‘ਸ਼ੀਸ਼ਾ’ ਵਰਗੀਆਂ ਕਹਾਣੀਆਂ ਦੇ ਸਿਰਜਕ ਗੁਰਦੇਵ ਰੁਪਾਣਾ ਨਹੀਂ ਰਹੇ

bttnews
0

 ਅੱਜ ਹੋਵੇਗਾ ਪਿੰਡ ਰੁਪਾਣਾ ਵਿਖੇ ਅੰਤਮ ਸਸਕਾਰ


‘ਸ਼ੀਸ਼ਾ’ ਵਰਗੀਆਂ ਕਹਾਣੀਆਂ ਦੇ ਸਿਰਜਕ ਗੁਰਦੇਵ ਰੁਪਾਣਾ ਨਹੀਂ ਰਹੇ

ਸ੍ਰੀ ਮੁਕਤਸਰ ਸਾਹਿਬ, 05 ਦਸੰਬਰ

ਪਿਛਲੇ ਕਰੀਬ ਇਕ ਮਹੀਨੇ ਤੋਂ ਛਾਤੀ ਦੀ ਇਨਫੈਕਸ਼ਨ ਤੋਂ ਪੀੜਤ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਰੁਪਾਣਾ ਨੇ ਆਪਣੇ ਘਰ ਪਿੰਡ ਰੁਪਾਣਾ ਵਿਖੇ ਆਪਣਾ ਅੰਤਮ ਸਾਹ ਲਿਆ। ਉਹ ਕਰੀਬ ਇਕ ਮਹੀਨਾ ਪਹਿਲਾਂ ਮੁਕਤਸਰ ਦੇ ਨਿੱਜੀ ਹਸਪਤਾਲ ’ਚ ਸਾਹ ਦੀ ਤਕਲੀਫ ਦੇ ਇਲਾਜ ਲਈ ਦਾਖਲ ਹੋਏ ਸਨ ਤੇ ਹੁਣ ਕਰੀਬ ਦੋ ਹਫਤਿਆਂ ਤੋਂ ਘਰ ਵਿੱਚ ਹੀ ਸਨ। ਪੰਜਾਬੀ ਵਿੱਚ ਮਾਸਟਰ ਡਿਗਰੀ ਹਾਸਲ ਕਰਨ ਤੋਂ ਬਾਅਦ ਤੋਂ ਬਾਅਦ ਉਹ ਕੁਝ ਸਮਾਂ ਮੁਕਤਸਰ ਦੇ ਕਾਲਜ ਵਿੱਚ ਪੜ੍ਹਾਉਂਦੇ ਰਹੇ ਤੇ ਉਸ ਉਪਰੰਤ ਪੱਕੇ ਤੌਰ ਤੇ ਦਿੱਲੀ ਦੇ ਸਕੂਲ ਅਧਿਆਪਕ ਰਹੇ ਅਤੇ ਇਸ ਦੌਰਾਨ ਦਿੱਲੀ ਦੇ ਸਾਹਿਤਕ ਹਲਕਿਆਂ ’ਚ ਛਾਏ ਰਹੇ। ਅੰਮ੍ਰਿਤਾ ਪ੍ਰੀਤਮ ਸਣੇ ਹੋਰ ਸਿਰਮੋਰ ਲੇਖਕਾਂ ਦੇ ਚਹੇਤੇ ਬਣ। ਉਨ੍ਹਾਂ ਦੀਆਂ ਪੰਜ ਕਹਾਣੀ ਦੀਆਂ ਪੁਸਤਕਾਂ ਇਕ ਟੋਟਾ ਔਰਤ 1970 ਵਿੱਚ ਪ੍ਰਕਾਸ਼ਿਤ ਹੋਈ ਤੇ ਉਸਤੋਂ ਬਾਅਦ ਡਿਫੈਂਸ ਲਾਇਨ, ਸ਼ੀਸ਼ਾ ਤੇ ਹੋਰ ਕਹਾਣੀਆਂ, ਰਾਂਝਾ ਵਾਰਸ ਹੋਇਆ ਅਤੇ ਚਾਰ ਨਾਵਲ ਜਲਦੇਵ, ਆਸੋ ਦਾ ਟੱਬਰ, ਗੋਰੀ ਅਤੇ ਸ੍ਰੀ ਪਾਰਵਾ ਪੰਜਾਬੀ ਸਾਹਿਤ ਦੀ ਝੋਲੀ ਪਾਏ। ਸ੍ਰੀ ਰੁਪਾਣਾ ਨੇ ਦਿੱਲੀ ਰਹਿੰਦੀ ਪੰਜਾਬ ਦੇ ਪਿੰਡਾਂ, ਪੰਜਾਬੀ ਸਭਿਆਚਾਰ ਤੇ ਸੁਭਾਅ ਨੂੰ ਬਾਖੂਬੀ ਚਿੱਤਰਿਆ ਤੇ ਸੇਵਾ ਮੁਕਤੀ ਉਪਰੰਤ ਆਪਣੇ ਪਿੰਡ ਰੁਪਾਣਾ ਆ ਕੇ ਦਿੱਲੀ ਨੂੰ ਚਿੱਤਰਿਆ। ਉਹ ਕਹਿੰਦੇ ਸਨ ਕਿ ਦੂਰੋਂ ਦੇਖਿਆ ਜਿਆਦਾ ਵਿਸਥਾਰ ਵਿਖਾਈ ਦਿੰਦਾ ਹੈ। ਉਨ੍ਹਾਂ ਦੀਆਂ ਕਈ ਪੁਸਤਕਾਂ ਅਤੇ ਕਹਾਣੀਆਂ ਦੇ ਅੰਗਰੇਜ਼ੀ, ਤੇਲਗੂ ਤੇ ਹਿੰਦੀ ’ਚ ਲਿੱਪੀਅੰਤਰ ਵੀ ਹੋ ਚੁੱਕਿਆ ਹੈ। ਉਨ੍ਹਾਂ ਕੈਨੇਡਾ ਦੇ ਢਾਹਾਂ ਸਨਮਾਨ ਸਣੇ, ਪੰਜਾਬੀ ਅਕਾਦਮੀ ਦਿੱਲੀ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਪੰਜਾਬੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਸ੍ਰੀ ਰੁਪਾਣਾ ਨੁੂੰ ਪੰਜਾਬੀ ਸਾਹਿਤ ’ਚ ਘੱਟ ਤੇ ਸਾਰਥਿਕ ਲਿਖੇ ਜਾਣ ਵਾਲੇ ਲੇਖਕ ਅਤੇ ਵਿਰਕ ਦੀ ਤਰਜ਼ ਦੇ ਲੇਖਕ ਵਜੋਂ ਜਾਣਿਆ ਜਾਂਦਾ ਹੈ। ਸ੍ਰੀ ਰੁਪਾਣਾ ਆਪਣੇ ਪਿੱਛੇ ਆਪਣੀ ਪਤਨੀ ਗੁਰਮੇਲ ਕੌਰ ਅਤੇ ਦੋ ਪੁੱਤਰ ਨੇਮਪਾਲ ਸਿੰਘ ਅਤੇ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਪਾਸ ਆਊਟ ਪ੍ਰੀਤਪਾਲ ਸਿੰਘ ਰੁਪਾਣਾ ਛੱਡ ਗਏ ਹਨ। ਸ੍ਰੀ ਰੁਪਾਣਾ ਦੇ ਦੇਹਾਂਤ ਦੀ ਦੇਰ ਸ਼ਾਮ ਆਈ ਖ਼ਬਰ ਤੋਂ ਬਾਅਦ ਹੀ ਪਰਿਵਾਰ ਨਾਲ ਦੇਸ਼ ਅਤੇ ਵਿਦੇਸ਼ ਤੋਂ ਅਫਸੋਸ ਸਾਂਝਾ ਕਰਨ ਦੇ ਸੁਨੇਹੇ ਆ ਰਹੇ ਹਨ। ਸ੍ਰੀ ਰੁਪਾਣਾ ਦਾ ਅੰਤਮ ਸੰਸਕਾਰ ਪਿੰਡ ਰੁਪਾਣਾ (ਮੁਕਤਸਰ-ਮਲੋਟ ਸੜਕ) ਵਿਖੇ ਬਾਅਦ ਦੁਪਹਿਰ ਕੀਤਾ ਜਾਵੇਗਾ।

Post a Comment

0Comments

Post a Comment (0)