Breaking

ਆਜ਼ਾਦ ਯਾਦਗਾਰੀ ਸਮਾਰੋਹ ਨੇ ਬਿਖੇਰਿਆ ਸ਼ਬਦ, ਕਲਾ ਤੇ ਚੇਤਨਾ ਦਾ ਚਾਨਣ

ਮੁੱਢ ਕਦੀਮ ਤੋਂ ਲੇਖਕਾਂ ਸਮਾਜ ਦਾ ਰਾਹ ਰੌਸ਼ਨ ਕੀਤਾ : ਸੜਕਨਾਮਾ



 ਸ੍ਰੀ ਮੁਕਤਸਰ ਸਾਹਿਬ 21 ਅਪ੍ਰੈਲ : ਸਥਾਨਕ ਬਾਵਾ ਨਿਹਾਲ ਸਿੰਘ ਕਾਲਿਜ ਆਫ ਐਜੂਕੇਸ਼ਨ ਵਿੱਚ ਉੱਘੇ ਮਰਹੂਮ ਵਿਅੰਗ ਲੇਖ਼ਕ ਪ੍ਰਿੰਸੀਪਲ ਬਲਦੇਵ ਸਿੰਘ ਆਜ਼ਾਦ ਆਜ਼ਾਦ ਦੀ ਯਾਦ ਵਿੱਚ ਕਰਵਾਇਆ ਗਿਆ ਸਲਾਮ ਜ਼ਿੰਦਗੀ ਸਾਹਿਤਕ ਸਮਾਰੋਹ ਸ਼ਬਦ, ਕਲਾ ਤੇ ਚੇਤਨਾ ਦਾ ਚਾਨਣ ਬਿਖੇਰ ਗਿਆ। ਸਮਾਰੋਹ ਵਿੱਚ ਪ੍ਰਿੰ. ਬਲਦੇਵ ਸਿੰਘ ਆਜ਼ਾਦ ਦੀ ਹਾਸ ਵਿਅੰਗ ਖ਼ੇਤਰ ਵਿੱਚ ਦੇਣ ਤੇ ਚਰਚਾ ਕਰਦਿਆਂ ਉੱਘੇ ਭਾਸ਼ਾ ਵਿਗਿਆਨੀ ਤੇ ਸਾਹਿਤਕਾਰ ਡਾ.ਪਰਮਜੀਤ ਸਿੰਘ ਢੀਂਗਰਾ ਨੇ ਆਖਿਆ ਕਿ ਪੰਜਾਬੀ ਲੇਖਣੀ ਵਿੱਚ ਹਾਸ ਵਿਅੰਗ ਇੱਕ ਅਜਿਹੀ ਵਿਧਾ ਹੈ ਜਿਸ ਵਿਚਲੀ ਚੋਭ ਤੇ ਚੇਤਨਾ ਪਾਠਕ ਦਾ ਮਨ ਮਸਤਕ ਰੌਸ਼ਨ ਕਰਦੀ ਹੈ।ਇਸ ਵਿਧਾ ਵਿੱਚ ਚਰਨ ਸਿੰਘ ਸ਼ਹੀਦ ਤੋਂ ਲੈ ਕੇ ਪ੍ਰਿੰਸੀਪਲ ਬਲਦੇਵ ਸਿੰਘ ਆਜ਼ਾਦ ਦੇ ਵਿਅੰਗ ਸਾਹਿਤ ਦੇ ਉਹ ਸਾਰਥਿਕ ਪਹਿਲੂ ਹਨ ਜਿਹੜੇ ਜ਼ਿੰਦਗੀ ਤੇ ਸਮਾਜ ਦੀ ਖੁਸ਼ਹਾਲੀ ਲੋਚਦੇ ਹਨ।ਉਨ੍ਹਾਂ ਆਖਿਆ ਕਿ ਪ੍ਰਿੰਸੀਪਲ ਆਜ਼ਾਦ ਦੇ ਲੇਖਣੀ ਵਿਚਲੇ ਬਿੰਬ ਹਾਸ ਵਿਅੰਗ ਖ਼ੇਤਰ ਦੀ ਵਿਰਾਸਤ ਹਨ । ਸਮਾਰੋਹ ਵਿੱਚ ਸਾਹਿਤ ਤੇ ਕਲਾ ਦੇ ਮਹੱਤਵ ਬਾਰੇ ਬੋਲਦਿਆਂ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਆਖਿਆ ਕਿ ਸਾਹਿਤ ਤੇ ਕਲਾ ਦਾ ਚੰਗੇਰੀ ਜ਼ਿੰਦਗੀ ਤੇ ਬਰਾਬਰੀ ਦੇ ਸਮਾਜ ਲਈ ਬਹੁਤ ਮਹੱਤਵਪੂਰਨ ਯੋਗਦਾਨ ਰਿਹਾ ਹੈ।ਮੁੱਢ ਕਦੀਮ ਤੋਂ ਹੀ ਲੇਖ਼ਕ ਆਪਣੀਆਂ ਲਿਖਤਾਂ ਸੱਤਾ ਲਈ ਚੁਣੌਤੀ ਬਣਦੇ ਹੋਏ ਸਮਾਜ ਦਾ ਰਾਹ ਰੌਸ਼ਨ ਕਰਦੇ ਰਹੇ ਹਨ।ਸਮਾਰੋਹ ਵਿੱਚ ਉੱਘੇ ਆਲੋਚਕ ਤੇ ਸਾਹਿਤਕਾਰ ਡਾ. ਸੁਰਜੀਤ ਬਰਾੜ ਘੋਲੀਆ ਨੇ ਵਿਅੰਗ ਵਿਧਾ ਵਿੱਚ ਪ੍ਰਿੰਸੀਪਲ ਆਜ਼ਾਦ ਵੱਲੋਂ ਪਾਏ ਭਰਵੇਂ ਯੋਗਦਾਨ ਪੰਜਾਬੀ ਸਾਹਿਤ ਦੀ ਅਮਾਨਤ ਆਖਿਆ।  


