟੀ ਦੇ ਝੰਡੇ ਵਿਚ ਲਪੇਟੀ ਡਾ. ਸਾਹਿਬ ਦੀ ਮ੍ਰਿਤਕ ਦੇਹ ਦੇ ਸੰਸਕਾਰ ਮੌਕੇ ਬਹੁਜਨ ਸਮਾਜ ਪਾਰਟੀ ਦੇ ਝੰਡੇ ਹੱਥਾਂ ਵਿਚ ਫੜੇ ਵਰਕਰਾਂ ਵੱਲੋਂ “ਡਾ. ਗੁਰਚਰਨ ਸਿੰਘ ਅਮਰ ਰਹੇ” ਦੇ ਨਾਅਰੇ ਲਗਾਏ ਜਾ ਰਹੇ ਸਨ। ਇਸ ਮੌਕੇ ਡਾ. ਸਾਹਿਬ ਦੇ ਛੋਟੇ ਭਰਾ ਡਾ. ਆਸਾ ਸਿੰਘ ਅਤੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਬੇਦੀ, ਬਸਪਾ ਦੇ ਜਿਲ੍ਹਾ ਪ੍ਰਧਾਨ ਮੰਦਰ ਸਿੰਘ ਸਰਾਏਨਾਗਾ, ਜਿਲ੍ਹਾ ਫਰੀਦਕੋਟ ਦੇ ਪ੍ਰਧਾਨ ਐਡਵੋਕੇਟ ਅਵਤਾਰ ਕ੍ਰਿਸ਼ਨ, ਸਾਬਕਾ ਕੌਂਸਲਰ ਰਾਮ ਸਿੰਘ ਪੱਪੀ, ਗੁਰਬਖ਼ਸ਼ ਸਿੰਘ ਭਾਟੀਆ, ਚਿੰਤ ਰਾਮ ਨਾਹਰ, ਸਰੂਪ ਚੰਦ, ਚੌ. ਬਲਬੀਰ ਸਿੰਘ ਅਤੇ ਓ.ਪੀ. ਖਿੱਚੀ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਮੌਜੂਦ ਸਨ। ਜਿਕਰਯੋਗ ਹੈ ਕਿ ਕਰੀਬ ਦੋ ਕੁ ਹਫ਼ਤੇ ਪਹਿਲਾਂ ਡਾ. ਸਾਹਿਬ ਦੀ ਧਰਮ ਪਤਨੀ ਕ੍ਰਿਸ਼ਨਾ ਰਾਣੀ ਦੀ ਮੌਤ ਹੋ ਗਈ ਸੀ। ਪਰਿਵਾਰ ਨੂੰ ਥੋੜੇ ਸਮੇਂ ਅੰਦਰ ਹੀ ਦੂਹਰਾ ਸਦਮਾ ਸਹਿਣਾ ਪੈ ਰਿਹਾ ਹੈ। ਕਰੀਬ 80 ਕੁ ਸਾਲ ਪਹਿਲਾਂ ਮੌਜੂਦਾ ਫਾਜ਼ਿਲਕਾ ਜਿਲ੍ਹੇ ਦੇ ਪਿੰਡ ਹੌਜਖਾਸ ਵਿਚ ਸਾਧਾਰਨ ਕਿਸਾਨ ਬਲਵੰਤ ਸਿੰਘ ਦੇ ਗ੍ਰਹਿ ਵਿਖੇ ਮਾਤਾ ਗੁਰਨਾਮ ਕੌਰ ਦੀ ਕੁਖੋਂ ਜਨਮੇ ਡਾ. ਗੁਰਚਰਨ ਸਿੰਘ ਆਪਣੇ ਸਾਰੇ ਭੈਣ ਭਰਾਵਾਂ ਵਿਚੋਂ ਸਭ ਤੋਂ ਵੱਡੇ ਸਨ। ਸ਼ਹਿਰ ਦੇ ਐਮ.ਬੀ. ਹਾਈ ਸਕੂਲ ਵਿਚੋਂ ਮੈਟ੍ਰਿਕ ਪਾਸ ਕਰਨ ਉਪਰੰਤ ਡਾ. ਸਾਹਿਬ ਪੰਜਾਬ ਦੇ ਸਿਹਤ ਵਿਭਾਗ ਵਿਚ ਨੌਕਰੀ ਕਰਦੇ ਬਤੌਰ ਹੈਲਥ ਸੁਪਰਵਾਇਜ਼ਰ ਸੇਵਾ ਮੁਕਤ ਹੋਏ ਹਨ। ਨੌਕਰੀ ਦੌਰਾਨ ਡਾ. ਸਾਹਿਬ ਦੀ ਮੁਲਾਕਾਤ ਬਸਪਾ ਸੰਸਥਾਪਕ ਕਾਂਸ਼ੀ ਰਾਮ ਜੀ ਨਾਲ ਹੋਈ। ਬਹੁਜਨ ਲਹਿਰ ਵਿਚ ਸ਼ਾਮਲ ਹੋ ਕੇ ਸਰਕਾਰੀ ਨੌਕਰੀ ਤੋਂ ਅਸਤੀਫਾ ਦਿਤਾ ਅਤੇ ਚਾਰ ਵਾਰ ਵਿਧਾਨ ਸਭਾ ਹਲਕਾ ਮਲੋਟ ਤੋਂ ਵਿਧਾਇਕ ਦੀ ਚੋਣ ਲੜੀ ਅਤੇ ਵੱਡੀ ਗਿਣਤੀ ਵਿਚ ਵੋਟਰਾਂ ਦਾ ਪਿਆਰ ਮਿਲਿਆ। ਆਪ ਆਖਰੀ ਦਮ ਤੱਕ ਬਹੁਜਨ ਸਮਾਜ ਪਾਰਟੀ ਨਾਲ ਜੁੜੇ ਰਹੇ ਅਤੇ ਇਸ ਮੌਕੇ ਇਹਨਾਂ ਦਾ ਵੱਡਾ ਸਪੁੱਤਰ ਪਰਮਜੀਤ ਪੰਮਾ ਬਸਪਾ ਦੇ ਜਿਲ੍ਹਾ ਸਕੱਤਰ ਵਜੋਂ ਕੰਮ ਕਰ ਰਿਹਾ ਹੈ। ਡਾ. ਗੁਰਚਰਨ ਸਿੰਘ ਲੱਖੇਵਾਲੀ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੀ 11 ਫਰਵਰੀ ਐਤਵਾਰ ਨੂੰ ਦੁਪਹਿਰ ਦੇ 12:00 ਤੋਂ 1:00 ਵਜੇ ਤੱਕ ਉਹਨਾਂ ਦੇ ਗ੍ਰਹਿ ਸਥਾਨਕ ਬਾਬਾ ਦੀਪ ਸਿੰਘ ਨਗਰ ਨੇੜੇ ਗੋਨਿਆਣਾ ਚੌਂਕ ਵਿਖੇ ਪਵੇਗਾ।

Post a Comment