ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਵਿਭਾਗ ਦੇ ਡਾਇਰੈਕਟਰ ਨੂੰ ਮਿਲਿਆ ਯੂਨੀਅਨ ਦਾ ਵਫ਼ਦ

bttnews
0

 - ਜੇ ਮੰਗਾਂ ਦਾ ਨਿਪਟਾਰਾ ਜਲਦੀ ਨਾ ਹੋਇਆ ਤਾਂ ਕੀਤਾ ਜਾਵੇਗਾ ਡਾਇਰੈਕਟਰ ਦਫ਼ਤਰ ਦਾ ਘਿਰਾਓ - ਹਰਗੋਬਿੰਦ ਕੌਰ

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਵਿਭਾਗ ਦੇ ਡਾਇਰੈਕਟਰ ਨੂੰ ਮਿਲਿਆ ਯੂਨੀਅਨ ਦਾ ਵਫ਼ਦ
ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਤੇ ਹੋਰ ਆਗੂ ।

ਚੰਡੀਗੜ੍ਹ , 4 ਮਾਰਚ (ਸੁਖਪਾਲ ਸਿੰਘ ਢਿੱਲੋਂ)-
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਵਫ਼ਦ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨੂੰ ਲੈ ਕੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਡਾਇਰੈਕਟਰ ਅਰਵਿੰਦਰ ਪਾਲ ਸਿੰਘ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ । ਵਫ਼ਦ ਨੇ ਮੰਗ ਕੀਤੀ ਕਿ 3 ਜਨਵਰੀ 2022 ਨੂੰ ਮੰਨੀਆਂ ਗਈਆਂ ਮੰਗਾਂ ਦੀ ਪ੍ਰਸੀਡਿੰਗ ਜਾਰੀ ਹੋਈ ਸੀ , ਉਸ ਨੂੰ ਲਾਗੂ ਕੀਤਾ ਜਾਵੇ । ਕਰੈੱਚ ਵਰਕਰਾਂ ਦੀ ਤਿੰਨ ਸਾਲ ਤੋਂ ਰਹਿੰਦੀ ਤਨਖ਼ਾਹ ਦਿੱਤੀ ਜਾਵੇ । ਸੈਨਟਰੀ ਪੈਂਡ ਦੀ ਸਪਲਾਈ ਆਂਗਣਵਾੜੀ ਸੈਂਟਰਾਂ ਤੱਕ ਕੀਤੀ ਜਾਵੇ । ਬਲਾਕ ਖਰੜ 1ਅਤੇ 2 , ਗੁਰਦਾਸਪੁਰ , ਅਟਾਰੀ , ਸਿੱਧਵਾਂ ਬੇਟ ਵਿੱਚ ਰਾਸ਼ਨ ਦੀ ਸਪਲਾਈ ਆਂਗਣਵਾੜੀ ਸੈਂਟਰਾਂ ਤੱਕ ਪਹੁੰਚਾਈ ਜਾਵੇ । ਐਨ ਜੀ ਓ ਰਾਹੀਂ ਦਿੱਤਾ ਜਾ ਰਿਹਾ ਰਾਸ਼ਨ ਸਮੇਂ ਸਿਰ ਨਹੀਂ ਪਹੁੰਚ ਰਿਹਾ ਤੇ ਉਂਝ ਵੀ ਖ਼ਰਾਬ ਹੁੰਦਾ ਹੈ । ਇਸ ਕਰਕੇ ਐਨ ਜੀ ਓ ਕੋਲੋਂ ਇਹ ਰਾਸ਼ਨ ਬੰਦ ਕਰਕੇ ਵਿਭਾਗ ਰਾਹੀਂ ਦਿੱਤਾ ਜਾਵੇ । ਬਲਾਕ  ਫਾਜ਼ਿਲਕਾ , ਜਲਾਲਾਬਾਦ , ਗੁਰੂ ਹਰਸਹਾਏ , ਮਲੇਰਕੋਟਲਾ , ਚੋਹਲਾ ਸਾਹਿਬ , ਤਲਵੰਡੀ ਸਾਬੋ ਵਿੱਚ ਪੂਰਾ ਬੱਜਟ ਦਿੱਤਾ ਜਾਵੇ । ਬੰਗਾ ਬਲਾਕ ਦੇ ਸੀ ਡੀ ਪੀ ੳ ਦਾ ਚਾਰਜ ਦਿੱਤਾ ਜਾਵੇ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਤਨਖ਼ਾਹਾਂ ਦੇ ਦੋਵੇਂ ਬਿੱਲ ਪਾਸ ਕੀਤੇ ਜਾਣ । ਕਿਉਂਕਿ ਖ਼ਜ਼ਾਨੇ ਵੱਲੋਂ ਤਨਖਾਹ ਦਾ ਇੱਕੋ ਬਿੱਲ ਹੀ ਪਾਸ ਕੀਤਾ ਜਾਂਦਾ ਹੈ ਤੇ ਇੱਕ ਤਨਖਾਹ ਬਕਾਇਆ ਖੜੀ ਰਹਿੰਦੀ ਹੈ । ਬਠਿੰਡਾ ਸ਼ਹਿਰੀ ਕਾਰਪੋਰੇਸ਼ਨ ਅਧੀਨ ਹੈ । ਪਰ ਸੈਂਟਰਾਂ ਦਾ ਕਿਰਾਇਆ ਸਿਰਫ 1500 ਰੁਪਏ ਮਹੀਨਾ ਦਿੱਤਾ ਜਾਂਦਾ ਹੈ । ਜਦੋਂ ਕਿ ਬਾਕੀ ਦੋ ਪੈਸੇ ਵਰਕਰਾਂ ਨੂੰ ਪੱਲਿਉਂ ਭਰਨੇ ਪੈਂਦੇ ਹਨ । ਇਹ ਕਿਰਾਇਆ ਪੂਰਾ ਦਿੱਤਾ ਜਾਵੇ ।  ਐਨ ਜੀ ਓ ਬਲਾਕਾਂ ਦਾ ਫਰਵਰੀ ਮਹੀਨੇ ਦਾ ਮਾਣ ਭੱਤਾ ਦਿੱਤਾ ਜਾਵੇ । ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਵੱਧਣ ਕਰਕੇ ਉਹਨਾਂ ਦੀ ਲੱਗੀ ਹੋਈ ਵਿਧਵਾ , ਆਸ਼ਰਿਤ , ਅੰਗਹੀਣ ਪੈਨਸ਼ਨ ਬੰਦ ਕੀਤੀ ਜਾ ਰਹੀ ਹੈ । ਜਦੋਂ ਕਿ ਹੈਲਪਰ ਦੀ ਤਨਖਾਹ ਮਿਥੀ ਹੋਈ ਤਨਖਾਹ ਤੋਂ ਕੇਵਲ 100 ਰੁਪਏ ਵੱਧ ਹੈ । ਵਿਧਵਾ ਵਰਕਰਾਂ ਵੀ ਐਨੇ ਘੱਟ ਮਾਣ ਭੱਤੇ ਵਿੱਚ ਆਪਣਾ ਅਤੇ ਆਪਣੇ ਬੱਚਿਆਂ ਦਾ ਗੁਜ਼ਾਰਾ ਨਹੀਂ ਕਰ ਸਕਦੀਆਂ । ਇਸ ਲਈ ਵਰਕਰਾਂ ਤੇ ਹੈਲਪਰਾਂ ਦੀਆਂ ਪੈਨਸ਼ਨਾਂ ਨਾ ਕੱਟੀਆਂ ਜਾਣ ।  ਵਫ਼ਦ ਨੂੰ ਡਾਇਰੈਕਟਰ ਨੇ ਭਰੋਸਾ ਦਿਵਾਇਆ ਕਿ ਮੰਨੀਆਂ ਗਈਆਂ ਮੰਗਾਂ ਦੇ ਦਿਸ਼ਾ ਨਿਰਦੇਸ਼ ਜਲਦੀ ਦਿੱਤੇ ਜਾਣਗੇ ਅਤੇ ਬਾਕੀ ਸਾਰੀਆਂ ਮੰਗਾਂ ਨੂੰ ਵੀ ਛੇਤੀ ਨੇਪਰੇ ਚਾੜ੍ਹਿਆ ਜਾਵੇਗਾ । ਦੂਜੇ ਪਾਸੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੋਸ਼ ਲਗਾਇਆ ਕਿ ਸੰਬੰਧਿਤ ਵਿਭਾਗ ਦੀ ਕਾਰਗੁਜ਼ਾਰੀ ਬਹੁਤ ਮਾੜੀ ਹੈ ਤੇ ਢਿੱਲ ਮੱਠ ਦੀ ਨੀਤੀ ਹੈ । ਇਸ ਲਈ ਜੇਕਰ ਉਹਨਾਂ ਦੀਆਂ ਮੰਗਾਂ ਦਾ ਨਿਪਟਾਰਾ ਜਲਦੀ ਨਾ ਹੋਇਆ ਤਾਂ ਜਥੇਬੰਦੀ ਡਾਇਰੈਕਟਰ ਦਫ਼ਤਰ ਦਾ ਘਿਰਾਓ ਕਰੇਗੀ । ਇਸ ਮੌਕੇ ਯੂਨੀਅਨ ਦੀ ਆਗੂ ਜਸਵੀਰ ਕੌਰ ਦਸੂਹਾ ਤੇ ਹਰਵਿੰਦਰ ਕੌਰ ਹੁਸ਼ਿਆਰਪੁਰ ਮੌਜੂਦ ਸਨ ।  

Post a Comment

0Comments

Post a Comment (0)