ਔਰਤਾਂ ਦੀ ਵੱਡੀ ਕਾਨਫਰੰਸ SAD ਦੀ ਜਿੱਤ ਦਾ ਮੁੱਢ ਬੰਨੇਗੀ , ਆਉਣ ਵਾਲਾ ਸਮਾਂ ਅਕਾਲੀ ਦਲ ਦਾ: ਹਰਗੋਬਿੰਦ ਕੌਰ

BTTNEWS
0

 ਇਸਤਰੀ ਅਕਾਲੀ ਦਲ ਵੱਲੋਂ 'ਸ੍ਰੀ ਮੁਕਤਸਰ ਸਾਹਿਬ' ਵਿਖੇ ਮਾਘੀ ਦੇ ਮੇਲੇ ਦੌਰਾਨ 12 ਜਨਵਰੀ ਨੂੰ ਕੀਤੀ ਜਾਣ ਵਾਲੀ  ਕਾਨਫਰੰਸ ਵਿੱਚ ਹਜ਼ਾਰਾਂ ਔਰਤਾਂ ਪੁੱਜਣਗੀਆਂ

ਸ੍ਰੀ ਮੁਕਤਸਰ ਸਾਹਿਬ , 2 ਜਨਵਰੀ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਹਰਗੋਬਿੰਦ ਕੌਰ ਨੂੰ ਕੁੱਝ ਮਹੀਨੇ ਪਹਿਲਾਂ ਇਸਤਰੀ ਅਕਾਲੀ ਦਲ ਦਾ ਕੌਮੀ ਪ੍ਰਧਾਨ ਬਣਾਇਆ ਗਿਆ ਸੀ  । ਜਿਸ ਨਾਲ ਪੰਜਾਬ ਦੀ ਸਿਆਸਤ ਵਿੱਚ ਇਕ ਵੱਡਾ ਧਮਾਕਾ ਹੋਇਆ ਹੈ ਤੇ ਕਾਫੀ ਹਿਲਜੁਲ ਹੋ ਰਹੀ ਹੈ । ਇਸਤਰੀ ਅਕਾਲੀ ਦਲ ਦੀ ਹੋਂਦ ਸੂਬੇ ਅੰਦਰ ਗੁਆਚੀ ਹੋਈ ਸੀ ਜਿਸ ਕਰਕੇ ਅਕਾਲੀ ਦਲ ਹਰਗੋਬਿੰਦ ਕੌਰ ਵਰਗੀ ਤੇਜ ਤਰਾਰ ਤੇ ਹਿੰਮਤੀ ਔਰਤ ਦੀ ਤਲਾਸ਼ ਵਿਚ ਸੀ , ਤਾਂ ਜੋ ਪਾਰਟੀ ਦੀ ਮਜ਼ਬੂਤੀ ਹੋ ਸਕੇ । ਅਕਾਲੀ ਦਲ ਨੇ ਉਹਨਾਂ ਦੇ ਕੀਤੇ ਹੋਏ ਕੰਮਾਂ , ਉਹਨਾਂ ਦੀ ਸਖਤ ਮਿਹਨਤ ਅਤੇ ਸੰਘਰਸ਼ਾਂ ਨੂੰ ਮੁੱਖ ਰੱਖ ਕੇ ਇਹ ਅਹੁਦਾ ਦਿੱਤਾ ਹੈ । ਇਹ ਪਹਿਲੀ ਵਾਰ ਹੈ ਕਿ ਜਦੋਂ ਅਕਾਲੀ ਦਲ ਨੇ ਕਿਸੇ ਵੱਡੇ ਤੇ ਅਮੀਰ ਲੀਡਰ ਦੀ ਘਰੇ ਬੈਠੀ ਨੂੰਹ ਜਾਂ ਧੀ ਨੂੰ ਪ੍ਰਧਾਨ ਨਹੀਂ ਬਣਾਇਆ ਸਗੋਂ ਜ਼ਮੀਨ ਨਾਲ ਜੁੜੀ ਹੋਈ ਇਕ ਜੁਝਾਰੂ ਜਜ਼ਬੇ ਵਾਲੀ ਔਰਤ ਜੋ ਪਿਛਲੇਂ 33 ਸਾਲਾਂ ਤੋਂ ਸੰਘਰਸ਼ਾਂ ਵਿੱਚ ਹੈ ਨੂੰ ਪ੍ਰਧਾਨ ਬਣਾਇਆ ਹੈ । ਸ਼੍ਰੋਮਣੀ ਅਕਾਲੀ ਦਲ ਬੜੇ ਔਖੇ ਦੌਰ ਵਿਚੋਂ ਗੁਜ਼ਰ ਰਿਹਾ ਸੀ ਜਦੋਂ ਹਰਗੋਬਿੰਦ ਕੌਰ ਦੀ ਅਕਾਲੀ ਦਲ ਵਿੱਚ ਧਮਾਕੇਦਾਰ ਐਂਟਰੀ ਹੋਈ ਹੈ । 

   
ਔਰਤਾਂ ਦੀ ਵੱਡੀ ਕਾਨਫਰੰਸ SAD ਦੀ ਜਿੱਤ ਦਾ ਮੁੱਢ ਬੰਨੇਗੀ , ਆਉਣ ਵਾਲਾ ਸਮਾਂ ਅਕਾਲੀ ਦਲ ਦਾ: ਹਰਗੋਬਿੰਦ ਕੌਰ

   ਹਰਗੋਬਿੰਦ ਕੌਰ ਪਿਛਲੇਂ 27 ਸਾਲਾਂ ਤੋਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਨ ਅਤੇ ਪਿਛਲੇਂ 16 ਸਾਲਾਂ ਤੋਂ ਆਂਗਣਵਾੜੀ ਇੰਪਲਾਈਜ ਫੈਡਰੇਸ਼ਨ ਆਫ਼ ਇੰਡੀਆ ਦੇ ਕੌਮੀ ਪ੍ਰਧਾਨ ਹਨ । ਇਸ ਤੋਂ ਇਲਾਵਾ ਦੱਬੀਆਂ ਕੁਚਲੀਆਂ ਪਈਆਂ ਔਰਤਾਂ ਨੂੰ ਇਨਸਾਫ਼ ਅਤੇ ਨਿਆਂ ਦਿਵਾਉਣ ਲਈ ਤੇ ਉਹਨਾਂ ਦੀ ਸਹਾਇਤਾ ਕਰਨ ਲਈ ' ਔਰਤ ਤੇ ਬਾਲ ਭਲਾਈ ਸੰਸਥਾ ਪੰਜਾਬ ' ਚਲਾ ਰਹੇ ਹਨ, ਜਿਸ ਦੇ ਉਹ ਚੇਅਰਪਰਸਨ ਹਨ । ਉਹਨਾਂ ਦਾ ਜੀਵਨ ਸੰਘਰਸ਼ਾਂ ਨਾਲ ਭਰਿਆ ਹੋਇਆ ਹੈ । ਉਹ ਬੇਹੱਦ ਦਲੇਰ , ਹਿੰਮਤੀ , ਮਿਹਨਤੀ ਤੇ ਇਮਾਨਦਾਰ ਹੈ ਅਤੇ ਸਮਾਜ ਸੇਵਾ ਨੂੰ ਵੀ ਸਮਰਪਿਤ ਹੈ । ਉਹਨਾਂ ਦੇ ਸੰਘਰਸ਼ਾਂ ਅੱਗੇ ਸਰਕਾਰਾਂ ਵੀ ਝੁੱਕੀਆਂ ਹਨ । ਅਕਾਲੀ ਦਲ ਹੁਣ ਸਤਾ ਤੋਂ ਬਾਹਰ ਹੈ ਤੇ ਹਰਗੋਬਿੰਦ ਕੌਰ ਨੇ ਬਿਨਾਂ ਕਿਸੇ ਲਾਲਸਾ ਦੇ ਅਕਾਲੀ ਦਲ ਨੂੰ ਜੁਵਾਇਨ ਕੀਤਾ ਹੈ । ਉਹਨਾਂ ਦੀ ਨਿਯੁਕਤੀ ਨਾਲ ਔਰਤ ਵਰਗ ਜਾਗਰੂਕ ਹੋ ਰਿਹਾ ਹੈ । ਹਰਗੋਬਿੰਦ ਕੌਰ ਕੋਲ ਔਰਤਾਂ ਨੂੰ ਆਪਣੇ ਨਾਲ ਰੱਖਣ ਅਤੇ ਜੋੜਨ ਦੀ ਕਲਾ ਹੈ । ਕਿਉਂਕਿ ਉਹ ਪਹਿਲਾਂ ਹੀ ਲੱਖਾਂ ਔਰਤਾਂ ਦੀ ਆਗੂ ਹੈ । ਉਹ ਵੱਡੇ ਬੁਲਾਰੇ ਹਨ ਤੇ ਹਰ ਵਿਸ਼ੇ ਤੇ ਉਹਨਾਂ ਦੀ ਪੂਰੀ ਪਕੜ ਹੈ । 

        ਸਵਾਲ- ਪਹਿਲਾਂ ਤੁਸੀਂ ਮੁਲਾਜ਼ਮਾਂ ਦੇ ਆਗੂ ਸੀ । ਸਰਕਾਰਾਂ ਨਾਲ ਟੱਕਰ ਲਈ , ਪਰ ਹੁਣ ਸਿਆਸਤ ਵੱਲ । ਕਿਵੇਂ ਲੱਗ ਰਿਹਾ ?

   ਜਵਾਬ - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮੈਂ ਸੂਬਾ ਪ੍ਰਧਾਨ ਰਹਾਂਗੀ ਤੇ ਆਂਗਣਵਾੜੀ ਇੰਪਲਾਈਜ ਫੈਡਰੇਸ਼ਨ ਆਫ਼ ਇੰਡੀਆ ਦੀ ਕੌਮੀ ਪ੍ਰਧਾਨ ਰਹਾਂਗੀ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਹੱਕਾਂ ਖਾਤਰ ਮੈਂ ਪਹਿਲਾਂ ਵੀ ਲੜਾਈ ਲੜੀ ਹੈ ਤੇ ਹੁਣ ਵੀ ਲੜਾਂਗੀ। ਮੈਂ ਪੁਲਿਸ ਦੀਆਂ ਕੁੱਟਾਂ ਖਾਧੀਆਂ ਹਨ । ਜੇਲਾਂ ਥਾਣੇ ਵੇਖੇ ਹਨ । ਪਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ ਸਨਮਾਨ ਬਹਾਲ ਕਰਵਾਇਆ ਹੈ । ਅੱਜ ਹਰ ਵੱਡੇ ਅਧਿਕਾਰੀ ਅਤੇ ਲੋਕ ਵਰਕਰਾਂ ਤੇ ਹੈਲਪਰਾਂ ਦਾ ਸਤਿਕਾਰ ਕਰਦੇ ਹਨ । ਬਾਕੀ ਰਹੀ ਸਿਆਸਤ ਦੀ ਗੱਲ । ਉਹ ਮੈਂ ਆਪਣੀ ਮਰਜ਼ੀ ਨਾਲ ਆਈ ਹਾਂ । ਅਕਾਲੀ ਦਲ ਨੂੰ ਇਸ ਕਰਕੇ ਚੁਣਿਆ ਕਿ ਇਹ ਖੇਤਰੀ ਪਾਰਟੀ ਹੈ । ਲੋਕਾਂ ਦੀ ਪਹੁੰਚ ਵਾਲੀ ਪਾਰਟੀ ਹੈ। ਸਾਰੇ ਵਰਗਾਂ ਦੇ ਲੋਕਾਂ ਦੀ ਗੱਲ ਕਰਦੀ ਹੈ । 

    ਸਵਾਲ- ਇਸਤਰੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਅਕਾਲੀ ਦਲ ਦੀ ਮਜ਼ਬੂਤੀ ਲਈ ਸ਼ੁਰੂਆਤ ਵਿੱਚ ਕੀ ਕਰ ਰਹੇ ਹੋ ?

ਜਵਾਬ -  ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਅਹੁਦਾ ਦਿੱਤਾ ਹੈ ਤੇ ਹੁਣ ਉਹਨਾਂ ਨੂੰ ਬੋਲਣ ਲਈ ਵੱਡਾ ਪਲੇਟਫਾਰਮ ਮਿਲਿਆ ਹੈ । ਉਹ ਪਹਿਲਾਂ ਹੀ ਲੱਖਾਂ ਔਰਤਾਂ ਨਾਲ ਜੁੜੇ ਹੋਏ ਹਨ ਤੇ ਹੁਣ ਕਰੋੜਾਂ ਔਰਤਾਂ ਨੂੰ ਆਪਣੇ ਨਾਲ ਜੋੜਨਗੇ । ਪਿੰਡ ਪੱਧਰ ਤੋਂ ਲੈ ਕੇ ਇਸਤਰੀ ਅਕਾਲੀ ਦਲ ਦੀਆਂ ਇਕਾਈਆਂ ਬਣਾਈਆਂ ਜਾ ਰਹੀਆਂ ਹਨ। ਕੰਮ ਕਰਨ ਵਾਲੀਆਂ ਮਿਹਨਤੀ ਔਰਤਾਂ ਨੂੰ ਅਹੁਦੇ ਦਿੱਤੇ ਜਾ ਰਹੇ ਹਨ । ਇਸਤਰੀ ਅਕਾਲੀ ਦਲ ਦੱਬੀਆਂ ਕੁਚਲੀਆਂ ਪਈਆਂ ਔਰਤਾਂ ਦੀ ਬਾਂਹ ਫੜੇਗਾ ਅਤੇ ਉਹਨਾਂ ਦੀ ਮੱਦਦ ਅਤੇ ਸਹਾਇਤਾ ਲਈ ਅੱਗੇ ਆਵੇਗਾ । ਘਰਾਂ ਵਿੱਚ ਚੁੱਲੇ ਚੌਕੇ ਸੰਭਾਲ ਰਹੀਆਂ ਔਰਤਾਂ ਨੂੰ ਵੀ ਅਕਾਲੀ ਦਲ ਨਾਲ ਜੋੜਿਆ ਜਾਵੇਗਾ । ਅਕਾਲੀ ਦਲ ਵੱਲੋਂ ਕੀਤੇ ਗਏ ਕੰਮਾਂ ਬਾਰੇ ਦੱਸ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ । ਔਰਤਾਂ ਦੀ 50 ਪ੍ਰਤੀਸ਼ਤ ਅਬਾਦੀ ਹੈ ਤੇ ਵੱਡਾ ਵੋਟ ਬੈਂਕ ਹੈ । ਅਕਾਲੀ ਦਲ ਦੀ ਮਜ਼ਬੂਤੀ ਲਈ ਔਰਤਾਂ ਕੰਮ ਕਰਨਗੀਆਂ । ਮਜ਼ਦੂਰਾਂ , ਛੋਟੇ ਕਿਸਾਨਾਂ , ਦੁਕਾਨਦਾਰਾਂ ਅਤੇ ਹੋਰਨਾਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਆਪਣੀ ਅਵਾਜ਼ ਬੁਲੰਦ ਕਰਾਂਗੇ । 

ਸਵਾਲ - ਤੁਸੀਂ ਸਿਆਸਤ ਵਿੱਚ ਆਉਣ ਲਈ ਅਕਾਲੀ ਦਲ ਨੂੰ ਹੀ ਕਿਉਂ ਚੁਣਿਆ ?

ਜਵਾਬ - ਅਕਾਲੀ ਦਲ ਖੇਤਰੀ ਪਾਰਟੀ ਹੈ ਅਤੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ ਭਲੇ ਦੀ ਗੱਲ ਕਰਦੀ ਹੈ । ਨੈਸ਼ਨਲ ਪੱਧਰ ਤੇ ਚੱਲ ਰਹੀਆਂ ਵੱਡੀਆਂ ਪਾਰਟੀਆਂ ਖੇਤਰੀ ਪਾਰਟੀਆਂ ਨੂੰ ਖਤਮ ਕਰਨ ਤੇ ਲੱਗੀਆਂ ਹੋਈਆਂ ਹਨ । ਜਿਸ ਨਾਲ ਸੂਬਿਆਂ ਦੇ ਲੋਕਾਂ ਦਾ ਨੁਕਸਾਨ ਹੋਵੇਗਾ । ਇਸ ਨੂੰ ਬਚਾਉਣ ਦੀ ਲੋੜ ਹੈ । ਅਕਾਲੀ ਦਲ ਨੇ ਸੂਬੇ ਨੂੰ ਤਰੱਕੀ ਦੇ ਰਾਹ ਵੱਲ ਲਿਆਂਦਾ ਸੀ । ਗਰੀਬਾਂ ਲਈ ਆਟਾ ਦਾਲ ਸਕੀਮ , ਸ਼ਗਨ ਸਕੀਮ , ਬੁਢਾਪਾ ਪੈਨਸ਼ਨਾਂ ਅਤੇ ਅਨੇਕਾਂ ਹੋਰ ਸਕੀਮਾਂ ਅਕਾਲੀ ਦਲ ਦੇ ਰਾਜ ਭਾਗ ਵਿਚ ਸ਼ੁਰੂ ਹੋਈਆਂ । ਕਿਸਾਨਾਂ ਦੇ ਟਿਊਬਵੈਲਾਂ ਲਈ ਮੁਫ਼ਤ ਬਿਜਲੀ ਅਕਾਲੀ ਦਲ ਨੇ ਦਿੱਤੀ । ਪਿੰਡਾਂ ਵਿਚ ਦਾਣਾ ਮੰਡੀਆਂ , ਜਲਘਰ ਅਤੇ ਸੜਕਾਂ ਆਦਿ ਵੀ ਅਕਾਲੀਆਂ ਨੇ ਬਣਾਈਆਂ । ਹੋਰ ਵੀ ਕਈ ਸਕੀਮਾਂ ਅਕਾਲੀ ਦਲ ਨੇ ਚਲਾਈਆਂ ਸਨ ।

