Breaking

ਗਰੀਬ ਲਾਭਪਾਤਰੀਆਂ ਦੀ ਜਿੰਦਗੀ ਨਾਲ ਵੱਡਾ ਖਿਲਵਾੜ, ਆਂਗਣਵਾੜੀ ਸੈਂਟਰ ਵਿੱਚ ਭੇਜਿਆ ਗਿਆ ਮਾੜਾ ਰਾਸ਼ਨ

 - ਪੰਜੀਰੀ ਕੱਚੀ , ਮਿੱਠਾ ਦਲੀਆਂ ਬਣਦਾ ਕੌੜਾ ਤੇ ਖਿੱਚੜੀ ਵੀ ਠੀਕ ਨਹੀਂ , ਲੱਗ ਸਕਦੀਆਂ ਹਨ ਬਿਮਾਰੀਆਂ -

ਸ੍ਰੀ ਮੁਕਤਸਰ ਸਾਹਿਬ , 17 ਅਪ੍ਰੈਲ (ਸੁਖਪਾਲ ਸਿੰਘ ਢਿੱਲੋਂ)- ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਸੂਬੇ ਅੰਦਰ ਚਲਾਏ ਜਾ ਰਹੇ ਆਂਗਣਵਾੜੀ ਸੈਂਟਰਾਂ ਵਿੱਚ ਇਸ ਵੇਲੇ ਲਾਭਪਾਤਰੀਆਂ ਲਈ ਜੋ ਰਾਸ਼ਨ ਭੇਜਿਆ ਜਾ ਰਿਹਾ ਹੈ ਉਹ ਰਾਸ਼ਨ ਠੀਕ ਨਾ ਹੋਣ ਕਰਕੇ ਸਾਰੇ ਪਾਸੇ ਰੌਲਾ ਰੱਪਾ ਪੈ ਰਿਹਾ ਹੈ ਤੇ ਲਾਭਪਾਤਰੀਆਂ ਵੱਲੋਂ ਕੁੱਝ ਥਾਵਾਂ ਤੇ ਇਹ ਰਾਸ਼ਨ ਲੈਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ । 

 

ਗਰੀਬ ਲਾਭਪਾਤਰੀਆਂ ਦੀ ਜਿੰਦਗੀ ਨਾਲ ਵੱਡਾ ਖਿਲਵਾੜ,  ਆਂਗਣਵਾੜੀ ਸੈਂਟਰ ਵਿੱਚ ਭੇਜਿਆ ਗਿਆ ਮਾੜਾ ਰਾਸ਼ਨ

     ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਦੇ ਆਂਗਣਵਾੜੀ ਸੈਂਟਰਾਂ ਵਿੱਚ ਪਹਿਲਾਂ ਲਾਭਪਾਤਰੀਆਂ ਲਈ ਵੇਰਕਾ ਵੱਲੋਂ ਸਮਾਨ ਭੇਜਿਆ ਜਾਂਦਾ ਸੀ ਤੇ ਵੇਰਕਾ ਵੱਲੋਂ ਇਹ ਸਮਾਨ ਖੁਦ ਤਿਆਰ ਕੀਤਾ ਜਾਂਦਾ ਸੀ । ਉਦੋਂ ਵੇਰਕਾ ਦਾ ਸਮਾਨ ਲਾਭਪਾਤਰੀ ਪਸੰਦ ਕਰਦੇ ਸਨ । ਪਰ ਪਿਛਲੇਂ ਸਮੇਂ ਦੌਰਾਨ ਸਰਕਾਰ ਨੇ ਵੇਰਕਾ ਤੋਂ ਇਹ ਕੰਮ ਖੋਹ ਕੇ ਮਾਰਕਫੈੱਡ ਨੂੰ ਦੇ ਦਿੱਤਾ । ਮਾਰਕਫੈਡ ਕੋਈ ਸਮਾਨ ਤਿਆਰ ਨਹੀਂ ਕਰਦਾ । ਸਗੋਂ ਮਾਰਕਫੈੱਡ ਨੇ ਅੱਗੇ ਹਿਮਾਚਲ ਦੀ ਕਿਸੇ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਹੈ । ਜੋ ਸਮਾਨ ਆਂਗਣਵਾੜੀ ਸੈਂਟਰਾਂ ਵਿੱਚ ਭੇਜਿਆ ਜਾ ਰਿਹਾ ਹੈ ਉਹ ਸਮਾਨ ਠੀਕ ਨਾ ਹੋਣ ਕਰਕੇ ਆਂਗਣਵਾੜੀ ਸੈਂਟਰਾਂ ਵਿੱਚ ਆਉਣ ਵਾਲੇ ਲਾਭਪਾਤਰੀ ਉਥੇ ਆ ਕੇ ਵਰਕਰਾਂ ਤੇ ਹੈਲਪਰਾਂ ਨਾਲ ਨਰਾਜ਼ ਹੋ ਰਹੇ ਹਨ ਕਿ ਤੁਸੀਂ ਸਮਾਨ ਮਾੜਾ ਅਤੇ ਘਟੀਆ ਕੁਆਲਿਟੀ ਵਾਲਾ ਦੇ ਰਹੋ ਹੋ । ਜਦੋਂ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਬਿਲਕੁਲ ਬੇਕਸੂਰ ਹਨ । ਕਿਉਂਕਿ ਉਹਨਾਂ ਨੇ ਤਾਂ ਉਹੋ ਸਮਾਨ ਹੀ ਅੱਗੇ ਦੇਣਾ ਹੈ ਜੋ ਸਰਕਾਰ ਅਤੇ ਸੰਬੰਧਿਤ ਮਹਿਕਮੇ ਵੱਲੋਂ ਭੇਜਿਆ ਜਾਂਦਾ ਸੀ । 

         ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਥਾਂਦੇਵਾਲਾ ਵਿਖੇ ਵੀ ਆਂਗਣਵਾੜੀ ਸੈਂਟਰ ਵਿੱਚ ਆਏ ਲਾਭਪਾਤਰੀਆਂ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਕਿ ਅਸੀਂ ਇਹ ਮਾੜਾ ਸਮਾਨ ਨਹੀਂ ਲੈਣਾ । ਇਸ ਵੇਲੇ ਆਂਗਣਵਾੜੀ ਸੈਂਟਰਾਂ ਵਿੱਚ ਪੰਜੀਰੀ , ਖਿੱਚੜੀ , ਮੁਰਮੁਰੇ , ਮਿੱਠਾ ਦਲੀਆਂ ਅਤੇ ਨਮਕੀਨ ਦਲੀਆਂ ਆਦਿ ਵੰਡਿਆ ਜਾ ਰਿਹਾ ਹੈ । 

          ਲਾਭਪਾਤਰੀਆਂ ਦਾ ਦੋਸ਼ ਹੈ ਕਿ ਪੰਜੀਰੀ ਕੱਚੀ ਹੈ । ਮਿੱਠਾ ਦਲੀਆਂ ਕੌੜਾ ਬਣਦਾ । ਖਿੱਚੜੀ ਵੀ ਠੀਕ ਨਹੀਂ ਬਣਦੀ । ਅਜਿਹਾ ਰਾਸ਼ਨ ਲੈ ਕੇ ਅਸੀਂ ਕੀ ਕਰਨਾ ।

          ਉਕਤ ਆਂਗਣਵਾੜੀ ਸੈਂਟਰ ਦੀ ਇੰਚਾਰਜ ਸ਼ਿੰਦਰਪਾਲ ਕੌਰ ਥਾਂਦੇਵਾਲਾ ਜੋ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲਾ ਪ੍ਰਧਾਨ ਅਤੇ ਸੂਬਾ ਦਫ਼ਤਰ ਸਕੱਤਰ ਹੈ ਨੇ ਕਿਹਾ ਕਿ ਇਸ ਸਬੰਧੀ ਉਹਨਾਂ ਨੇ ਸੰਬੰਧਿਤ ਮਹਿਕਮੇ ਨੂੰ ਸੂਚਿਤ ਕਰ ਦਿੱਤਾ ਹੈ । ਉਹਨਾਂ ਕਿਹਾ ਕਿ ਪਹਿਲਾਂ ਵੀ ਰਾਸ਼ਨ ਠੀਕ ਨਹੀਂ ਸੀ ਤੇ ਹੁਣ ਜਿਹੜਾ ਰਾਸ਼ਨ ਆਇਆ ਪਿਆ ਉਹ ਵੀ ਠੀਕ ਨਹੀਂ ।

