ਬਰਨਾਲਾ, 3 ਅਕਤੂਬਰ : ਪੀਐਮ ਸ਼੍ਰੀ ਸਕੂਲ ਹੰਡਿਆਇਆ ਵਿੱਚ ਬਲਾਕ ਪੱਧਰੀ ਰਾਸ਼ਟਰੀ ਸਾਇੰਸ ਸੈਮੀਨਾਰ 2025 "ਕਵਾਂਟਮ ਯੁੱਗ: ਸੰਭਾਵਨਾਵਾਂ ਅਤੇ ਚੁਣੌਤੀਆਂ" ਵਿਸ਼ੇ ‘ਤੇ ਵਿਦਿਆਰਥੀਆਂ ਦਾ ਭਾਸ਼ਣ ਮੁਕਾਬਲਾ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਇਹ ਪ੍ਰੋਗਰਾਮ ਡੀ.ਈ.ਓ. ਸੁਨੀਤਇੰਦਰ ਸਿੰਘ, ਡਿਪਟੀ ਡੀ.ਈ.ਓ. ਡਾ. ਬਰਜਿੰਦਰਪਾਲ ਸਿੰਘ ਅਤੇ ਡਾਇਟ ਪ੍ਰਿੰਸੀਪਲ ਡਾ. ਮੁਨੀਸ਼ ਮੋਹਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਹੇਠ ਸਕੂਲ ਇੰਚਾਰਜ ਰਣਜੀਤ ਸਿੰਘ ਜੰਡੂ ਅਤੇ ਡੀ.ਆਰ.ਸੀ. ਕਮਲਦੀਪ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਮੌਕੇ ਬਲਾਕ ਨੋਡਲ ਅਫਸਰ ਹੇਡਮਿਸਟ੍ਰੈੱਸ ਹਰਪ੍ਰੀਤ ਕੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਇਸ ਮੁਕਾਬਲੇ ਲਈ ਲੈਕਚਰਾਰ ਫਿਜਿਕਸ ਅਸ਼ੋਕ ਕੁਮਾਰ ਚਾਵਲਾ (ਸਸਸਸ ਘੁੰਨਸ ), ਕਿਰਨਜੋਤ ਕੌਰ (ਸਸਸਸ (ਮੁੰਡੇ) ਤਪਾ) ਅਤੇ ਮੀਨੂ ਬਾਲਾ (ਸਸਸਸ (ਮੁੰਡੇ) ਠੀਕਰੀਵਾਲ) ਵੱਲੋਂ ਜੱਜ ਸਾਹਿਬਾਨ ਦੀ ਭੂਮਿਕਾ ਨਿਭਾਈ ਗਈ।
ਵਿਦਿਆਰਥੀਆਂ ਨੇ "ਕਵਾਂਟਮ ਯੁੱਗ" ਨਾਲ ਜੁੜੀਆਂ ਵਿਗਿਆਨਕ ਸੰਭਾਵਨਾਵਾਂ ਅਤੇ ਚੁਣੌਤੀਆਂ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਬੇਹੱਦ ਕਰੀਬੀ ਪ੍ਰਤੀਯੋਗਤਾ ਵਿੱਚ ਸਕੂਲ ਆਫ਼ ਐਮੀਨੈਂਸ ਬਰਨਾਲਾ ਦੇ ਵਿਦਿਆਰਥੀ ਬਲਕੀਰਤ ਸ਼ਰਮਾ ਨੇ ਪਹਿਲਾ ਸਥਾਨ, ਸਸਸਸ(ਲੜਕੀਆਂ) ਬਰਨਾਲਾ ਦੀ ਸੁਮਨਦੀਪ ਕੌਰ ਨੇ ਦੂਜਾ ਅਤੇ ਪੀਐਮ ਸ਼੍ਰੀ ਸਕੂਲ ਫਰਵਾਹੀ ਦੀ ਵਿਦਿਆਰਥਣ ਅਮਨਦੀਪ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ। ਬਲਾਕ ਨੋਡਲ ਅਫ਼ਸਰ ਹਰਪ੍ਰੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਵਿਦਿਆਰਥੀ ਵਿਗਿਆਨ ਦੇ ਖੇਤਰ ਵਿੱਚ ਸ਼ਾਨਦਾਰ ਸੋਚ ਅਤੇ ਅਨੁਭਵ ਦਿਖਾ ਰਹੇ ਹਨ। ਇਹ ਭਵਿੱਖ ਵਿੱਚ ਰਾਸ਼ਟਰ ਦੀ ਤਰੱਕੀ ਦੇ ਮਜ਼ਬੂਤ ਸਤੰਭ ਸਾਬਤ ਹੋਣਗੇ। ਅਸੀਂ ਉਮੀਦ ਕਰਦੇ ਹਾਂ ਕਿ ਜ਼ਿਲ੍ਹਾ ਪੱਧਰ ‘ਤੇ ਵੀ ਇਹ ਬੱਚੇ ਆਪਣਾ ਲੋਹਾ ਮਨਵਾਉਣਗੇ। ਸਕੂਲ ਇੰਚਾਰਜ ਰਣਜੀਤ ਸਿੰਘ ਜੰਡੂ ਨੇ ਸਾਰੇ ਭਾਗੀਦਾਰ ਵਿਦਿਆਰਥੀਆਂ ਨੂੰ ਹੌਸਲਾ-ਅਫਜ਼ਾਈ ਕਰਦਿਆਂ ਕਿਹਾ ਕਿ ਜਿੱਤ-ਹਾਰ ਤੋਂ ਵੱਧ ਮਹੱਤਵਪੂਰਨ ਗੱਲ ਗਿਆਨ ਦੀ ਖੋਜ ਹੈ। ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਨੂੰ ਪ੍ਰੋਤਸਾਹਿਤ ਕਰਦੇ ਹਨ। ਮੁੱਖ ਮਹਿਮਾਨ ਵੱਲੋਂ ਸਾਰੇ ਜੇਤੂ ਅਤੇ ਭਾਗੀਦਾਰ ਵਿਦਿਆਰਥੀਆਂ ਨੂੰ ਸਰਟੀਫਿਕੇਟ, ਸਟੇਸ਼ਨਰੀ ਅਤੇ ਮੋਮੈਂਟੋ ਦੇਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦਾ ਸਮੁੱਚਾ ਸੰਚਾਲਨ ਡੀਆਰਸੀ ਕਮਲਦੀਪ ਦੀ ਯੋਗ ਅਗਵਾਈ ਹੇਠ ਸਕੂਲ ਦੀ ਸਾਇੰਸ ਅਧਿਆਪਕਾ ਮਨਦੀਪ ਕੌਰ, ਰੀਤੂ ਬਾਲਾ, ਬੀਆਰਸੀ ਤੇਜਿੰਦਰ ਸ਼ਰਮਾ ਅਤੇ ਹਰਵਿੰਦਰ ਰੋਮੀ ਵੱਲੋਂ ਕੀਤਾ ਗਿਆ।