ਰਾਸ਼ਟਰੀ ਨੌਜਵਾਨ ਦਿਵਸ ਅਤੇ ਨਸ਼ਾ ਮੁਕਤੀ – ਨੌਜਵਾਨਾਂ ਦੀ ਤਾਕਤ ਦੇਸ਼ ਦਾ ਭਵਿੱਖ

BTTNEWS
0

 ਹਰ ਸਾਲ 12 ਜਨਵਰੀ ਨੂੰ ਭਾਰਤ ਵਿੱਚ ਰਾਸ਼ਟਰੀ ਨੌਜਵਾਨ ਦਿਵਸ (National Youth Day) ਬੜੀ ਸ਼ਾਨ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਦਿਨ ਮਹਾਨ ਸੰਨਿਆਸੀ, ਆਧਿਆਤਮਿਕ ਗੁਰੂ ਅਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸ੍ਰੋਤ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਨ ਨੂੰ ਸਮਰਪਿਤ ਹੈ। ਸਵਾਮੀ ਜੀ ਦਾ ਜਨਮ 12 ਜਨਵਰੀ 1863 ਨੂੰ ਕੋਲਕਾਤਾ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲ ਨਾਮ ਨਰੇਂਦਰ ਨਾਥ ਦੱਤ ਸੀ।ਉਨ੍ਹਾਂ ਨੇ ਆਪਣੇ ਛੋਟੇ ਜੀਵਨ ਵਿੱਚ ਹੀ ਭਾਰਤ ਦੇ ਨੌਜਵਾਨਾਂ ਨੂੰ ਆਤਮ-ਵਿਸ਼ਵਾਸ, ਸ਼ਕਤੀ, ਸੇਵਾ ਅਤੇ ਰਾਸ਼ਟਰ ਭਗਤੀ ਦਾ ਸੱਚਾ ਪਾਠ ਪੜ੍ਹਾਇਆ। ਉਨ੍ਹਾਂ ਦੇ ਪ੍ਰਸਿੱਧ ਵਾਕ "ਉੱਠੋ, ਜਾਗੋ ਅਤੇ ਤਦ ਤੱਕ ਨਾ ਰੁਕੋ ਜਦ ਤੱਕ ਟੀਚਾ ਪ੍ਰਾਪਤ ਨਾ ਹੋ ਜਾਵੇ" ਨੇ ਚੰਗੀ ਜ਼ਿੰਦਗੀ ਜਿਉਣ ਲਈ ਬਹੁਤ ਲੋਕਾਂ ਨੂੰ ਸਕਾਰਾਤਮਕ ਸੋਚ ਅਤੇ ਸੇਧ ਦਿੱਤੀ।

ਅੱਜ ਭਾਰਤ ਦੀ ਸਭ ਤੋਂ ਵੱਡੀ ਤਾਕਤ – ਇਸਦਾ ਨੌਜਵਾਨ ਵਰਗ – ਬਹੁਤ ਸਾਰੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਡੀ ਚੁਣੌਤੀ ਹੈ ਨਸ਼ੇ ਦੀ ਲਤ। ਸ਼ਰਾਬ, ਤਮਾਕੂ, ਚਰਸ, ਭੰਗ, ਹੀਰੋਇਨ, ਕੋਕੇਨ ਅਤੇ ਸਿੰਥੇਟਿਕ ਡਰੱਗਜ਼ ਆਦਿ ਇਹ ਸਭ ਨੌਜਵਾਨਾਂ ਦੀ ਸਿਹਤ, ਆਤਮ-ਵਿਸ਼ਵਾਸ ਅਤੇ ਸੁਪਨਿਆਂ ਨੂੰ ਹੌਲੀ-ਹੌਲੀ ਖਾ ਰਹੇ ਹਨ। ਜੋ ਤਾਕਤ ਕਲਮ, ਵਿਗਿਆਨ, ਖੇਡ ਅਤੇ ਕਲਾ ਵਿੱਚ ਲੱਗਣੀ ਚਾਹੀਦੀ ਸੀ, ਉਹ ਨਸ਼ੇ ਦੀ ਲਤ ਨੇ ਨਿਗਲ ਲਈ।

