ਸੜਕ ਸੁਰੱਖਿਆ ਫੋਰਸ ਦੇ 1500 ਤੋਂ ਵੱਧ ਪੁਲਿਸ ਕਰਮੀਆਂ ਨੂੰ ਰੋਡ ਸੇਫ਼ਟੀ ਬਾਰੇ ਦਿੱਤੀ ਜਾ ਰਹੀ ਹੈ ਵਿਸ਼ੇਸ਼ ਸਿਖਲਾਈ
ਚੰਡੀਗੜ੍ਹ/ਕਪੂਰਥਲਾ, 27 ਅਕਤੂਬਰ (BTTNEWS)- ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਟ੍ਰੈਫ਼ਿਕ, ਪੰਜਾਬ ਅਮਰਦੀਪ ਸਿੰਘ ਰਾਏ ਨੇ ਅੱਜ ਇੱਥੇ ਕਪੂਰਥਲਾ ਦੇ ਪੰਜਾਬ ਪੁਲਿਸ ਇਨ-ਸਰਵਿਸ ਟ੍ਰੇਨਿੰਗ ਸੈਂਟਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਫਲੈਗਸ਼ਿਪ ਪ੍ਰਾਜੈਕਟ "ਸੜਕ ਸੁਰੱਖਿਆ ਫੋਰਸ (ਐਸ.ਐਸ.ਐਫ.)" ਦੀ ਵਿਸ਼ੇਸ਼ ਇੰਡਕਸ਼ਨ ਟ੍ਰੇਨਿੰਗ ਦਾ ਜਾਇਜ਼ਾ ਲਿਆ।
ਸਿਖਲਾਈ ਅਧੀਨ ਪੁਲਿਸ ਕਰਮੀਆਂ ਨੂੰ ਸੰਬੋਧਨ ਕਰਦਿਆਂ ਏ.ਡੀ.ਜੀ.ਪੀ. ਰਾਏ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਸੜਕ ਹਾਦਸਿਆਂ ਨੂੰ ਘਟਾਉਣ ਦੇ ਨਾਲ-ਨਾਲ ਸੜਕਾਂ 'ਤੇ ਕੀਮਤੀ ਮਨੁੱਖੀ ਜਾਨਾਂ ਦੀ ਰਾਖੀ ਲਈ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਫੋਰਸ ਦਾ ਇੱਕੋ ਇੱਕ ਉਦੇਸ਼ ਦੁਰਘਟਨਾਵਾਂ ਨੂੰ ਘਟਾ ਕੇ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਉਣਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਸੂਬੇ ਵਿੱਚ ਵਾਹਨਾਂ ਦੀ ਆਵਾਜਾਈ ਨੂੰ ਵੀ ਸੁਚਾਰੂ ਬਣਾਏਗਾ।
ਉਨ੍ਹਾਂ ਦੱਸਿਆ ਕਿ ਸਿਖਲਾਈ ਤੋਂ ਬਾਅਦ ਇਨ੍ਹਾਂ ਕਰਮਚਾਰੀਆਂ ਨੂੰ ਆਧੁਨਿਕ ਯੰਤਰਾਂ/ਉਪਕਰਨਾਂ ਨਾਲ ਲੈਸ ਵਾਹਨ ਮੁਹੱਈਆ ਕਰਵਾਏ ਜਾਣਗੇ ਅਤੇ ਡਿਊਟੀ ਅਨੁਸਾਰ ਇਨ੍ਹਾਂ ਕਰਮਚਾਰੀਆਂ ਦੀ ਵਰਦੀ ਵੀ ਪੁਲਿਸ ਦੀ ਰਵਾਇਤੀ ਵਰਦੀ ਤੋਂ ਵੱਖਰੀ ਹੋਵੇਗੀ।
ਮੁੱਖ ਟਰੈਫਿਕ ਸਲਾਹਕਾਰ, ਪੰਜਾਬ ਡਾ. ਨਵਦੀਪ ਅਸੀਜਾ ਨੇ ਦੱਸਿਆ ਕਿ ਇਹ ਵਿਲੱਖਣ ਫੋਰਸ ਪੰਜਾਬ ਸੂਬੇ ਵਿੱਚ ਹੀ ਕਾਇਮ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੜਕ ਹਾਦਸਿਆਂ ‘ਚ ਰੋਜ਼ਾਨਾ ਔਸਤਨ 12 ਜਾਨਾਂ ਜਾਂਦੀਆਂ ਹਨ ਅਤੇ ਇਸ ਫੋਰਸ ਦਾ ਮੁੱਖ ਉਦੇਸ਼ ਸੂਬੇ ਵਿੱਚ ਸੜਕ ਹਾਦਸਿਆਂ ਨੂੰ ਘਟਾ ਕੇ ਜ਼ੀਰੋ ਕਰਨਾ ਹੈ।
ਸੜਕ ਸੁਰੱਖਿਆ ਫੋਰਸ ਦੀ ਸਿਖਲਾਈ ਸਬੰਧੀ ਏ.ਡੀ.ਜੀ.ਪੀ. ਰਾਏ ਦਾ ਧੰਨਵਾਦ ਕਰਦਿਆਂ ਕਮਾਂਡੈਂਟ ਇਨ-ਸਰਵਿਸ ਟ੍ਰੇਨਿੰਗ ਸੈਂਟਰ ਕਪੂਰਥਲਾ ਡਾ. ਸੰਦੀਪ ਕੁਮਾਰ ਸ਼ਰਮਾ ਨੇ ਭਰੋਸਾ ਦਿਵਾਇਆ ਕਿ ਉੱਚ ਰੈਂਕ ਦੇ ਮਾਹਿਰਾਂ/ਪੇਸ਼ੇਵਰਾਂ ਦੀਆਂ ਸੇਵਾਵਾਂ ਲੈ ਕੇ ਇਨ੍ਹਾਂ ਕਰਮਚਾਰੀਆਂ ਨੂੰ ਆਲਾ ਦਰਜੇ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਇਸ ਫੋਰਸ ਨੂੰ ਬਣਾਉਣ ਦੇ ਉਦੇਸ਼ ਨੂੰ ਪ੍ਰਾਪਤ ਕੀਤਾ ਜਾ ਸਕੇ।
%20(3).jpeg)
Post a Comment