        - ਕੀ ਕਹਿਣਾ ਹੈ ਜ਼ਿਲਾ ਪ੍ਰੋਗਰਾਮ ਅਫਸਰ ਪ੍ਰਦੀਪ ਗਿੱਲ ਦਾ -

         ਇਸ ਸਬੰਧੀ ਜਦੋਂ ਜ਼ਿਲਾ ਪ੍ਰੋਗਰਾਮ ਅਫਸਰ ਪ੍ਰਦੀਪ ਸਿੰਘ ਗਿੱਲ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਜਿਥੇ ਕਿਤੇ ਰਾਸ਼ਨ ਮਾੜਾ ਆਉਣ ਦੀ ਸ਼ਿਕਾਇਤ ਹੈ ਉਥੇ ਰਾਸ਼ਨ ਬਦਲ ਕੇ ਭੇਜ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ਅਸੀਂ ਤਾਂ ਪਹਿਲਾਂ ਵੀ ਜਿਥੇ ਸ਼ਿਕਾਇਤ ਆਉਂਦੀ ਸੀ ਰਾਸ਼ਨ ਬਦਲ ਕੇ ਭੇਜਦੇ ਰਹੇ ਹਾਂ ।

         ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕੀ ਕਿਹਾ -

         ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਇਸ ਮਸਲੇ ਤੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਆਂਗਣਵਾੜੀ ਸੈਂਟਰਾਂ ਵਿੱਚ ਵੇਰਕਾ ਦਾ ਸਮਾਨ ਹੀ ਭੇਜਿਆ ਜਾਵੇ । ਉਹਨਾਂ ਕਿਹਾ ਕਿ ਮਾਰਕਫੈੱਡ ਦਾ ਸਮਾਨ ਸਹੀ ਨਹੀਂ ਆ ਰਿਹਾ । ਉਹਨਾਂ ਨੂੰ ਬਹੁਤ ਸਾਰੀਆਂ ਆਂਗਣਵਾੜੀ ਵਰਕਰਾਂ ਨੇ ਦੱਸਿਆ ਹੈ ਕਿ ਰਾਸ਼ਨ ਸਹੀ ਨਹੀਂ ਤੇ ਲਾਭਪਾਤਰੀ ਇਹ ਰਾਸ਼ਨ ਲੈਣ ਤੋਂ ਇਨਕਾਰ ਕਰ ਰਹੇ ਹਨ । 

         - ਗਰੀਬ ਲਾਭਪਾਤਰੀਆਂ ਨੂੰ ਵੰਡਿਆ ਜਾਂਦਾ ਹੈ ਰਾਸ਼ਨ -

              ਪੰਜਾਬ ਸਰਕਾਰ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਇਸ ਪਾਸੇ ਧਿਆਨ ਦੇਵੇ । ਕਿਉਕਿ ਇਹ ਰਾਸ਼ਨ ਪੰਜਾਬ ਦੇ ਲੱਖਾਂ ਲਾਭਪਾਤਰੀਆਂ ਨੂੰ ਵੰਡਿਆ ਜਾਂਦਾ ਹੈ । ਇਹਨਾਂ ਵਿੱਚੋਂ ਵੱਡੀ ਗਿਣਤੀ ਵਿੱਚ ਲਾਭਪਾਤਰੀ ਗਰੀਬ ਹਨ । ਜੇਕਰ ਇਹ ਘਟੀਆ ਕੁਆਲਿਟੀ ਦਾ ਮਾੜਾ ਰਾਸ਼ਨ ਖਾ ਕੇ ਕੋਈ ਬੱਚਾ ਜਾਂ ਔਰਤ ਬਿਮਾਰ ਹੋ ਗਈ ਤਾਂ ਉਸ ਦਾ ਜੁੰਮੇਵਾਰ ਕੌਣ ਹੈ । ਗਰੀਬ ਲੋਕ ਸਰਕਾਰ ਦੀ ਇਸ ਨੀਤੀ ਦਾ ਜੋਰਦਾਰ ਵਿਰੋਧ ਕਰ ਰਹੇ ਹਨ ।

Post a Comment

Previous Post Next Post