ਕਿਸਾਨ ਆਗੂ ਉੱਤੇ ਹੋਏ ਕਾਤਲਾਨਾ ਹਮਲੇ ਦੇ ਸੰਬੰਧੀ ਪੁਲਿਸ ਨੂੰ ਅਲਟੀਮੇਟਮ

BTTNEWS
0


ਬਰੇਟਾ, 28 ਅਗਸਤ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ ਉੱਤੇ ਬੀਤੇ ਰਾਤ ਕੀਤੇ ਗੁੰਡਾ ਅਨਸਰਾਂ ਅਤੇ ਨਸ਼ਾ ਤਸਕਰਾਂ ਵੱਲੋਂ ਕਾਤਲਾਨਾ ਹਮਲੇ ਦੇ ਸੰਬੰਧ ਵਿੱਚ ਬੁਢਲਾਡਾ ਵਿਖੇ ਐਮਰਜੈਂਸੀ ਮੀਟਿੰਗ ਕੀਤੀ ਗਈ । ਜਿਸ ਵਿੱਚ ਬੀਤੇ ਸਮੇਂ ਵਿੱਚ ਹੋਈਆਂ ਘਟਨਾਵਾਂ ਨੂੰ ਵੀ ਵਿਚਾਰਿਆ ਗਿਆ ਅਤੇ ਇਸ ਸਬੰਧ ਵਿੱਚ ਐਸ ਐਚ ਓ ਥਾਣਾ ਬਰੇਟਾ ਨੂੰ ਜਥੇਬੰਦੀ ਦੇ ਵਫ਼ਦ ਵੱਲੋਂ ਮਿਲਿਆ ਗਿਆ । ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਪਿੰਡ ਕਿਸ਼ਨਗੜ੍ਹ, ਕੁਲਰੀਆਂ ਅਤੇ ਇਲਾਕੇ ਵਿੱਚ ਗੁੰਡਾ ਗਰੋਹ ਅਤੇ ਨਸ਼ਾ ਤਸਕਰ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਦਰਜਨਾਂ ਪਰਚੇ ਹੋਣ ਦੇ ਬਾਵਜੂਦ ਵੀ ਆਜ਼ਾਦ ਘੁੰਮ ਰਹੇ ਹਨ । ਜਿਸ ਕਾਰਨ ਕਿਸਾਨ ਆਗੂਆਂ ਅਤੇ ਸਰਗਰਮ ਲੋਕਾਂ ਉੱਤੇ ਜਾਨਲੇਵਾ ਹਮਲੇ ਹੋ ਰਹੇ ਹਨ । ਉਹਨਾਂ ਦੱਸਿਆ ਕਿ ਕਿਸਾਨ ਆਗੂ ਉੱਤੇ ਹੋਏ ਜਾਨਲੇਵਾ ਹਮਲੇ ਦੇ ਦੋਸ਼ੀਆਂ ਉੱਤੇ ਤੁਰੰਤ ਕਾਰਵਾਈ ਕਰਨ ਅਤੇ ਪੁਰਾਣੇ ਕੇਸਾਂ ‘ਚ ਤੁਰੰਤ ਗ੍ਰਿਫ਼ਤਾਰੀ ਕਰਵਾਉਣ ਨੂੰ ਲੈ ਕੇ ਇੱਕ ਸਤੰਬਰ ਤੱਕ ਦਾ ਸਮਾਂਬੱਧ ਕੀਤਾ ਗਿਆ । ਜੇਕਰ ਦਿੱਤੇ ਸਮੇਂ ਵਿੱਚ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਆਉਂਦੇ ਦਿਨਾਂ ਵਿੱਚ ਜਥੇਬੰਦੀ ਵੱਲੋਂ ਡੀਐਸਪੀ ਦਫ਼ਤਰ ਬੁਢਲਾਡਾ ਦਾ ਘਿਰਾਓ ਕੀਤਾ ਜਾਵੇਗਾ। ਜਿਸ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਸੰਬੰਧਤ ਪਿੰਡ ਕੁੱਲਰੀਆਂ ਦੇ ਕੁੱਝ ਕਿਸਾਨ ਵਰਕਰਾਂ ਉੱਤੇ ਪਾਏ ਝੂਠੇ ਪੁਲਿਸ ਕੇਸ ਰੱਦ ਕਰਵਾਉਣ ਨੂੰ ਵੀ ਜ਼ੋਰਦਾਰ ਤਰੀਕੇ ਨਾਲ ਉਠਾਇਆ ਜਾਵੇਗਾ । ਇਸ ਮੌਕੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ, ਜਿਲਾ ਕਮੇਟੀ ਦੇ ਲਖਵੀਰ ਸਿੰਘ ਅਕਲੀਆ, ਦੇਵੀ ਰਾਮ ਰੰਗੜਿਆਲ, ਤਾਰਾ ਚੰਦ ਬਰੇਟਾ, ਸੱਤਪਾਲ ਸਿੰਘ ਬਰੇ, ਦਰਸ਼ਨ ਸਿੰਘ ਗੁਰਨੇ ਅਤੇ ਬਲਾਕ ਬੁਢਲਾਡਾ ਦੇ ਬਲਦੇਵ ਸਿੰਘ ਪਿੱਪਲੀਆਂ, ਤੇਜ ਰਾਮ ਅਹਿਮਦਪੁਰ, ਪਾਲਾ ਸਿੰਘ, ਮੇਜਰ ਸਿੰਘ ਕੁਲਰੀਆਂ, ਤਰਸੇਮ ਸਿੰਘ ਚੱਕ ਅਲੀਸ਼ੇਰ, ਮੇਲਾ ਸਿੰਘ ਦਿਆਲਪੁਰਾ ਆਦਿ ਹਾਜ਼ਰ ਰਹੇ ।


Post a Comment

0Comments

Post a Comment (0)