    ਸਵਾਲ-  ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਕੀ ਕਹੋਗੇ ?

ਜਵਾਬ - ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਸਿਰੇ ਨਹੀਂ ਚੜਾਏ ਤੇ ਲੋਕ ਲੁੱਟੇ ਹੋਏ ਮਹਿਸੂਸ ਕਰ ਰਹੇ ਹਨ । ਅਨੇਕਾਂ ਗਰੀਬ ਲੋਕਾਂ ਦੇ ਆਟਾ ਦਾਲ ਸਕੀਮ ਵਾਲੇ ਕਾਰਡ ਹੀ ਕੱਟ ਦਿੱਤੇ ਹਨ । ਜਿੰਨਾ ਦੇ ਕਾਰਡ ਹਨ ਉਹਨਾਂ ਵਿਚੋਂ ਵੀ ਅਨੇਕਾਂ ਗਰੀਬਾਂ ਨੂੰ ਕਣਕ ਨਹੀਂ ਮਿਲ ਰਹੀ । ਕਿਉਂਕਿ ਜਦੋਂ ਰਾਸ਼ਨ ਡਿਪੂਆਂ ਤੇ ਕਣਕ ਦੀਆਂ ਪਰਚੀਆਂ ਕੱਟੀਆਂ ਜਾਂਦੀਆਂ ਹਨ ਤਾਂ ਗਰੀਬਾਂ ਦੀ ਖੱਜਲਖੁਆਰੀ ਹੁੰਦੀ ਹੈ । ਦਿਨ ਚੜਨ ਤੋਂ ਲੈ ਕੇ ਦੇਰ ਰਾਤ ਤੱਕ ਲੋਕ ਲਾਈਨਾਂ ਵਿਚ ਲੱਗੇ ਰਹਿੰਦੇ ਹਨ ਅਤੇ ਫੇਰ ਜਵਾਬ ਮਿਲਦਾ ਹੈ ਕਿ ਕਣਕ ਦਾ ਸਟਾਕ ਖਤਮ ਹੋ ਗਿਆ ਹੈ ਹੈ ਤੇ ਹੁਣ ਮਸ਼ੀਨ ਨੇ ਤੁਹਾਡੀ ਪਰਚੀ ਨਹੀਂ ਕੱਟਣੀ । ਇਸੇ ਤਰ੍ਹਾਂ ਸ਼ਗਨ ਸਕੀਮ ਦੇ ਪੈਸੇ ਲੈਣ ਲਈ ਲੋਕ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਢਦੇ ਫਿਰਦੇ ਹਨ । ਬੁਢਾਪਾ ਪੈਨਸ਼ਨਾਂ ਵੀ ਅਨੇਕਾਂ ਲੋਕਾਂ ਦੀਆਂ ਕੱਟੀਆਂ ਗਈਆਂ ਹਨ ਤੇ ਅਜੇ ਹੋਰ ਕੱਟਣ ਲਈ ਪੜਤਾਲ ਚੱਲ ਰਹੀ ਹੈ । ਸਾਲ 2021 ਵਿੱਚ ਹੜਾਂ ਦੇ ਕਾਰਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਅਤੇ ਹੋਰਨਾਂ ਜ਼ਿਲਿਆਂ ਵਿਚ ਕਿਸਾਨਾਂ ਦੀਆਂ ਫਸਲਾਂ ਅਤੇ ਘਰਾਂ ਦਾ ਨੁਕਸਾਨ ਹੋਇਆ ਸੀ । ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਉਸ ਵੇਲੇ ਐਲਾਨ ਕੀਤਾ ਸੀ ਕਿ ਇਕ ਹਫਤੇ ਤੱਕ ਕਿਸਾਨਾਂ ਨੂੰ ਮੁਆਵਜ਼ਾ ਮਿਲ ਜਾਵੇਗਾ ਪਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ।

