- ਜਲਦੀ ਚੇਅਰਮੈਨ ਲਗਾ ਕੇ ਭਰਤੀ ਦਾ ਕੰਮ ਚਾੜ੍ਹਿਆ ਜਾਵੇਗਾ ਨੇਪਰੇ - ਰਾਜਾ ਵੜਿੰਗ
ਪਟਵਾਰੀ ਦੀ ਪ੍ਰੀਖਿਆ ਪਾਸ ਕਰ ਚੁੱਕੇ ਉਮੀਦਵਾਰ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੰਗ ਪੱਤਰ ਦਿੰਦੇ ਹੋਏ । |
ਸ੍ਰੀ ਮੁਕਤਸਰ ਸਾਹਿਬ , 28 ਨਵੰਬਰ -
ਪਟਵਾਰੀ ਦੀ ਪ੍ਰੀਖਿਆ ਪਾਸ ਕਰ ਚੁੱਕੇ ਉਮੀਦਵਾਰਾਂ ਨੇ ਅੱਜ ਸਵੇਰੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਹਨਾਂ ਦੇ ਘਰ ਵਿੱਚ ਮਿਲ ਕੇ ਮੰਗ ਪੱਤਰ ਦਿੱਤਾ ਤੇ ਮੰਗ ਕੀਤੀ ਕਿ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ । ਉਮੀਦਵਾਰਾਂ ਦੇ ਵਫ਼ਦ ਜਿਸ ਵਿੱਚ ਅਮਰਿੰਦਰ ਸਿੰਘ , ਲਖਵਿੰਦਰ ਸਿੰਘ , ਸ਼ਮਸ਼ੇਰ ਸਿੰਘ , ਰਾਜਵਿੰਦਰ ਸਿੰਘ , ਪਾਰਸ , ਹਰਵਿੰਦਰ ਸਿੰਘ ਤੇ ਵੀਰਪਾਲ ਕੌਰ ਨੇ ਮੰਤਰੀ ਨੂੰ ਜਾਣੂ ਕਰਵਾਇਆ ਕਿ ਅਸੀਂ 1152 ਪਟਵਾਰੀਆਂ ਦੀ ਭਰਤੀ ਲਈ ਪਹਿਲਾ ਪੇਪਰ 8 ਅਗਸਤ 2021 ਨੂੰ ਦਿੱਤਾ ਸੀ ਤੇ ਫੇਰ ਦੂਜਾ ਪੇਪਰ 5 ਸਤੰਬਰ ਨੂੰ ਦਿੱਤਾ ਸੀ । ਇਹਨਾਂ ਦਾ ਨਤੀਜਾ 17 ਸਤੰਬਰ ਨੂੰ ਐਸ ਐਸ ਐਸ ਬੋਰਡ ਮੋਹਾਲੀ ਵੱਲੋਂ ਘੋਸ਼ਿਤ ਕੀਤਾ ਗਿਆ ਸੀ । ਪਰ ਅਜੇ ਤੱਕ ਸਾਡੀ ਕੌਂਸਲਿੰਗ ਨਹੀਂ ਕਰਵਾਈ ਗਈ । ਬੋਰਡ ਵਿੱਚ ਜਾ ਕੇ ਉੱਚ ਅਧਿਕਾਰੀਆਂ ਨੂੰ ਮਿਲੇ ਸਾਂ ਤੇ ਉਹ ਕਹਿ ਰਹੇ ਹਨ ਕਿ ਚੇਅਰਮੈਨ ਨਹੀਂ ਹਨ । ਸਾਡੀ ਮੰਗ ਹੈ ਕਿ ਇਸ ਸਮੱਸਿਆ ਦਾ ਹੱਲ ਕਰਵਾਉ ਤੇ ਸਾਨੂੰ ਨਿਯੁਕਤੀ ਪੱਤਰ ਦਿੱਤੇ ਜਾਣ । ਵਫ਼ਦ ਦੀ ਗੱਲ ਸੁਣ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਰੋਸਾ ਦਿਵਾਇਆ ਕਿ ਜਲਦੀ ਹੀ ਨਵਾਂ ਚੇਅਰਮੈਨ ਲਗਾ ਕੇ ਪਟਵਾਰੀਆਂ ਦੀ ਭਰਤੀ ਦਾ ਕੰਮ ਨੇਪਰੇ ਚਾੜ੍ਹਿਆ ਜਾਵੇਗਾ ਤੇ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ।