ਮਾਨਸਾ, 13 ਅਗਸਤ 2025.
ਗਾਜ਼ਾ ਪੱਟੀ ਵਿੱਚ ਫ਼ਲਸਤੀਨੀ ਲੋਕਾਂ ਉਤੇ ਢਾਹੇ ਜਾ ਰਹੇ ਅਸਹਿ ਤੇ ਅਕਹਿ ਜ਼ੁਲਮਾਂ ਦੀਆਂ ਖਬਰਾਂ ਤੇ ਤਸਵੀਰਾਂ ਸੰਸਾਰ ਭਰ ਵਿੱਚ ਜਾਣੋ ਰੋਕਣ ਲਈ ਨੇਤਨਯਾਹੂ ਸਰਕਾਰ ਵਲੋਂ ਵਿਸ਼ੇਸ਼ ਤੌਰ 'ਤੇ ਨਿਸ਼ਾਨਾ ਬਣਾ ਕੇ ਕਤਲ ਕਰਨ ਦੀ ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ ਸਖਤ ਨਿੰਦਾ ਕੀਤੀ ਗਈ ਹੈ।
ਇਥੇ ਹੋਈ ਪਾਰਟੀ ਦੀ ਇਕ ਹੰਗਾਮੀ ਮੀਟਿੰਗ ਵਿੱਚ ਜਾਨ ਤਲੀ ਉੱਤੇ ਰੱਖ ਕੇ ਇਜ਼ਰਾਇਲੀ ਫ਼ੌਜ ਵਲੋਂ ਕੀਤੇ ਜਾ ਰਹੇ ਨਿਹੱਥੇ ਤੇ ਭੁੱਖਮਰੀ ਦਾ ਸ਼ਿਕਾਰ ਬੱਚਿਆਂ ਔਰਤਾਂ ਮਰੀਜ਼ਾਂ ਤੇ ਬਜ਼ੁਰਗਾਂ ਨੂੰ ਨਿੱਤ ਦਿਨ ਕਤਲ ਕਰਨ ਦੀਆਂ ਖ਼ਬਰਾਂ ਦੁਨੀਆਂ ਦੇ ਲੋਕਾਂ ਤੱਕ ਪਹੁੰਚਾ ਰਹੇ ਇੰਨਾਂ ਕਤਲ ਕਰ ਦਿੱਤੇ ਗਏ ਪੱਤਰਕਾਰਾਂ ਨੂੰ ਮੋੜ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਦੇ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਕਾਮਰੇਡ ਨਛੱਤਰ ਸਿੰਘ ਖੀਵਾ ਨੇ ਕਿਹਾ ਕਿ ਸਖ਼ਤ ਨਾਕਾਬੰਦੀ ਕਰਕੇ ਫ਼ਲਸਤੀਨੀ ਲੋਕਾਂ ਤੱਕ ਖੁਰਾਕ ਤੇ ਪਾਣੀ ਤੱਕ ਨਾ ਪਹੁੰਚਣ ਦੇਣਾ ਅਤੇ ਖੁਦ ਇਜ਼ਰਾਇਲੀ ਫ਼ੌਜ ਵਲੋਂ ਚਲਾਏ ਜਾ ਰਹੇ ਖੁਰਾਕ ਵੰਡ ਕੇਂਦਰਾਂ ਤੇ ਅਪਣੇ ਭੁੱਖ ਨਾਲ ਮਰ ਰਹੇ ਬੱਚਿਆਂ ਲਈ ਦੋ ਚਾਰ ਮੁੱਠੀਆਂ ਅਨਾਜ ਲੈਣ ਲਈ ਆਏ ਮਾਪਿਆਂ ਨੂੰ ਬਿਨਾਂ ਕਾਰਨ ਗੋਲੀਆਂ ਨਾਲ ਭੁੰਨ ਸੁੱਟਣਾ ਬੇਹੱਦ ਘਿਨਾਉਣਾ ਨਸਲਘਾਤ ਹੈ। ਪਰ ਭਾਰਤ ਦੀ ਮੋਦੀ ਸਰਕਾਰ ਸਮੇਤ ਅਨੇਕਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਇਸ ਬਾਰੇ ਅਮਰੀਕਾ ਦੀਆਂ ਹਿਦਾਇਤਾਂ ਅਨੁਸਾਰ ਪੂਰੀ ਤਰ੍ਹਾਂ ਚੁੱਪ ਧਾਰ ਰੱਖੀਂ ਹੈ। ਹਾਲਾਂਕਿ ਕਿੰਨੇ ਦੇਸ਼ਾਂ ਵਿੱਚ ਇਸ ਜ਼ੁਲਮ ਖਿਲਾਫ ਲੱਖਾਂ ਲੋਕਾਂ ਸੜਕਾਂ ਉਤੇ ਮੁਜ਼ਾਹਰੇ ਕਰ ਰਹੇ ਹਨ। ਲਿਬਰੇਸ਼ਨ ਆਗੂਆਂ ਨੇ ਮੰਗ ਕੀਤੀ ਕਿ ਮੋਦੀ ਸਰਕਾਰ ਨੇਤਨਯਾਹੂ ਸਰਕਾਰ ਦੀ ਹਿਮਾਇਤ ਤੁਰੰਤ ਬੰਦ ਕਰੇ ਅਤੇ ਦਬਾਅ ਪਾਉਣ ਲਈ ਇਜ਼ਰਾਇਲ ਨਾਲ ਹਰ ਤਰ੍ਹਾਂ ਦੇ ਵਪਾਰਕ ਤੇ ਕੂਟਨੀਤਕ ਸਬੰਧ ਖ਼ਤਮ ਕਰਕੇ। ਮੀਟਿੰਗ ਵਿੱਚ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਸੁਖਜੀਤ ਸਿੰਘ ਰਾਮਾਨੰਦੀ, ਜਸਬੀਰ ਕੌਰ ਨੱਤ, ਹਰਬੰਸ ਸਿੰਘ ਤਾਲਿਬ ਵਾਲਾ ਅਤੇ ਅਮਨਦੀਪ ਸ਼ਾਮਲ ਸਨ।