ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬ ਯੂਨੀਵਰਸਿਟੀ ਰੂਰਲ ਸੈਂਟਰ ਕਾਉਣੀ ਵਿੱਚ ਪੰਜਾਬ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਤੋਂ ਧਰਨੇ ਪ੍ਰਦਰਸ਼ਨ ਨਾ ਕਰਨ ਦਾ ਜਾਂ ਕਿਸੇ ਵੀ ਜਥੇਬੰਦੀ ਦਾ ਹਿੱਸਾ ਬਣਨ ਖਿਲਾਫ਼ ਮੰਗੇ ਜਾ ਰਹੇ ਐਫੀਡੈਵਿਟ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਗਿਆ।
ਜ਼ਿਲ੍ਹਾ ਪ੍ਰਧਾਨ ਸੁਖਪ੍ਰੀਤ ਕੌਰ ਅਤੇ ਜ਼ਿਲ੍ਹਾ ਸਕੱਤਰ ਨੌਨਿਹਾਲ ਸਿੰਘ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਰੂਰਲ ਸੈਂਟਰ ਕਾਉਣੀ, ਸ੍ਰੀ ਮੁਕਤਸਰ ਸਾਹਿਬ ਵੱਲੋਂ ਵਿਦਿਆਰਥੀਆਂ ਤੋਂ ਇੱਕ ਐਫੀਡੈਵਿਟ ਜਮ੍ਹਾਂ ਕਰਵਾਉਣ ਨੂੰ ਕਿਹਾ ਗਿਆ ਸੀ । ਜਿਸ ਵਿੱਚ ਵਿਦਿਆਰਥੀਆਂ ਨੂੰ ਕਿਸੇ ਵੀ ਜਥੇਬੰਦੀ, ਧਰਨੇ -ਮੁਜ਼ਾਹਰੇ ਦਾ ਹਿੱਸਾ ਬਣਨ ਤੋਂ ਰੋਕਿਆ ਗਿਆ ਹੈ। ਇਹ ਬਹੁਤ ਹੀ ਖ਼ਤਰਨਾਕ ਵਰਤਾਰਾ ਹੈ ਕਿਉਂਕਿ ਜੇਕਰ ਕੱਲ ਨੂੰ ਕਿਸੇ ਵੀ ਵਿਦਿਆਰਥੀ ਨਾਲ ਕੋਈ ਵੀ ਵਧੀਕੀ ਹੁੰਦੀ ਹੈ ਤਾਂ ਉਹ ਵਿਰੋਧ ਤੱਕ ਨਹੀਂ ਕਾਰ ਸਕਦੇ। ਇਸ ਹਿਸਾਬ ਨਾਲ ਵਿਦਿਆਰਥੀਆਂ ਦੇ ਮੂੰਹ ਪਹਿਲਾ ਤੋਂ ਹੀ ਬੰਦ ਕੀਤੇ ਜਾ ਰਹੇ ਹਨ।ਉਹਨਾਂ ਕਿਹਾ ਕਿ ਕਾਲਜਾਂ-ਯੂਨੀਵਰਸਿਟੀਆਂ ਵਿੱਚ ਲਗਾਤਾਰ ਜਮਹੂਰੀ ਸਪੇਸ ਘਟਾਈ ਜਾ ਰਹੀ ਹੈ। ਕਿਉਂਕਿ ਜਦੋਂ ਵੀ ਸੱਤਾ ਖਿਲਾਫ਼ ਕੋਈ ਵਿਰੋਧ ਦੀ ਆਵਾਜ਼ ਉੱਠਦੀ ਹੈ ਤਾਂ ਉਸ ਵਿੱਚ ਵਿਦਿਆਰਥੀਆਂ ਦਾ ਇੱਕ ਅਹਿਮ ਰੋਲ ਹੁੰਦਾ ਹੈ। ਜੇਕਰ ਸੰਸਾਰ ਪੱਧਰ ਤੇ ਵੀ ਦੇਖੀਏ ਤਾਂ ਵਿਦਿਆਰਥੀ-ਨੌਜਵਾਨ ਹਰ ਲਹਿਰ ਦੀ ਅਗਵਾਈ ਕਰ ਰਹੇ ਹਨ ਤਾਂ ਇੱਥੋਂ ਦੀ ਹਕੂਮਤ ਵੀ ਡਰ ਰਹੀ ਹੈ ਕਿਉਂਕਿ ਉਹ ਵੀ ਹਰ ਤਰ੍ਹਾਂ ਨਾਲ ਸਿੱਖਿਆ ਅਤੇ ਹਰ ਖੇਤਰ ਨੂੰ ਨਿੱਜੀ ਹੱਥਾਂ ਵਿੱਚ ਵੇਚ ਰਹੀ ਹੈ। ਇਸ ਤਰ੍ਹਾਂ ਦੀ ਸਾਜਿਸ਼ ਸਾਨੂੰ ਆਗੂ ਰਹਿਤ ਕਰਨ ਲਈ ਹੈ। ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀਆਂ ਅਤੇ ਕਾਲਜ ਵਿਚਾਰਾਂ ਦੇ ਭਿੜਨ ਦਾ ਖੇਤਰ ਹੁੰਦੇ ਹਨ ਪਰ ਅੱਜ ਦੇ ਸਮੇਂ ਵਿਰੋਧੀ ਵਿਚਾਰਾਂ ਨੂੰ ਸਾਮ੍ਹਣੇ ਤੱਕ ਨੀ ਆਉਣ ਦਿੱਤਾ ਜਾ ਰਿਹਾ। ਅੱਜ ਜਦੋਂ ਦੇਸ਼ ਅੰਦਰ ਜਮਹੂਰੀ ਸਪੇਸ ਖ਼ਤਮ ਕੀਤੀ ਜਾ ਰਹੀ ਹੈ,ਵਿਗਿਆਨੀਆਂ, ਪੱਤਰਕਾਰਾਂ ਤੇ ਕਾਰਕੁਨਾਂ ਤੇ ਦੇਸ਼ ਧ੍ਰੋਹ ਦੇ ਮੁਕੱਦਮੇ ਪਾ ਕੇ ਜੇਲੀ ਡੱਕਿਆ ਜਾ ਰਿਹਾ ਹੈ, ਦੇਸ਼ 'ਚ ਹਰ ਖੇਤਰ ਵਿੱਚ ਨਿੱਜੀਕਰਨ ਕੀਤਾ ਜਾ ਰਿਹਾ ਹੈ ਤਾਂ ਉਸ ਸਮੇਂ ਅਜਿਹੇ ਐਫੀਡੈਵਿਟ ਜਮ੍ਹਾਂ ਕਰਵਾਉਣੇ ਸਾਡੇ ਅਧਿਕਾਰ ਤੇ ਸਿੱਧਾ ਸਿੱਧਾ ਹਮਲਾ ਹੈ। ਸਾਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ। ਇਸ ਸਮੇਂ ਬੀ.ਏ. ਭਾਗ ਪਹਿਲਾ ਅਤੇ ਕਾਲਜ ਦੇ ਸਮੂਹ ਵਿਦਿਆਰਥੀ ਮੌਜੂਦ ਸਨ।