ਮੰਗ ਕੀਤੀ ਕਿ ਰਣਜੀਤ ਸਾਗਰ ਡੈਮ ਤੇ ਮਾਧੋਪੁਰ ਹੈਡਵਰਕਸ ’ਤੇ ਕੁਪ੍ਰਬੰਧਨ ਦੀ ਨਿਰਪੱਖ ਜਾਂਚ ਹੋਵੇ
ਮੁੱਖ ਮੰਤਰੀ ਭਗਵੰਤ ਮਾਨ ਨੂੰ ਹੜ੍ਹਾਂ ਦੀ ਸਮੀਖਿਆ ਲਈ ਮੀਟਿੰਗਾਂ ਨਾ ਕਰਨ ਲਈ ਜ਼਼ਿੰਮੇਵਾਰ ਠਹਿਰਾਇਆ ਜਿਸ ਕਾਰਨ ਹੜ੍ਹ ਆਏ
ਸ੍ਰੀ ਮੁਕਤਸਰ ਸਾਹਿਬ, 22 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਅਜਨਾਲਾ ਦੇ ਹੜ੍ਹ ਮਾਰੇ ਇਲਾਕਿਆਂ ਵਿਚ ਵੰਡਣ ਵਾਸਤੇ 100 ਟਰੱਕ ਮੱਕੀ ਦੇ ਅਚਾਰ ਦੇ ਰਵਾਨਾ ਕੀਤੇ ਅਤੇ ਉਹਨਾਂ ਨੇ ਰਣਜੀਤ ਸਾਗਰ ਡੈਮ ਅਤੇ ਮਾਧੋਪੁਰ ਹੈਡਵਰਕਸ ’ਤੇ ਕੁਪ੍ਰਬੰਧਨ ਜਿਸ ਕਾਰਨ ਹੜ੍ਹ ਆਏ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਇਸ ਹਲਕੇ ਦੇ ਵੜਿੰਗ ਪਿੰਡ ਤੋਂ 100 ਟਰੱਕ ਮੱਕੀ ਦੇ ਅਚਾਰ ਦੇ ਰਵਾਨਾ ਕੀਤੇ, ਨੇ ਇਹ ਵੀ ਦੱਸਿਆ ਕਿ ਟ+ੱਕਾਂ ਵਿਚ ਤੂੜੀ ਵੀ ਹੜ੍ਹ ਪ੍ਰਭਾਵਤ ਇਲਾਕਿਆਂ ਵਾਸਤੇ ਰਵਾਨਾ ਕੀਤੀ ਗਈ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸਿਰਫ ਕੁਝ ਲੱਖ ਏਕੜ ਜ਼ਮੀਨ ਨੂੰ ਹੜ੍ਹਾਂ ਦੀ ਮਹਾਂਮਾਰੀ ਤੋਂ ਬਚਾਇਆ ਹੈ। ਉਹਨਾਂ ਕਿਹਾ ਕਿ ਰਣਜੀਤ ਸਾਗਰ ਡੈਮ ਤੋਂ ਰਾਣੀ ਛੱਡੇ ਜਾਣ ਦੀ ਰਿਪੋਰਟ ਤੋਂ ਪਤਾ ਚਲਦਾ ਹੈ ਕਿ ਸਰਕਾਰ ਨੇ ਹੜ੍ਹਾਂ ਤੋਂ 20 ਦਿਨ ਪਹਿਲਾਂ ਪਾਣੀ ਨਹੀਂ ਛੱਡਿਆ। ਉਹਨਾਂ ਕਿਹਾ ਕਿ ਬਜਾਏ ਪਾਣੀ ਨੂੰ ਸਹੀ ਤਰੀਕੇ ਛੱਡਣ ਦੇ ਸਰਕਾਰ ਨੇ ਡੈਮ ਵਿਚ ਪਾਣੀ ਇਕੱਠਾ ਕੀਤਾ ਅਤੇ ਫਿਰ ਜਦੋਂ ਇਹ ਖ਼ਤਰਨਾਕ ਪੱਧਰ ਟੱਪ ਗਿਆ ਤਾਂ ਇਹ ਛੱਡ ਦਿੱਤਾ। ਉਹਨਾਂ ਕਿਹਾ ਕਿ ਤਿੰਨ ਦਿਨਾਂ ਤੱਕ ਦੋ ਲੱਖ ਕਿਊਸਿਕ ਪਾਣੀ ਛੱਡਣ ਕਾਰਨ ਸਾਡੀ ਇਕ ਲੱਖ ਏਕੜ ਵਿਚ ਝੋਨੇ ਦੀ ਫਸਲ ਰੁੜ੍ਹ ਗਈ। ਉਹਨਾਕਿਹਾ ਕਿ ਇਸੇ ਤਰੀਕੇ ਮਾਧੋਪੁਰ ਹੈਡਵਰਕਸ ’ਤੇ ਸਰਕਾਰ ਨੇ ਜਨਵਰੀ ਤੋਂ ਬੇਨਤੀਆਂ ਦੀ ਪ੍ਰਵਾਹ ਨਹੀਂ ਕੀਤੀ ਕਿ ਮੁਰੰਮਤਾਂ ਦੀ ਜ਼ਰੂਰਤ ਹੈ ਤੇ ਇਸਨੇ ਤਿੰਨ ਲੱਖ ਕਿਊਸਿਕ ਪਾਣੀ ਇਕੋ ਵਾਰ ਵਿਚ ਛੱਡ ਦਿੱਤਾ ਜਿਸ ਕਾਰਨ ਹੈਡਵਰਕਸ ਦੇ ਗੇਟ ਟੁੱਟ ਗਏ ਤੇ ਲੋਕਾਂ ਨੂੰ ਸਰਹੱਦ ਖੇਤਰ ਵਿਚ ਮਾਰ ਝੱਲਣੀ ਪਈ। ਉਹਨਾਂ ਕਿਹਾ ਕਿ ਅਕਾਲੀ ਦਲ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਜ਼ਿੰਮੇਵਾਰੀ ਤੈਅ ਕੀਤੇ ਜਾਣ ਤੇ ਦੋਸ਼ੀ ਨੁੰ ਸਜ਼ਾ ਦੇਣ ਦੀ ਮੰਗ ਕਰਦਾ ਹੈ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਨੂੰ ਫੇਲ੍ਹ ਕਰਨ ਵਾਸਤੇ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਪਹਿਲਾਂ ਤਾਂ ਹੜ੍ਹਾਂ ਦੀ ਰੋਕਥਾਮ ਵਾਸਤੇ ਮੀਟਿੰਗਾਂ ਨਹੀਂ ਕੀਤੀਆਂ ਗਈਆਂ। ਫਿਰ ਜਦੋਂ ਹੜ੍ਹ ਆਏ ਤਾਂ ਸੂਬੇ ਵਿਚੋਂ ਸਰਕਾਰ ਗਾਇਬ ਹੋ ਗਈ। ਹੁਣ ਜਦੋਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਸਮਾਂ ਆਇਆ ਹੈ ਤਾਂ ਆਪ ਸਰਕਾਰ ਮੁਆਵਜ਼ੇ ਦੇ ਨਾਂ ’ਤੇ ਸਿਆਸੀਕਰਨ ਕਰਨ ’ਤੇ ਲੱਗੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਇਸ ਵਾਸਤੇ ਹੀ ਉਹਨਾਂ ਫੈਸਲਾ ਕੀਤਾ ਕਿ ਉਹ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਆ ਜਾ ਕੇ ਕਿਸਾਨਾਂ ਨਾਲ ਗੱਲਬਾਤ ਕਰਨਗੇ। ਉਹਨਾਂ ਕਿਹਾ ਕਿ ਉਹ ਪਾਰਟੀ ਦੇ ਅਹੁਦੇਦਾਰਾਂ ਦੇ ਧੰਨਵਾਦੀ ਹਨ ਜਿਹਨਾਂ ਨੇ ਇਸ ਪਹਿਲਕਦਮੀ ਵਿਚ ਮਦਦ ਕੀਤੀ। ਉਹਨਾਂ ਕਿਹਾ ਕਿ ਅਸੀਂ ਹਜ਼ਾਰਾਂ ਲੀਟਰ ਡੀਜ਼ਲ ਅਤੇ ਹੋਰ ਲੋੜੀਂਦੀ ਮਦਦ ਹੜ੍ਹ ਮਾਰੇ ਲੋਕਾਂ ਨੂੰ ਪ੍ਰਦਾਨ ਕੀਤੀ ਹੈ। ਉਹਨਾਂ ਕਿਹਾ ਕਿ ਹੁਣ ਅਸੀਂ ਮੱਕੀ ਦਾ ਅਚਾਰ ਤੇ ਤੂੜੀ ਪ੍ਰਦਾਨ ਕਰਨੀ ਸ਼ੁਰੂ ਕੀਤੀ ਹੈ ਜੋ ਸਾਨੂੰ 8 ਕਰੋੜ ਰੁਪਏ ਵਿਚ ਪੈ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਇਕ ਲੱਖ ਏਕੜ ਵਿਚ ਬਿਜਾਈ ਵਾਸਤੇ ਸਰਟੀਫਾਈਡ ਬੀਜ ਪ੍ਰਦਾਨ ਕਰਨ ਦਾ ਵੀ ਫੈਸਲਾ ਕੀਤਾ ਹੈ ਤੇ ਨਾਲ ਹੀ ਅਸੀਂ 50 ਹਜ਼ਾਰ ਗਰੀਬ ਪਰਿਵਾਰਾਂ ਨੂੰ ਕਣਕ ਵੀ ਪ੍ਰਦਾਨ ਕਰਾਂਗੇ। ਉਹਨਾਂ ਇਹ ਵੀ ਦੱਸਿਆ ਕਿ ਅਕਾਲੀ ਦਲ ਦੇ ਯੂਥ ਵਰਕਰ ਪ੍ਰਭਾਵਤ ਇਲਾਕਿਆਂ ਵਿਚ ਇਕ ਮਹੀਨੇ ਤੱਕ ਡੀਫੋਗਿੰਗ ਕਰਨਗੇ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਲੋਕਾਂ ਦੀ ਮਦਦ ਵਾਸਤੇ ਨਿੱਤਰੇ ਤੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਨੂੰ ਦੋ ਲੱਖ ਏਕੜ ਵਾਸਤੇ ਸਰਟੀਫਾਈਡ ਬੀਜ ਪ੍ਰਦਾਨ ਕਰਨੇ ਚਾਹੀਦੇ ਹਨ ਅਤੇ ਨਾਲ ਹੀ ਡੀ ਏ ਪੀ ਖਾਦ ਵੀ ਪ੍ਰਦਾਨ ਕਰਨੀ ਚਾਹੀਦੀ ਹੈ।
ਇਸ ਮੌਕੇ ਸੀਨੀਅਰ ਆਗੂ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਤੇਜਿੰਦਰ ਸਿੰਘ ਮਿੱਡੂਖੇੜਾ,ਹਰਪ੍ਰੀਤ ਸਿੰਘ ਕੋਟਭਾਈ, ਮਨਜਿੰਦਰ ਬਿੱਟੂ, ਪ੍ਰੀਤਇੰਦਰ ਸਿੰਘ ਸੰਮੇਵਾਲੀ, ਅਕਾਸ਼ਦੀਪ ਸਿੰਘ ਮਿੱਡੂਖੇੜਾ, ਲੱਪੀ ਐਨਾਖੇੜਾ, ਨਵਜਿੰਦਰ ਮਾਨ, ਪਰਮਿੰਦਰ ਕੋਲਿਆਂਵਾਲੀ, ਹਨੀ ਫੱਤਣਵਾਲਾ ਸਮੇਤ ਹੋਰ ਆਗੂ ਹਾਜ਼ਰ ਸਨ।