  ਸਵਾਲ - ਔਰਤਾਂ ਨੂੰ ਕੋਈ ਸੁਨੇਹਾ ?

ਜਵਾਬ - ਔਰਤਾਂ ਹੁਣ ਹਰ ਖੇਤਰ ਵਿਚ ਮਰਦਾਂ ਨਾਲੋਂ ਦੋ ਕਦਮ ਅੱਗੇ ਹਨ । ਪੜ ਲਿਖ ਗਈਆਂ ਹਨ । ਇਸ ਲਈ ਔਰਤਾਂ ਨੂੰ ਆਪਣੇ ਹੱਕਾਂ ਲਈ ਖੁਦ ਜਾਗਰੂਕ ਹੋਣਾ ਚਾਹੀਦਾ ਹੈ । ਔਰਤਾਂ ਦੀ ਭਲਾਈ ਲਈ ਚੱਲ ਰਹੀਆਂ ਸੰਸਥਾਵਾਂ ਨਾਲ ਜੁੜਨਾ ਚਾਹੀਦਾ । ਜੋ ਅਹੁਦਾ ਔਰਤਾਂ ਨੂੰ ਮਿਲਦਾ ਹੈ ਉਸ ਅਹੁਦੇ ਅਤੇ ਤਾਕਤ ਦੀ ਉਹ ਖੁਦ ਵਰਤੋਂ ਕਰਿਆ ਕਰਨ । ਧੀਆਂ ਨੂੰ ਚੰਗੀ ਵਿੱਦਿਆ ਹਾਸਲ ਕਰਵਾਈ ਜਾਵੇ । ਮੈਂ ਹਮੇਸ਼ਾਂ ਹੀ ਔਰਤਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਉਹਨਾਂ ਨਾਲ ਹਰ ਥਾਂ ਡਟ ਕੇ ਖੜਾਂਗੀ ।

ਸਵਾਲ - ਇਸਤਰੀ ਅਕਾਲੀ ਦਲ ਦਾ ਅਗਲਾ ਪ੍ਰੋਗਰਾਮ ਕੀ ਹੈ ?

ਜਵਾਬ - ਮਾਘੀ ਦੇ ਮੇਲੇ ਤੇ ਇਤਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿਖੇ ਭਾਈ ਭਾਗੋ ਨੂੰ ਸਮਰਪਿਤ ਔਰਤਾਂ ਦੀ ਵੱਡੀ ਕਾਨਫਰੰਸ 12 ਜਨਵਰੀ ਨੂੰ ਮਲੋਟ ਰੋਡ ਤੇ ਕੀਤੀ ਜਾ ਰਹੀ ਹੈ । ਜਿਸ ਵਿੱਚ ਹਜ਼ਾਰਾਂ ਔਰਤਾਂ ਸ਼ਮੂਲੀਅਤ ਕਰਨਗੀਆਂ । ਇਸ ਦੀ ਤਿਆਰੀ ਲਈ ਹਲਕਾ ਪੱਧਰ ਤੇ ਮੀਟਿੰਗਾਂ ਚੱਲ ਰਹੀਆਂ ਹਨ । ਇਹ ਪਹਿਲੀ ਵਾਰ ਹੋਵੇਗਾ ਕਿ ਮਾਘੀ ਦੇ ਮੇਲੇ ਤੇ ਔਰਤਾਂ ਦੀ ਵੱਡੀ ਕਾਨਫਰੰਸ ਹੋਵੇਗੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦਾ ਮੁੱਢ ਬੰਨੇਗੀ । ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੈ ।


Post a Comment

0Comments

Post a Comment (0)