ਦੀਵਾਲੀ ਦੇ ਤਿਉਹਾਰ ’ਤੇ ਹੜ੍ਹ ਪੀੜ੍ਹਤ ਲੋਕਾਂ ਦੇ ਮੁੜ ਵਸੇਬੇ ਲਈ ਅਰਦਾਸ ਕੀਤੀ ਜਾਵੇ: ਹਨੀ ਫੱਤਣਵਾਲਾ
October 13, 2025
0
ਸ਼੍ਰੀ ਮੁਕਤਸਰ ਸਾਹਿਬ, 13 ਅਕਤੂਬਰ - ਪਿਛਲੇਂ ਦਿਨੀਂ ਪੰਜਾਬ ਅੰਦਰ ਆਏ ਕੁਦਰਤੀ ਹੜ੍ਹਾਂ ਦੌਰਾਨ ਕਰੀਬ 2300 ਪਿੰਡਾਂ ਦੇ ਲੋਕ ਬੇਘਰ ਹੋ ਗਏ, ਲਗਭਗ 56 ਮਨੁੱਖੀ ਜਾਨਾਂ ਚਲੀਆਂ ਗਈਆਂ ਤੇ ਸੈਕੜੇ ਪਸ਼ੂ ਹੜ੍ਹਾਂ ਦੇ ਪਾਣੀ ਦੇ ਤੇਜ਼ ਵਹਾਉ ’ਚ ਵਹਿ ਗਏ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੀ ਮੁਕਤਸਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਇੱਕ ਪੈ੍ਰਸ ਬਿਆਨ ਜਾਰੀ ਕਰਦੇ ਹੋਏ ਕੀਤਾ। ਇਸ ਮੌਕੇ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਕਿਹਾ ਹੜ੍ਹ ਪੀੜ੍ਹਤ ਲੋਕਾਂ ਦੇ ਜਖ਼ਮ ਅਜੇ ਅੱਲੇ ਹਨ ਕਿਉਂਕਿ ਪੀੜ੍ਹਤ ਕਿਸਾਨਾਂ ਦੇ ਖੇਤਾਂ ਵਿਚੋਂ ਅਜੇ ਤੱਕ ਪਾਣੀ ਨਾਲ ਵਹਿਕੇ ਆਇਆ ਰੇਤਾ ਨਹੀਂ ਚੁੱਕਿਆ ਗਿਆ, ਜਿਥੇ ਅਗਲੀ ਫਸਲ ਵੀ ਬੀਜ਼ੀ ਨਹੀਂ ਜਾ ਸਕਦੀ ਤੇ ਇਨ੍ਹਾਂ ਹੜ੍ਹਾਂ ਦੀ ਮਾਰ ਝੱਲ ਚੁੱਕੇ ਛੋਟੇ ਦੁਕਾਨਦਾਰ, ਆਮ ਲੋਕ ਤੇ ਮਜ਼ਦੂਰ ਦੋ ਸਮੇਂ ਦੀ ਰੋਟੀ ਲਈ ਮਿਹਨਤ ਕਰ ਰਹੇ ਹਨ। ਹਨੀ ਫੱਤਣਵਾਲਾ ਨੇ ਕਿਹਾ ਕਿ ਕੁਝ ਦਿਨਾਂ ਬਾਅਦ ਦੀਵਾਲੀ ਦਾ ਤਿਉਹਾਰ ਆਉਣ ਵਾਲਾ ਜਿਸ ਨੂੰ ਲੈ ਕੇ ਫੱਤਣਵਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਹੜ੍ਹ ਪੀੜ੍ਹਤ ਲੋਕਾਂ ਦੇ ਦਰਦ ਨੂੰ ਸਮਝਦੇ ਹੋਏ ਦੀਵਾਲੀ ਦੇ ਤਿਉਹਾਰ ’ਤੇ ਪਟਾਖੇ ਨਾ ਚਲਾਏ ਜਾਣ ਤੇ ਪਰ ਦੀਵਾਲੀ ਦਾ ਤਿਉਹਾਰ ਮੰਦਰ, ਗੁਰਦੁਆਰਾ ਸਾਹਿਬ ਤੇ ਆਪਣੇ ਆਪਣੇ ਧਾਰਮਿਕ ਸਥਾਨਾਂ ’ਤੇ ਜਾ ਕੇ ਸਿਰਫ਼ ਦੀਪਮਾਲਾ ਕਰਕੇ ਹੀ ਮਨਾਇਆ ਜਾਵੇ ਤੇ ਉਨ੍ਹਾਂ ਲੋਕਾਂ ਲਈ ਅਰਦਾਸ ਕੀਤੀ ਜਾਵੇ ਜੋ ਹੜ੍ਹਾਂ ’ਚ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬ ਦੀ ਤਰੱਕੀ ਲਈ ਪ੍ਰਮਾਤਮਾਂ ਅੱਗੇ ਦੁਆਵਾਂ ਕੀਤੀਆਂ ਜਾਣ।