ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਦੇ ਨਾਂ ਭੇਜਿਆ ਗਿਆ ਮੰਗ ਪੱਤਰ

BTTNEWS
0

ਸ਼੍ਰੀ ਮੁਕਤਸਰ ਸਾਹਿਬ : ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾ ਪ੍ਰਧਾਨ ਰਮਨਜੀਤ ਕੌਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਰਾਹੀਂ ਸਿੱਖਿਆ ਮੰਤਰੀ ਦੇ ਨਾਂ ਮੰਗ ਪੱਤਰ ਭੇਜਿਆ ਗਿਆ।

ਇਸ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਸਕੂਲਾਂ ਅੰਦਰ ਨਿਗੂਣੇ ਮਾਣ ਭੱਤੇ 'ਤੇ ਕੰਮ ਕਰ ਰਹੀਆਂ ਮਿੱਡ ਡੇ ਮੀਲ ਕੁੱਕ ਵਰਕਰਾਂ ਨੂੰ ਬੈਂਕ ਖਾਤੇ ਖੋਲ੍ਹਣ ਦੇ ਬਹਾਨੇ ਹੇਠ ਪਿਛਲੇ ਦੋ ਮਹੀਨਿਆਂ ਤੋਂ ਮਾਣ ਭੱਤਾ ਨਹੀਂ ਦਿੱਤਾ ਗਿਆ। ਮਿਡ-ਡੇ-ਮੀਲ ਵਰਕਰਾਂ ਨੂੰ ਜਾਰੀ ਕੀਤੇ ਗਏ ਫੁਰਮਾਨ ਰਾਹੀਂ ਕੇਨਰਾ ਬੈਂਕ ਵਿੱਚ ਖਾਤੇ ਖੋਲ੍ਹਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਜਿਹੜਾ ਕਿ ਸੰਭਵ ਨਹੀਂ ਹੈ ਕਿਉਂਕਿ ਪਿੰਡਾਂ ਕਸਬਿਆਂ ਵਿੱਚ ਕੇਨਰਾ ਬੈਂਕਾਂ ਦੀ ਗਿਣਤੀ ਨਾਮਾਤਰ ਹੈ ਅਤੇ ਮਿਡ-ਡੇ-ਮੀਲ ਵਰਕਰਾਂ ਨੂੰ ਆਪਣੇ ਸਕੂਲਾਂ ਤੋਂ 25-30 ਕਿਲੋਮੀਟਰ ਦੂਰ ਜਬਰੀ ਖਾਤੇ ਖੁਲਵਾਉਣ ਲਈ ਮਜ਼ਬੂਰ ਕਰਨਾ ਉਹਨਾ ਦੇ ਸ਼ੋਸ਼ਣ ਵਿੱਚ ਹੋਰ ਵਾਧਾ ਕਰਨਾ ਹੈ। ਜ਼ਿਲ੍ਹਾ ਆਗੂਆਂ ਨੇ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਪਿਛਲੇ ਦੋ ਮਹੀਨਿਆਂ ਤੋਂ ਰਹਿੰਦਾ ਮਾਣ ਭੱਤਾ ਤੁਰੰਤ ਜਾਰੀ ਕੀਤਾ ਜਾਵੇ ਅਤੇ ਕੇਨਰਾ ਬੈਂਕ ਵਿੱਚ ਬੈਂਕ ਖਾਤੇ ਖੁਲਵਾਉਣ ਦੀ ਸਮੱਸਿਆ ਦੇ ਹੱਲ ਲਈ ਹਰੇਕ ਕਸਬੇ ਅਤੇ ਪਿੰਡਾਂ ਵਿੱਚ ਮੌਜੂਦ ਘੱਟੋ ਘੱਟ ਪੰਜ ਬੈਂਕਾਂ ਦੀ ਚੋਣ ਕਰਕੇ ਖਾਤੇ ਖੁਲਵਾਏ ਜਾਣ। ਇਸ ਤੋਂ ਇਲਾਵਾ ਉਨ੍ਹਾਂ ਇਸ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਸੈਲਰੀ ਬੈਂਕ ਅਕਾਊਂਟ ਰਾਹੀਂ ਮਿਲਣ ਵਾਲੇ ਲਾਭਾਂ ਤੋਂ ਅਲੱਗ ਤੌਰ 'ਤੇ ਪੰਜਾਬ ਸਰਕਾਰ ਵੱਲੋਂ ਮਿਡ-ਡੇ-ਮੀਲ ਵਰਕਰਾਂ ਦਾ ਘੱਟੋ-ਘੱਟ 5 ਲੱਖ ਰੁਪਏ ਦਾ ਮੁਫ਼ਤ ਬੀਮਾ ਕੀਤਾ ਜਾਵੇ ਅਤੇ ਦੁਰਘਟਨਾਂ ਹੋ ਜਾਣ 'ਤੇ ਇਲਾਜ ਦਾ ਮੁਕੰਮਲ ਖਰਚਾ ਸਰਕਾਰੀ ਤੌਰ 'ਤੇ ਅਤੇ ਜਾਨੀ ਨੁਕਸਾਨ ਹੋ ਜਾਣ 'ਤੇ ਰੈਗੂਲਰ ਮੁਲਾਜ਼ਮਾਂ ਵਾਂਗ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ। ਆਮ ਆਦਮੀਂ ਪਾਰਟੀ ਵੱਲੋਂ ਆਪਣੀ ਚੋਣ ਗਾਰੰਟੀ ਅਨੁਸਾਰ ਮਿਡ-ਡੇ-ਮੀਲ ਅਤੇ ਸਫਾਈ ਵਰਕਰਾਂ ਨੂੰ ਮਿਲਦੇ ਮਾਣ ਭੱਤੇ ਨੂੰ ਫੌਰੀ ਦੁੱਗਣਾ ਕਰਕੇ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ। ਸਕੂਲਾਂ ਅੰਦਰ ਬੱਚਿਆਂ ਦੀ ਗਿਣਤੀ 100 ਤੋਂ ਘੱਟ ਹੋ ਜਾਣ ਕਰਕੇ ਕੰਮ ਤੋਂ ਛਾਂਟੀ ਕੀਤੇ ਗਏ ਸਫਾਈ ਵਰਕਰਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੇਅੰਤ ਕੌਰ, ਛਿੰਦਰ ਕੌਰ, ਪ੍ਰਕਾਸ਼ ਕੌਰ, ਹਰਪਾਲ ਕੌਰ, ਅਮਨਦੀਪ ਕੌਰ, ਸੁਖਬੀਰ ਕੌਰ, ਸੁਖਪ੍ਰੀਤ ਕੌਰ,ਸੀਮਾ ਰਾਣੀ, ਗੀਤਾ, ਜਸਵਿੰਦਰ ਕੌਰ, ਗੁਰਮੀਤ ਕੌਰ ਅਤੇ ਗੁਰਵਿੰਦਰ ਕੌਰ ਹਾਜ਼ਰ ਸਨ।

Post a Comment

0Comments

Post a Comment (0)