ਸਾਹਿਤਕ ਸਮਾਰੋਹ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਥਾ ਦੇ ਵਿਦਿਆਰਥੀਆਂ ਵੱਲੋਂ ਤਜਿੰਦਰ ਸੋਥਾ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤੀਆਂ ਕੋਰੀਓਗ੍ਰਾਫੀਆਂ ਕਲਮਕਾਰਾਂ ਨੂੰ ਸਲਾਮ ਤੇ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਨੇ ਕਲਮ,ਕਿਰਤ ਤੇ ਸੰਘਰਸ਼ਾਂ ਦੀ ਉਚੇਰੀ ਸਾਂਝ ਨੂੰ ਮੰਚ ਤੇ ਸਾਕਾਰ ਕੀਤਾ।ਸਮਾਰੋਹ ਦੌਰਾਨ ਲੋਕ ਪੱਖੀ ਗਾਇਕ ਜਗਸੀਰ ਜੀਦਾ ਤੇ ਗੀਤਕਾਰ ਹਰਦਰਸ਼ਨ ਨੈਬੀ ਨੇ ਆਪਣੇ ਗੀਤਾਂ ਨਾਲ ਹਾਜ਼ਰੀ ਲਵਾਈ।ਆਖਰੀ ਸ਼ੈਸ਼ਨ ਵਿੱਚ ਹੋਏ ਕਵੀ ਦਰਬਾਰ ਵਿੱਚ ਮਹਿਮਾਨ ਕਵੀਆਂ ਚਰਨਜੀਤ ਸਮਾਲਸਰ, ਕੁਲਦੀਪ ਬੰਗੀ,ਰਣਬੀਰ ਰਾਣਾ,ਗੁਰਸੇਵਕ ਬੀੜ,ਜਸਵੀਰ ਸ਼ਰਮਾ ਤੇ ਸੁਖ ਸੰਧੂ ਆਪਣੀਆਂ ਰਚਨਾਵਾਂ ਨਾਲ ਕਾਵਿ ਕਲਾ ਦੇ ਬੁਲੰਦ ਬੋਲਾਂ ਦਾ ਚਾਨਣ ਬਿਖੇਰਿਆ।ਸਮਾਰੋਹ ਦੇ ਦੋਵੇਂ ਸ਼ੈਸ਼ਨਾਂ ਵਿੱਚ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਰਾਮ ਸਵਰਨ ਲੱਖੇਵਾਲੀ ਤੇ ਬੂਟਾ ਸਿੰਘ ਵਾਕਫ਼ ਨੇ ਨਿਭਾਈ।

ਸਮਾਰੋਹ ਦੀ ਸਫਲਤਾ ਲਈ ਅਮੋਲਕ ਸਿੰਘ ਆਜ਼ਾਦ, ਵਿਜੇ ਸਿਡਾਨਾ,ਤਜਿੰਦਰ ਸਿੰਘ, ਪਰਮਿੰਦਰ ਖੋਖਰ,ਕੁਲਜੀਤ ਡੰਗਰ ਖੇੜਾ,ਗੁਰਮੀਤ ਭਲਵਾਨ ਖੋਖਰ, ਪ੍ਰਵੀਨ ਜੰਡਵਾਲਾ ਨੇ ਭਰਵਾਂ ਯੋਗਦਾਨ ਪਾਇਆ।ਸਮਾਰੋਹ ਵਿੱਚ ਮਿੰਨੀ ਕਹਾਣੀ ਲੇਖ਼ਕ ਕੁਲਦੀਪ ਮਾਣੂੰਕੇ,ਕਹਾਣੀਕਾਰ ਗੁਰਜੀਤ ਐਮੀ, ਗੁਰਮੇਲ ਸੱਗੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੇਖ਼ਕ,ਸਾਹਿਤ ਪ੍ਰੇਮੀ ਤੇ ਪਾਠਕ ਮੌਜੂਦ ਸਨ।


ਫੋਟੋ ਕੈਪਸ਼ਨ: ਉੱਘੇ ਮਰਹੂਮ ਵਿਅੰਗ ਲੇਖ਼ਕ ਪ੍ਰਿੰਸੀਪਲ ਬਲਦੇਵ ਸਿੰਘ ਆਜ਼ਾਦ ਦੀ ਯਾਦ ਵਿੱਚ ਕਰਵਾਏ ਗਏ ਸਲਾਮ ਜ਼ਿੰਦਗੀ ਸਾਹਿਤਕ ਸਮਾਰੋਹ ਦੀਆਂ ਝਲਕਾਂ

Post a Comment

Previous Post Next Post