-ਰਾਸ਼ਟਰੀ ਨੌਜਵਾਨ ਦਿਵਸ – ਸਿਰਫ਼ ਤਿਉਹਾਰ ਨਹੀਂ, ਇੱਕ ਸੰਕਲਪ

ਨੌਜਵਾਨਾਂ ਦੀ ਅਸਲ ਤਾਕਤ ਉਨ੍ਹਾਂ ਦੀ ਊਰਜਾ, ਵਿਚਾਰ ਅਤੇ ਸੰਕਲਪ ਸ਼ਕਤੀ ਵਿੱਚ ਹੈ।ਨਸ਼ਾ ਇਸ ਸ਼ਕਤੀ ਨੂੰ ਖਤਮ ਕਰ ਦਿੰਦਾ ਹੈ।ਜੇਕਰ ਨੌਜਵਾਨ ਆਪਣੇ ਆਪ ਨੂੰ ਨਸ਼ੇ ਤੋਂ ਦੂਰ ਰੱਖਣ, ਤਾਂ ਉਹ ਆਪਣੀ ਜ਼ਿੰਦਗੀ ਦੇ ਹਰ ਖੇਤਰ ਵਿੱਚ ਕਾਮਯਾਬ ਹੋ ਸਕਦੇ ਹਨ। ਦੋਸਤਾਂ ਦਾ ਦਬਾਅ, ਤਣਾਅ ਅਤੇ ਨਿਰਾਸ਼ਾ, ਮੁਸ਼ਕਿਲਾਂ ਤੋਂ ਭੱਜਣ ਦਾ ਰਸਤਾ, ਸਿਰਫ਼ ਇੱਕ ਵਾਰੀ ਨਸ਼ਾ ਟ੍ਰਾਈ ਕਰਨ ਦੀ ਖ਼ਾਹਿਸ਼, ਜੋ ਆਦਤ ਬਣ ਜਾਂਦੀ ਹੈ, ਪਰਿਵਾਰਕ ਮਾਹੌਲ, ਗ਼ਲਤ ਸੰਗਤ ਆਦਿ ਨੌਜਵਾਨਾਂ ਵਿੱਚ ਨਸ਼ੇ ਦੀ ਲਤ ਲੱਗਣ ਦੇ ਮੁੱਖ ਕਾਰਣ ਹਨ।


ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਸੀ –"ਤਾਕਤ ਹੀ ਜੀਵਨ ਹੈ, ਕਮਜ਼ੋਰੀ ਮੌਤ ਹੈ।"ਨਸ਼ਾ ਸਰੀਰ ਅਤੇ ਮਨ ਨੂੰ ਕਮਜ਼ੋਰ ਕਰਦਾ ਹੈ। ਇਸ ਲਈ ਨੌਜਵਾਨਾਂ ਨੂੰ ਖੇਡਾਂ, ਪੜ੍ਹਾਈ, ਸਮਾਜ ਸੇਵਾ ਅਤੇ ਸਿਰਜਣਾਨਾਤਮਕ ਕੰਮਾਂ ਵੱਲ ਕੇਂਦ੍ਰਿਤ ਕਰਨਾ ਬਹੁਤ ਜ਼ਰੂਰੀ ਹੈ। ਨਸ਼ੇ ਤੋਂ ਸਮਾਜ ਅਤੇ ਨੌਜਵਾਨਾਂ ਨੂੰ ਦੂਰ ਰੱਖਣ ਲਈ ਸਕੂਲ ਅਤੇ ਕਾਲਜਾਂ ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮਾਂ, ਸਕਾਰਾਤਮਕ ਸ਼ੌਂਕ – ਖੇਡ, ਸੰਗੀਤ, ਕਲਾ, ਥੀਏਟਰ,ਪਰਿਵਾਰਕ ਸਹਿਯੋਗ – ਬੱਚਿਆਂ ਨਾਲ ਖੁੱਲ੍ਹਾ ਸੰਵਾਦ, ਸਖ਼ਤ ਕਾਨੂੰਨ ਆਦਿ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਰਾਸ਼ਟਰੀ ਨੌਜਵਾਨ ਦਿਵਸ ਸਾਨੂੰ ਸਿਰਫ ਸਵਾਮੀ ਵਿਵੇਕਾਨੰਦ ਜੀ ਨੂੰ ਯਾਦ ਕਰਨ ਦਾ ਮੌਕਾ ਨਹੀਂ ਦਿੰਦਾ, ਬਲਕਿ ਇਹ ਸਾਨੂੰ ਚੁਣੌਤੀ ਦਿੰਦਾ ਹੈ ਕਿ –

"ਨੌਜਵਾਨਾਂ ਨੂੰ ਨਸ਼ੇ ਤੋਂ ਬਚਾ ਕੇ, ਉਨ੍ਹਾਂ ਦੀ ਊਰਜਾ ਰਾਸ਼ਟਰ ਨਿਰਮਾਣ ਵਿੱਚ ਲਗਾਈਏ।"

ਲੇਖਕ: ਹਰਵਿੰਦਰ ਰੋਮੀ


Post a Comment

0Comments

Post a Comment (0)