ਮਾਨਸਾ, 8 ਸਤੰਬਰ : ਪਿਛਲੇ ਦਿਨਾਂ ਦੌਰਾਨ ਪਏ ਭਾਰੀ ਮੀਂਹ ਕਾਰਨ ਖਿਆਲਾ ਕਲਾਂ ਵਿੱਚ ਦੋ ਮਕਾਨਾਂ ਦੀਆਂ ਛੱਤਾਂ ਡਿੱਗ ਪਈਆਂ। ਬਜੁਰਗ ਬਲਦੇਵ ਸਿੰਘ( 65 ) ਛੱਤ ਦੇ ਮਲਬੇ ਹੇਠ ਆਉਂਣ ਕਰਕੇ ਗੰਭੀਰ ਜਖਮੀ ਹੋ ਗਿਆ ਜਿਸਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਜਗਦੇਵ ਸਿੰਘ ਅਤੇ ਜਾਗਰ ਸਿੰਘ ਨੇ ਦੱਸਿਆ ਕਿ ਬਜੁਰਗ ਬਲਦੇਵ ਸਿੰਘ ਆਪਣੇ ਘਰ ਸੁੱਤਾ ਹੋਇਆ ਸੀ । ਸਵੇਰੇ ਪੰਜ ਕੁ ਵਜੇਂ ਛੱਤ ਤੋਂ ਸੀਮਿੰਟ ਦੇ ਖਲੇਪੜ ਢਿੱਗਣ ਲੱਗ ਪਏ। ਕਾਹਲੀ ਨਾਲ ਅਜੇ ਬਲਦੇਵ ਸਿੰਘ ਬਾਹਰ ਵੱਲ ਤੁਰਿਆ ਹੀ ਸੀ ਕਿ ਕਮਰੇ ਦੀ ਛੱਤ ਡਿੱਗ ਪਈ। ਖੜਕਾ ਸੁਣਕੇ ਬਲਦੇਵ ਸਿੰਘ ਦਾ ਪੁੱਤਰ ਜਗਸੀਰ ਸਿੰਘ ਤੇ ਨੂੰਹ ਪਰਮਜੀਤ ਕੌਰ ਨੇ ਜਦੋਂ ਵੇਖਿਆ ਤਾਂ ਮਕਾਨ ਢਹਿ ਢੇਰੀ ਹੋ ਚੁੱਕਾ ਸੀ। ਰੌਲ ਸੁਣਕੇ ਪੁੱਜੇ ਆਂਢੀਆਂ ਗੁਆਂਢੀਆਂ ਨੇ ਮਲਬੇ ਹੇਠ ਦੱਬੇ ਬਲਦੇਵ ਸਿੰਘ ਨੂੰ ਬਾਹਰ ਕੱਢਿਆ ਅਤੇ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲੈ ਕੇ ਗਏ। ਬਲਦੇਵ ਸਿੰਘ ਹਸਪਤਾਲ ਵਿੱਚ ਜੇਰੇ ਇਲਾਜ ਹੈ। ਜਗਸੀਰ ਸਿੰਘ ਅਤੇ ਪਰਮਜੀਤ ਕੌਰ ਨੇ ਦੱਸਿਆ ਸਾਡੇ ਮਕਾਨ ਦੀ ਬਹੁਤ ਖਸਤਾ ਹਾਲਤ ਹੈ। ਅਸੀਂ ਕਈ ਵਾਰ ਪੰਚਾਇਤ ਅਤੇ ਸਰਕਾਰ ਨੂੰ ਬੇਨਤੀ ਵੀ ਕਰ ਚੁੱਕੇ ਹਾਂ ਪਰ ਅਜੇ ਤੱਕ ਕਿਸੇ ਨੇ ਵੀ ਸਾਡੀ ਮੱਦਦ ਨਹੀਂ ਕੀਤੀ।
ਦੂਜੀ ਘਟਨਾ ਵਿੱਚ ਪਰਮਜੀਤ ਕੌਰ ਪੁੱਤਰੀ ਚੰਦ ਸਿੰਘ ਦਾ ਮਕਾਨ ਡਿੱਗ ਪਿਆ। ਮਾੜੀ ਹਾਲਤ ਹੋਣ ਕਾਰਨ ਪਰਿਵਾਰ ਨੇ ਇਸ ਕਮਰੇ ਵਿੱਚ ਵੜਨਾ ਹੀ ਰੋਕ ਦਿੱਤਾ ਸੀ ਜਿਸ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪਰਮਜੀਤ ਕੌਰ ਨੇ ਦੱਸਿਆ ਕਿ ਉਸ ਕੋਲ ਦੋ ਹੀ ਕਮਰੇ ਸਨ । ਇੱਕ ਡਿੱਗ ਪਿਆ ਹੈ ਅਤੇ ਦੂਸਰਾ ਡਿਗਣ ਵਾਲਾ ਹੈ। ਉਸਨੇ ਪ੍ਰਸ਼ਾਸਨ ਨੂੰ ਗੁਹਾਰ ਲਾਈ ਕਿ ਉਸਨੂੰ ਸਿਰ ਢਕਣ ਯੋਗ ਛੱਤ ਦਿੱਤੀ ਜਾਵੇ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੇ ਕਾਮਰੇਡ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਸਰਕਾਰ ਮੀਂਹ ਕਾਰਨ ਗਰੀਬ ਪਰਿਵਾਰਾਂ ਦਾ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੈ। ਵੱਡੀ ਗਿਣਤੀ ਮਕਾਨ ਡਿੱਗੇ ਹਨ, ਹੋਰ ਬਹੁਤ ਨੁਕਸਾਨੇ ਗਏ ਹਨ। ਤ੍ਰੇੜਾਂ ਤਾਂ ਹਰ ਘਰ ਵਿੱਚ ਹੀ ਪੈ ਗਈਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਲਦੇਵ ਸਿੰਘ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਉਸਦਾ ਇਲਾਜ ਕਰਵਾਇਆ ਜਾਵੇ ਅਤੇ ਬਲਦੇਵ ਸਿੰਘ ਸਮੇਤ ਪਰਮਜੀਤ ਕੌਰ ਦਾ ਮਕਾਨ ਬਣਾ ਕੇ ਦਿੱਤਾ ਜਾਵੇ।