ਹਲਕੇ ‘ਚ ਕਿਸੇ ਵੀ ਵਿਕਾਸ ਕਾਰਜ ਲਈ ਫੰਡਾਂ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ: ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ
ਲੰਬੀ/ਸ੍ਰੀ ਮੁਕਤਸਰ ਸਾਹਿਬ, 08 ਅਕਤੂਬਰ:
ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਲੰਬੀ ਹਲਕੇ ਦੇ ਪਿੰਡ ਕਿੱਲਆਂਵਾਲੀ, ਵੜਿੰਗ ਖੇੜਾ, ਲੁਹਾਰਾ ਅਤੇ ਭਾਗੂ ‘ਚ ਲਗਭਗ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਕੈਬਨਿਟ ਮੰਤਰੀ ਗੁਰਮੀਤ ਖੁੱਡੀਆਂ ਵੱਲੋਂ ਪਿੰਡ ਕਿੱਲਆਂਵਾਲੀ ਵਿਖੇ 17 ਲੱਖ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦੀ ਪਾਇਪ ਲਾਈਨ ਦਾ ਨੀਂਹ ਪੱਥਰ, ਪਿੰਡ ਵੜਿੰਗ ਖੇੜਾ ਵਿਖੇ 10.06 ਲੱਖ ਦੀ ਲਾਗਤ ਨਾਲ ਆਂਗਣਵਾੜੀ ਸੈਂਟਰ ਤੇ 35 ਲੱਖ ਦੀ ਲਾਗਤ ਨਾਲ ਹੈਲਥ ਵੈਲਨੈਂਸ ਸੈਂਟਰ, ਪਿੰਡ ਲੁਹਾਰਾ ਵਿਖੇ 11.49 ਲੱਖ ਦੀ ਲਾਗਤ ਨਾਲ ਫਿਰਨੀ ਤੋਂ ਸ਼ੇਰਗੜ੍ਹ ਤੱਕ ਪੱਕਾ ਕੀਤਾ ਰਸਤਾ ਅਤੇ ਪਿੰਡ ਭਾਗੂ ਵਿਖੇ 12.92 ਲੱਖ ਦੀ ਲਾਗਤ ਨਾਲ ਨਵੇਂ ਬਣੇ ਪੱਕੇ ਖ਼ਾਲ ਤੇ 8 ਲੱਖ ਦੀ ਲਾਗਤ ਨਾਲ ਖੜਵੰਜਾ ਦੇ ਕੰਮ ਦਾ ਉਦਘਾਟਨ ਕੀਤਾ।
ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਵਪੱਖੀ ਵਿਕਾਸ ਲਈ ਦਿਨ-ਰਾਤ ਇੱਕ ਕਰਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਾਂਗ ਲੰਬੀ ਹਲਕੇ ‘ਚ ਕਿਸੇ ਵੀ ਵਿਕਾਸ ਕਾਰਜ ਲਈ ਫੰਡਾਂ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਰ ਪ੍ਰੋਜੈਕਟ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨਾ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਲੋਕਾਂ ਦੇ ਇੱਕ-ਇੱਕ ਪੈਸੇ ਨੂੰ ਲੋਕਾਂ ਦੀ ਭਲਾਈ ਲਈ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ।
ਇਸ ਮੌਕੇ ਕੈਬਨਿਟ ਮੰਤਰੀ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਉਹਨਾਂ ਵਿਚੋਂ ਕਈ ਮੌਕੇ ਉੱਤੇ ਹੀ ਹੱਲ ਕੀਤੀਆਂ ਤੇ ਬਾਕੀਆਂ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਲੋਕਾਂ ਦੀ ਖੱਜਲ ਖੁਆਰੀ ਰੋਕਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਲੋਕ ਪੱਖੀ ਫ਼ੈਸਲੇ ਲਏ ਜਾ ਰਹੇ ਹਨ। ਇਸ ਮੌਕੇ ਸਬੰਧਤ ਵਿਭਾਗਾਂ ਦੇ ਅਧਿਕਾਰੀ, ਪਿੰਡਾਂ ਦੇ ਸਰਪੰਚ ਤੇ ਪੰਚਾਇਤ ਮੈਂਬਰ ਅਤੇ ਪਤਵੰਤੇ ਹਾਜ਼ਰ ਸਨ।