ਮਲੋਟ/ਸ੍ਰੀ ਮੁਕਤਸਰ ਸਾਹਿਬ , 23 ਮਈ (ਸੁਖਪਾਲ ਸਿੰਘ ਢਿੱਲੋਂ)- ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਧੀਨ ਚੱਲ ਰਹੇ ਪੰਜਾਬ ਦੇ ਆਂਗਣਵਾੜੀ ਸੈਂਟਰਾਂ ਵਿੱਚ ਭਾਵੇਂ 21 ਮਈ ਤੋਂ ਛੁੱਟੀਆਂ ਹੋ ਚੁੱਕੀਆਂ ਹਨ ।
ਪ੍ਰੰਤੂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅਧੀਨ ਆਉਂਦੇ ਬਲਾਕ ਮਲੋਟ ਦੇ ਆਂਗਣਵਾੜੀ ਸੈਂਟਰਾਂ ਵਿੱਚ ਅਜੇ ਤੱਕ ਵੀ ਛੁੱਟੀਆਂ ਨਹੀਂ ਕੀਤੀਆਂ ਗਈਆਂ । ਵਰਨਣਯੋਗ ਹੈ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਮੰਤਰੀ ਡਾਕਟਰ ਬਲਜੀਤ ਕੌਰ ਮਲੋਟ ਵਿਧਾਨ ਸਭਾ ਹਲਕੇ ਤੋਂ ਜਿੱਤ ਕੇ ਵਿਧਾਇਕ ਬਣੇ ਸਨ ਤੇ ਹੁਣ ਕੈਬਨਿਟ ਮੰਤਰੀ ਹਨ । ਹੈਰਾਨੀ ਭਰੀ ਗੱਲ ਹੈ ਕਿ ਸਾਰੇ ਪੰਜਾਬ ਦੇ ਆਂਗਣਵਾੜੀ ਸੈਂਟਰ ਬੰਦ ਪਏ ਹਨ ਪਰ ਵਿਭਾਗ ਦੇ ਮੰਤਰੀ ਦੇ ਹਲਕੇ ਵਿੱਚ ਮਲੋਟ ਦੇ ਆਂਗਣਵਾੜੀ ਸੈਂਟਰ ਖੁੱਲ੍ਹੇ ਹਨ । ਕੀ ਮਲੋਟ ਵਿੱਚ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ , ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਗਰਮੀਂ ਨਹੀਂ ਲੱਗਦੀ । ਮਿਲੀ ਜਾਣਕਾਰੀ ਅਨੁਸਾਰ ਦਫਤਰ ਵਾਲੇ ਕਹਿੰਦੇ ਕਿ ਮੰਤਰੀ ਮੈਡਮ ਨੇ ਕਿਹਾ ਛੁੱਟੀਆਂ ਨਹੀਂ ਕਰਨੀਆਂ । ਕਿੰਨੀ ਹਨੇਰਗਰਦੀ ਹੈ । ਆਪਣੇ ਹਲਕੇ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੱਧ ਸਹੂਲਤਾਂ ਤਾਂ ਕੀ ਦੇਣੀਆਂ ਸਨ ਉਲਟਾ ਇਥੋਂ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਛੁੱਟੀਆਂ ਵੀ ਬੰਦ ਕਰ ਦਿੱਤੀਆਂ ਹਨ । ਕੀ ਇਹ ਬਦਲਾਅ ਆ ।
ਇਸ ਸਬੰਧੀ ਜਦੋਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਅਤੇ ਬਲਾਕ ਮਲੋਟ ਦੀ ਪ੍ਰਧਾਨ ਕਿਰਨਜੀਤ ਕੌਰ ਭੰਗਚੜੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਸੁਣ ਕੇ ਬੜਾ ਦੁੱਖ ਲੱਗਾ ਕਿ ਇਕੱਲੇ ਮਲੋਟ ਬਲਾਕ ਦੇ ਆਂਗਣਵਾੜੀ ਸੈਂਟਰਾਂ ਵਿੱਚ ਹੀ ਛੁੱਟੀਆਂ ਨਹੀਂ ਕੀਤੀਆਂ ਗਈਆਂ । ਉਹਨਾਂ ਕਿਹਾ ਕਿ ਉਕਤ ਬਲਾਕ ਵਿੱਚ ਤੁਰੰਤ ਛੁੱਟੀਆਂ ਕੀਤੀਆਂ ਜਾਣ ।